ਵਿਰੋਧੀ ਨੇਤਾਵਾਂ ’ਤੇ ਪ੍ਰਧਾਨ ਮੰਤਰੀ ਦੇ ਹਮਲੇ ਤੋਂ ਸ਼ਰਦ ਪਵਾਰ ਨਾਰਾਜ਼
Wednesday, Jun 28, 2023 - 11:40 AM (IST)
ਪੁਣੇ, (ਭਾਸ਼ਾ)- ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੇ ਪ੍ਰਧਾਨ ਸ਼ਰਦ ਪਵਾਰ ਨੇ ਮੰਗਲਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਿਚਾਰ ਕਰਨਾ ਚਾਹੀਦਾ ਹੈ ਕਿ ਕੀ ਮੌਜੂਦਾ ਅਤੇ ਸਾਬਕਾ ਮੁੱਖ ਮੰਤਰੀਆਂ ਖਿਲਾਫ ਇਸ ਤਰ੍ਹਾਂ ਬੋਲਣਾ ਉਚਿਤ ਹੈ। ਭੋਪਾਲ ’ਚ ਆਯੋਜਿਤ ਇਕ ਪ੍ਰੋਗਰਾਮ ’ਚ ਵਿਰੋਧੀ ਨੇਤਾਵਾਂ ਖਿਲਾਫ ਪ੍ਰਧਾਨ ਮੰਤਰੀ ਦੇ ਤਿੱਖੇ ਹਮਲੇ ਤੋਂ ਬਾਅਦ ਪਵਾਰ ਦਾ ਇਹ ਬਿਆਨ ਸਾਹਮਣੇ ਆਇਆ।
ਮੋਦੀ ਨੇ ਦਿਨ ਦੀ ਸ਼ੁਰੂਆਤ ’ਚ ਭਾਜਪਾ ਦੇ ਖਿਲਾਫ ਸਾਂਝਾ ਮੋਰਚਾ ਬਣਾਉਣ ਦੀ ਇੱਛਾ ਨਾਲ ਪਟਨਾ ’ਚ ਆਯੋਜਿਤ ਬੈਠਕ ’ਚ ਭਾਗ ਲੈਣ ਵਾਲੀਆਂ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਗਿਣਾਇਆ ਸੀ। ਪਵਾਰ ਨੇ ਵਿਅੰਗ ਕਰਦੇ ਹੋਏ ਕਿਹਾ, ‘‘ਪ੍ਰਧਾਨ ਮੰਤਰੀ ਨੇ ਦੇਸ਼ ਦੇ ਸਾਹਮਣੇ ਇਕ ਨਵੀਂ ਉਦਾਹਰਣ ਪੇਸ਼ ਕੀਤੀ ਹੈ ਕਿ ਲੋਕਾਂ ਬਾਰੇ ਗੱਲ ਕਿਵੇਂ ਕਰਦੇ ਹਨ। ਵਿਰੋਧੀ ਧਿਰ ਦੀ ਬੈਠਕ ’ਚ ਸ਼ਾਮਲ ਲੋਕਾਂ ’ਚ ਤਮਿਲਨਾਡੂ ਦੇ ਮੁੱਖ ਮੰਤਰੀ ਸਮੇਤ ਕਈ ਸਾਬਕਾ ਮੁੱਖ ਮੰਤਰੀ ਸ਼ਾਮਲ ਸਨ, ਜਿਨ੍ਹਾਂ ਕੋਲ ਆਪਣੇ-ਆਪਣੇ ਸੂਬਿਆਂ ’ਤੇ ਸ਼ਾਸਨ ਕਰਨ ਦੀ ਜ਼ਿੰਮੇਵਾਰੀ ਸੀ ਅਤੇ ਜਿਨ੍ਹਾਂ ਨੂੰ ਲੋਕਾਂ ਦਾ ਸਮਰਥਨ ਪ੍ਰਾਪਤ ਹੈ। ਆਪਣੇ ਸਹਿ-ਕਰਮਚਾਰੀਆਂ ਬਾਰੇ ਅਜਿਹੇ ਬਿਆਨ ਦੇਣਾ ਕਿੰਨਾ ਉਚਿਤ ਹੈ? ਪ੍ਰਧਾਨ ਮੰਤਰੀ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ।’’
ਰਾਕਾਂਪਾ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ਾਂ ਬਾਰੇ ਗੱਲ ਕਰਦਿਆਂ ਮੋਦੀ ਵੱਲੋਂ ਮਹਾਰਾਸ਼ਟਰ ਰਾਜ ਸਹਿਕਾਰੀ ਬੈਂਕ ਘਪਲੇ ਦਾ ਜ਼ਿਕਰ ਕੀਤੇ ਜਾਣ ’ਤੇ ਪਵਾਰ ਨੇ ਕਿਹਾ ਕਿ ਉਹ ਕਦੇ ਵੀ ਇਸ ਬੈਂਕ ਦੇ ਮੈਂਬਰ ਨਹੀਂ ਸਨ।