ਡੀ. ਐੱਮ. ਕੇ. ਅਤੇ ‘ਕਾਂਗਰਸ 2-ਜੀ, 3-ਜੀ, 4-ਜੀ’ ਪਾਰਟੀਆਂ : ਸ਼ਾਹ
Monday, Jun 12, 2023 - 02:20 PM (IST)
ਵੇਲੂਰ, (ਅਨਸ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੰਸ਼ਵਾਦ ਦੀ ਰਾਜਨੀਤੀ ਅਤੇ ਭ੍ਰਿਸ਼ਟਾਚਾਰ ਨੂੰ ਲੈ ਕੇ ਐਤਵਾਰ ਨੂੰ ਕਾਂਗਰਸ ਅਤੇ ਦ੍ਰਵਿੜ ਮੁਨੇਤਰ ਕਸ਼ਗਮ (ਡੀ. ਐੱਮ. ਕੇ.) ਨੂੰ ‘2-ਜੀ, 3-ਜੀ, 4-ਜੀ’ ਪਾਰਟੀਆਂ ਕਰਾਰ ਦਿੰਦੇ ਹੋਏ ਕਿਹਾ ਕਿ ਤਮਿਲਨਾਡੂ ’ਚ ਇਨ੍ਹਾਂ ਨੂੰ ਪੁੱਟ ਸੁੱਟਣ ਅਤੇ ‘ਧਰਤੀ ਪੁੱਤਰ’ ਨੂੰ ਸੱਤਾ ਦੇਣ ਦਾ ਸਮਾਂ ਆ ਗਿਆ ਹੈ।
ਭਾਜਪਾ ਦੀ ਅਗਵਾਈ ਵਾਲੇ ਰਾਸ਼ਟਰੀ ਜਨਤੰਤਰਿਕ ਗਠਜੋੜ (ਰਾਜਗ) ਸਰਕਾਰ ਦੇ 9 ਸਾਲ ਦੀਆਂ ਪ੍ਰਾਪਤੀਆਂ ਨੂੰ ਦਰਸਾਉਣ ਲਈ ਇੱਥੇ ਆਯੋਜਿਤ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ, ‘‘ਕਾਂਗਰਸ ਅਤੇ ਡੀ. ਐੱਮ. ਕੇ. 2-ਜੀ, 3-ਜੀ, 4-ਜੀ ਪਾਰਟੀਆਂ ਹਨ। ਮੈਂ 2-ਜੀ (ਸਪੈਕਟਰਮ ਵੰਡ ਘਪਲੇ) ਦੀ ਗੱਲ ਨਹੀਂ ਕਰ ਰਿਹਾ ਹਾਂ। 2-ਜੀ ਦਾ ਮਤਲੱਬ 2 ਪੀੜ੍ਹੀ, 3-ਜੀ ਦਾ ਮਤਲੱਬ 3 ਪੀੜ੍ਹੀ ਅਤੇ 4-ਜੀ ਦਾ ਮਤਲੱਬ 4 ਪੀੜ੍ਹੀ ਹੈ।’’
ਸ਼ਾਹ ਨੇ ਦੋਨਾਂ ਪਾਰਟੀਆਂ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਮਾਰਨ ਪਰਿਵਾਰ (ਡੀ. ਐੱਮ. ਕੇ. ਦਾ) 2 ਪੀੜ੍ਹੀਆਂ ਤੋਂ ਭ੍ਰਿਸ਼ਟਾਚਾਰ ਕਰ ਰਿਹਾ ਹੈ। ਕਰੁਣਾਨਿਧੀ ਪਰਵਾਰ 3 ਪੀੜ੍ਹੀਆਂ ਤੋਂ ਭ੍ਰਿਸ਼ਟਾਚਾਰ ਕਰ ਰਿਹਾ ਹੈ। ਗਾਂਧੀ ਪਰਿਵਾਰ 4-ਜੀ ਹੈ। ਰਾਹੁਲ ਗਾਂਧੀ ਚੌਥੀ ਪੀੜ੍ਹੀ ਹਨ ਅਤੇ 4 ਪੀੜ੍ਹੀਆਂ ਤੋਂ ਉਹ ਸੱਤਾ ਦਾ ਆਨੰਦ ਮਾਣ ਰਹੇ ਹਾਂ। ਉਨ੍ਹਾਂ ਕਿਹਾ ਕਿ ਸਮਾਂ ਆ ਗਿਆ ਹੈ ਕਿ 2-ਜੀ, 3-ਜੀ, 4-ਜੀ ਨੂੰ ਬਾਹਰ ਕਰ ਦਿੱਤਾ ਜਾਵੇ ਅਤੇ ਤਮਿਲਨਾਡੂ ਦੀ ਸੱਤਾ ਧਰਤੀ ਪੁੱਤਰ ਨੂੰ ਦਿੱਤੀ ਜਾਵੇ।
ਸ਼ਾਹ ਨੇ ਲੋਕਾਂ ਨੂੰ ਪੁੱਛਿਆ ਕਿ ਆਰਟੀਕਲ 370 ਨੂੰ ਹਟਾਇਆ ਜਾਣਾ ਚਾਹੀਦਾ ਸੀ ਜਾਂ ਨਹੀਂ ਅਤੇ ਕਸ਼ਮੀਰ ਸਾਡਾ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਡੀ. ਐੱਮ. ਕੇ. ਦੋਵਾਂ ਨੇ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੇ ਆਰਟੀਕਲ ਨੂੰ ਰੱਦ ਕਰਨ ਦਾ ਵਿਰੋਧ ਕੀਤਾ ਸੀ। 5 ਅਗਸਤ 2019 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਰਟੀਕਲ 370 ਨੂੰ ਖ਼ਤਮ ਕਰ ਕੇ ਕਸ਼ਮੀਰ ਨੂੰ ਭਾਰਤ ਨਾਲ ਮਿਲਾ ਦਿੱਤਾ।
ਭਵਿੱਖ ’ਚ ਇਕ ਤਮਿਲ ਨੂੰ ਪ੍ਰਧਾਨ ਮੰਤਰੀ ਬਣਾਉਣ ਦੀ ਪੈਰਵੀ ਕੀਤੀ
ਅਮਿਤ ਸ਼ਾਹ ਨੇ ਵੇਲੂਰ ’ਚ ਪ੍ਰਦੇਸ਼ ਭਾਜਪਾ ਅਹੁਦੇਦਾਰਾਂ ਨਾਲ ਬੰਦ ਕਮਰੇ ’ਚ ਹੋਈ ਬੈਠਕ ’ਚ ਭਵਿੱਖ ’ਚ ਇਕ ਤਮਿਲ ਨੂੰ ਪ੍ਰਧਾਨ ਮੰਤਰੀ ਬਣਾਉਣ ਦੀ ਪੈਰਵੀ ਕੀਤੀ। ਸ਼ਾਹ ਨੇ ਕਿਹਾ ਕਿ ਅਜਿਹਾ ਮੌਕਾ ਪਹਿਲਾਂ 2 ਵਾਰ ਗੁਆਇਆ ਜਾ ਚੁੱਕਾ ਹੈ। ਸ਼ਾਹ ਨੇ ਇਸ ਦੇ ਲਈ ਸੱਤਾਧਿਰ ਦ੍ਰਵਿੜ ਮੁਨੇਤਰ ਕਸ਼ਗਮ (ਡੀ. ਐੱਮ. ਕੇ.) ਨੂੰ ਦੋਸ਼ੀ ਠਹਿਰਾਇਆ। ਸ਼ਾਹ ਨੇ ਭਾਜਪਾ ਅਹੁਦੇਦਾਰਾਂ ਨੂੰ 2024 ਦੀਆਂ ਲੋਕ ਸਭਾ ਚੋਣਾਂ ’ਚ ਤਮਿਲਨਾਡੂ ਤੋਂ 20 ਤੋਂ ਵੱਧ ਸੀਟਾਂ ਜਿੱਤਣ ਦੀ ਦਿਸ਼ਾ ’ਚ ਕੰਮ ਕਰਨ ਅਤੇ ਇਸ ਮਕਸਦ ਲਈ ਬੂਥ ਕਮੇਟੀਆਂ ਨੂੰ ਮਜਬੂਤ ਕਰਨ ਦਾ ਵੀ ਸੱਦਾ ਦਿੱਤਾ।