JNU ਨੂੰ ਮਿਲੀ ਪਹਿਲੀ ਵਾਈਸ ਚਾਂਸਲਰ, ਸ਼ਾਂਤੀਸ਼੍ਰੀ ਪੰਡਿਤ ਨੂੰ ਮਿਲੀ ਇਹ ਜ਼ਿੰਮੇਵਾਰੀ
Monday, Feb 07, 2022 - 01:48 PM (IST)
ਨਵੀਂ ਦਿੱਲੀ (ਭਾਸ਼ਾ)- ਸ਼ਾਂਤੀਸ਼੍ਰੀ ਧੂਲੀਪੁੜੀ ਪੰਡਿਤ ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇ.ਐੱਨ.ਯੂ.) ਦੀ ਪਹਿਲੀ ਮਹਿਲਾ ਕੁਲਪਤੀ (ਵਾਈਸ ਚਾਂਸਲ) ਹੋਵੇਗੀ। ਸਿੱਖਿਆ ਮੰਤਰਾਲਾ (ਐੱਮ.ਓ.ਆਈ.) ਨੇ ਉਨ੍ਹਾਂ ਨੂੰ ਸੋਮਵਾਰ ਇਸ ਅਹੁਦੇ 'ਤੇ ਨਿਯੁਕਤ ਕੀਤਾ। ਪੰਡਿਤ ਮੌਜੂਦਾ ਸਮੇਂ ਮਹਾਰਾਸ਼ਟਰ 'ਚ ਸਾਵਿਤਰੀਬਾਈ ਫੁਲੇ ਯੂਨੀਵਰਸਿਟੀ ਦੀ ਕੁਲਪਤੀ ਹੈ। ਪੰਡਿਤ (59) ਜੇ.ਐੱਨ.ਯੂ. ਦੀ ਸਾਬਕਾ ਵਿਦਿਆਰਥਣ ਵੀ ਹੈ, ਜਿੱਥੋਂ ਉਨ੍ਹਾਂ ਨੇ ਐੱਮਫਿਲ ਦੇ ਨਾਲ-ਨਾਲ ਅੰਤਰਰਾਸ਼ਟਰੀ ਸੰਬੰਧਾਂ 'ਚ ਪੀ.ਐੱਚ.ਡੀ. ਦੀ ਉਪਾਧੀ ਹਾਸਲ ਕੀਤੀ ਹੈ। ਸਿੱਖਿਆ ਮੰਤਰਾਲਾ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ,''ਰਾਸ਼ਟਰਪਤੀ ਅਤੇ ਯੂਨੀਵਰਸਿਟੀ ਦੇ ਚਾਂਸਲਰ ਰਾਮਨਾਥ ਕੋਵਿੰਦ ਨੇ ਜੇ.ਐੱਨ.ਯੂ. ਦੇ ਕੁਲਪਤੀ ਵਜੋਂ ਸ਼ਾਂਤੀਸ਼੍ਰੀ ਧੁਲੀਪੁੜੀ ਦੀ ਨਿਯੁਕਤੀ ਨੂੰ ਮਨਜ਼ੂਰੀ ਦਿੱਤੀ ਹੈ। ਉਨ੍ਹਾਂ ਦੀ ਨਿਯੁਕਤੀ 5 ਸਾਲਾਂ ਲਈ ਹੋਵੇਗੀ।''
ਪੰਡਿਤ ਨੇ ਆਪਣੇ ਸਿੱਖਿਆ ਕਰੀਅਰ ਦੀ ਸ਼ੁਰੂਆਤ 1988 'ਚ ਗੋਆ ਯੂਨੀਵਰਸਿਟੀ ਤੋਂ ਕੀਤੀ ਅਤੇ 1993 'ਚ ਪੁਣੇ ਯੂਨੀਵਰਸਿਟੀ ਚਲੀ ਗਈ। ਉਨ੍ਹਾਂ ਨੇ ਵੱਖ-ਵੱਖ ਸਿੱਖਿਆ ਬਾਡੀਆਂ 'ਚ ਪ੍ਰਸ਼ਾਸਨਿਕ ਅਹੁਦਿਆਂ 'ਤੇ ਕੰਮ ਕੀਤਾ ਹੈ। ਉਹ ਯੂਨੀਵਰਸਿਟੀ ਗਰਾਂਟ ਕਮਿਸ਼ਨ (ਯੂ.ਜੀ.ਸੀ.), ਭਾਰਤੀ ਸਮਾਜਿਕ ਵਿਗਿਆਨ ਖੋਜ ਪ੍ਰੀਸ਼ਦ (ਆਈ.ਸੀ.ਐੱਸ.ਐੱਸ.ਆਰ.) ਦੀ ਮੈਂਬਰ ਅਤੇ ਕੇਂਦਰੀ ਯੂਨੀਵਰਸਿਟੀਆਂ ਲਈ ਵਿਜ਼ੀਟਰ ਵਲੋਂ ਨਾਮਜ਼ਦਗੀ ਵੀ ਰਹੀ ਹੈ। ਆਪਣੇ ਕਰੀਅਰ 'ਚ ਉਨ੍ਹਾਂ ਨੇ 29 ਖੋਜਕਰਤਾਵਾਂ ਨੂੰ ਨਿਰਦੇਸ਼ਿਤ ਕੀਤਾ ਹੈ। ਪਿਛਲੇ ਸਾਲ ਜੇ.ਐੱਨ.ਯੂ. ਦੇ ਕੁਲਪਤੀ ਵਜੋਂ ਆਪਣੇ 5 ਸਾਲ ਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਐੱਮ. ਜਗਦੀਸ਼ ਕੁਮਾਰ ਕਾਰਜਵਾਹਕ ਕੁਲਪਤੀ ਵਜੋਂ ਜ਼ਿੰਮੇਵਾਰੀਆਂ ਨਿਭਾ ਰਹੇ ਸਨ। ਕੁਮਾਰ ਨੂੰ ਹੁਣ ਯੂਨੀਵਰਸਿਟੀ ਗਰਾਂਟ ਕਮਿਸ਼ਨਰ (ਯੂ.ਜੀ.ਸੀ.) ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।