ਇਨਸਾਨੀਅਤ ਸ਼ਰਮਸਾਰ ! ਅੱਧੀ ਰਾਤੀਂ ਕਬਰਸਤਾਨ ''ਚ ਵੜੇ ਨੌਜਵਾਨਾਂ ਨੇ ਪੁੱਟ ਲਈ ਕਬਰ, ਲਾਸ਼ ਕੱਢ...
Tuesday, Jun 23, 2026 - 01:45 PM (IST)
ਨੈਸ਼ਨਲ ਡੈਸਕ- ਤਾਮਿਲਨਾਡੂ ਦੇ ਕੋਇੰਬਟੂਰ ਸ਼ਹਿਰ ਤੋਂ ਇੱਕ ਬਹੁਤ ਹੀ ਹੈਰਾਨ ਤੇ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਸ਼ਮਸ਼ਾਨਘਾਟ 'ਚ ਕਬਰ ਪੁੱਟ ਕੇ ਦਫ਼ਨਾਈ ਗਈ ਲਾਸ਼ ਦੀ ਸੋਨੇ ਦੀ ਚੇਨ ਚੋਰੀ ਕਰ ਲਈ ਹੈ। ਇਸ ਮਾਮਲੇ 'ਚ ਪੀਲਾਮੇਡੂ ਪੁਲਸ ਨੇ 3 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਜਾਣਕਾਰੀ ਅਨੁਸਾਰ ਸੌਰੀਪਾਲਯਮ ਦੇ ਰਹਿਣ ਵਾਲੇ 56 ਸਾਲਾ ਨਾਗਰਾਜ, ਜੋ ਕਿ ਮੱਛੀਆਂ ਵੇਚਦਾ ਸੀ, ਦੀ 6 ਜੂਨ ਨੂੰ ਮੌਤ ਹੋ ਗਈ ਸੀ। ਨਾਗਰਾਜ ਨੂੰ ਇੱਕ ਸੋਨੇ ਦੀ ਚੇਨ ਬਹੁਤ ਪਸੰਦ ਸੀ, ਜਿਸ 'ਚ ਮੱਛੀ ਦੇ ਆਕਾਰ ਦਾ ਪੈਂਡੈਂਟ ਸੀ। ਪਰਿਵਾਰ ਨੇ ਭਾਵੁਕ ਹੋ ਕੇ ਉਸ ਦੀ ਮੌਤ ਤੋਂ ਬਾਅਦ ਉਹ ਚੇਨ ਨਹੀਂ ਉਤਾਰੀ ਅਤੇ ਚੇਨ ਸਮੇਤ ਹੀ ਲਾਸ਼ ਨੂੰ ਦਫ਼ਨਾ ਦਿੱਤਾ ਸੀ।
ਇਹ ਵੀ ਪੜ੍ਹੋ- ਸਟਾਰਮਰ ਦੇ ਅਸਤੀਫ਼ੇ ਮਗਰੋਂ ਕੌਣ ਸੰਭਾਲੇਗਾ ਬ੍ਰਿਟੇਨ ਦੀ ਕਮਾਨ ? ਸਭ ਤੋਂ ਉਪਰ ਹੈ ਇਹ ਨਾਂ
ਜਦੋਂ 19 ਜੂਨ ਨੂੰ ਮ੍ਰਿਤਕ ਦੇ ਪਰਿਵਾਰਕ ਮੈਂਬਰ 16ਵੇਂ ਦਿਨ ਦੀਆਂ ਰਸਮਾਂ ਨਿਭਾਉਣ ਲਈ ਕਬਰਸਤਾਨ ਪਹੁੰਚੇ, ਤਾਂ ਉਨ੍ਹਾਂ ਦੇਖਿਆ ਕਿ ਕਬਰ ਦੀ ਮਿੱਟੀ ਪੁੱਟੀ ਹੋਈ ਸੀ। ਸ਼ੱਕ ਹੋਣ 'ਤੇ ਜਦੋਂ ਉਨ੍ਹਾਂ ਨੇ ਉੱਥੋਂ ਦੇ ਕੇਅਰਟੇਕਰ ਕਾਰਤੀਕੇਅਨ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ, ਤਾਂ ਸਾਰੀ ਸੱਚਾਈ ਸਾਹਮਣੇ ਆ ਗਈ।
ਕੇਅਰਟੇਕਰ ਨੇ ਕਬੂਲਿਆ ਕਿ ਸ਼ਕਤੀਵੇਲ ਅਤੇ ਮਣਿਕੰਦਨ ਨਾਂ ਦੇ ਦੋ ਨੌਜਵਾਨਾਂ ਨੇ 16 ਜੂਨ ਦੀ ਰਾਤ ਨੂੰ ਕਬਰਸਤਾਨ ਦੀ ਕੰਧ ਟੱਪ ਕੇ ਕਬਰ ਪੁੱਟੀ ਅਤੇ ਲਾਸ਼ ਦੇ ਗਲ਼ੇ 'ਚੋਂ ਲਗਭਗ 3.5 ਤੋਲੇ ਦੀ ਸੋਨੇ ਦੀ ਚੇਨ ਕੱਢ ਲਈ। ਇਸ ਤੋਂ ਬਾਅਦ ਉਨ੍ਹਾਂ ਨੇ ਚੇਨ ਨੂੰ ਤੇਜ਼ਾਬ ਨਾਲ ਸਾਫ਼ ਕੀਤਾ, ਪਿਘਲਾ ਕੇ ਵੇਚ ਦਿੱਤਾ ਅਤੇ ਚੋਰੀ ਦੇ ਪੈਸੇ ਆਪਸ ਵਿੱਚ ਵੰਡ ਲਏ।
ਮਾਮਲੇ ਦੀ ਸੱਚਾਈ ਸਾਹਮਣੇ ਆਉਣ ਮਗਰੋਂ ਮ੍ਰਿਤਕ ਦੇ ਪੁੱਤਰ ਵੈਂਕਟੇਸ਼ ਦੀ ਸ਼ਿਕਾਇਤ 'ਤੇ ਪੁਲਸ ਨੇ ਸ਼ਕਤੀਵੇਲ, ਮਣਿਕੰਦਨ ਅਤੇ ਕਾਰਤੀਕੇਅਨ ਖ਼ਿਲਾਫ਼ ਕਬਰ ਨਾਲ ਛੇੜਛਾੜ ਕਰਨ ਅਤੇ ਚੋਰੀ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕਰ ਲਿਆ ਹੈ। ਇਸ ਘਟਨਾ ਦਾ ਪਤਾ ਲੱਗਣ 'ਤੇ ਗੁੱਸੇ ਵਿੱਚ ਆਏ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਮੁਲਜ਼ਮ ਮਣਿਕੰਦਨ ਨੂੰ ਇੱਕ ਕਮਿਊਨਿਟੀ ਹਾਲ ਵਿੱਚ ਬੰਦ ਕਰ ਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਜਿਸ ਕਾਰਨ ਉਹ ਹਸਪਤਾਲ ਵਿੱਚ ਭਰਤੀ ਹੈ। ਪੁਲਸ ਨੇ ਕੁੱਟਮਾਰ ਕਰਨ ਦੇ ਦੋਸ਼ ਵਿੱਚ ਮ੍ਰਿਤਕ ਦੇ 3 ਰਿਸ਼ਤੇਦਾਰਾਂ ਖ਼ਿਲਾਫ਼ ਵੀ ਇੱਕ ਵੱਖਰਾ ਕੇਸ ਦਰਜ ਕੀਤਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
