''''SIR ਦੀ ਸਾਜ਼ਿਸ਼ ਲੋਕਤੰਤਰ ਲਈ ਸਭ ਤੋਂ ਵੱਡਾ ਖਤਰਾ'''', ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ’ਚ ਕਈ ਮਤੇ ਪਾਸ
Thursday, Sep 25, 2025 - 10:10 AM (IST)

ਨੈਸ਼ਨਲ ਡੈਸਕ-ਕਾਂਗਰਸ ਵਰਕਿੰਗ ਕਮੇਟੀ ਨੇ ਬੁੱਧਵਾਰ ਨੂੰ ਦੋਸ਼ ਲਾਇਆ ਕਿ ਸਪੈਸ਼ਲ ਇੰਟੈਂਸਿਵ ਰੀਵਿਊ (ਐੱਸ. ਆਈ. ਆਰ.) ਸਾਜ਼ਿਸ਼ ਅੱਜ ਸਾਡੇ ਲੋਕਤੰਤਰ ਲਈ ਸਭ ਤੋਂ ਵੱਡਾ ਖਤਰਾ ਹੈ ਅਤੇ ਇਹ ਦਲਿਤਾਂ, ਪਿਛੜਿਆਂ, ਆਦੀਵਾਸੀਆਂ ਅਤੇ ਘੱਟ ਗਿਣਤੀਆਂ ਵਰਗੇ ਹਾਸ਼ੀਏ ’ਤੇ ਖੜ੍ਹੇ ਭਾਈਚਾਰਿਆਂ ਨੂੰ ਉਨ੍ਹਾਂ ਦੇ ਵੋਟ ਦੇ ਅਧਿਕਾਰ ਤੋਂ ਵਾਂਝੇ ਕਰਨ ਲਈ ਰਚੀ ਗਈ ਹੈ। ਵਿਸਥਾਰਿਤ ਵਰਕਿੰਗ ਕਮੇਟੀ ਦੀ ਬੈਠਕ ’ਚ 2 ਮਤੇ ਪਾਸ ਕੀਤੇ, ਜਿਨ੍ਹਾਂ ’ਚ ਇਕ ਰਾਜਨੀਤਕ ਅਤੇ ਦੂਜਾ ਬਿਹਾਰ ਨਾਲ ਸਬੰਧਤ ਹੈ।
ਪਾਰਟੀ ਦੇ ਸੰਗਠਨ ਜਨਰਲ ਸੈਕਟਰੀ ਕੇ. ਸੀ. ਵੇਣੁਗੋਪਾਲ ਨੇ ਦੱਸਿਆ ਕਿ ਬੈਠਕ ਦੌਰਾਨ 51 ਲੋਕਾਂ ਨੇ ਚਰਚਾ ’ਚ ਹਿੱਸਾ ਲਿਆ। ਕਾਂਗਰਸ ਜਨਰਲ ਸੈਕਟਰੀ ਜੈਰਾਮ ਰਮੇਸ਼ ਨੇ ਰਾਜਨੀਤਕ ਮਤਾ ਅਤੇ ਬਿਹਾਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਮੁੱਖ ਰਾਜੇਸ਼ ਕੁਮਾਰ ਰਾਮ ਨੇ ਬਿਹਾਰ ਨਾਲ ਸਬੰਧਤ ਮਤਾ ਰੱਖਿਆ। ਵੇਣੁਗੋਪਾਲ ਨੇ ਕਿਹਾ ਕਿ ਬੈਠਕ ’ਚ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਵੋਟ ਚੋਰੀ ਨੂੰ ਲੈ ਕੇ ਮੁੱਖ ਤੌਰ ’ਤੇ ਚਰਚਾ ਕੀਤੀ ਗਈ।
ਬਿਹਾਰ ਨਾਲ ਸਬੰਧਤ ਮਤੇ ’ਚ ਕਿਹਾ ਗਿਆ ਹੈ,“ਵੋਟਰ ਸੂਚੀ ਦੇ ਇੰਟੈਂਸਿਵ ਰੀਵਿਊ ਦੀ ਸਾਜ਼ਿਸ਼ ਅੱਜ ਸਾਡੇ ਲੋਕਤੰਤਰ ਲਈ ਸਭ ਤੋਂ ਵੱਡਾ ਖਤਰਾ ਹੈ। ਬਿਹਾਰ ’ਚ ਸਾਫ ਦਿਸਦਾ ਹੈ ਕਿ ਇਹ ਪ੍ਰਕਿਰਿਆ ਵਿਉਂਤਬੱਧ ਢੰਗ ਨਾਲ ਦਲਿਤਾਂ, ਪਿਛੜਿਆਂ, ਆਦੀਵਾਸੀਆਂ ਅਤੇ ਘੱਟ ਗਿਣਤੀਆਂ ਵਰਗੇ ਹਾਸ਼ੀਏ ’ਤੇ ਖੜ੍ਹੇ ਭਾਈਚਾਰਿਆਂ ਨੂੰ ਉਨ੍ਹਾਂ ਦੇ ਵੋਟ ਦੇ ਅਧਿਕਾਰ ਤੋਂ ਵਾਂਝਾ ਕਰਨ ਲਈ ਰਚੀ ਗਈ ਹੈ। ਉਸ ਨੇ ਕਿਹਾ ਕਿ ਵੋਟ ਦੇ ਅਧਿਕਾਰ ’ਤੇ ਹਮਲੇ ਦੀ ਇਹ ਚਾਲ ਆਖਿਰ ਇਨ੍ਹਾਂ ਭਾਈਚਾਰਿਆਂ ਨੂੰ ਸਰਕਾਰੀ ਕਲਿਆਣਕਾਰੀ ਯੋਜਨਾਵਾਂ ਅਤੇ ਉਨ੍ਹਾਂ ਦੇ ਸੰਵਿਧਾਨਕ ਰਿਜ਼ਰਵੇਸ਼ਨ ਦੇ ਅਧਿਕਾਰ ਤੋਂ ਵੀ ਵਾਂਝਾ ਕਰ ਦੇਵੇਗੀ। ਮਤੇ ’ਚ ਕਿਹਾ ਗਿਆ ਹੈ,‘‘ਜਦੋਂ ਜਨਤਾ ਦੀ ਵੋਟ ਖੋਹੀ ਜਾਂਦੀ ਹੈ, ਤਾਂ ਉਸ ਨਾਲ ਉਨ੍ਹਾਂ ਦਾ ਭਵਿੱਖ, ਉਨ੍ਹਾਂ ਦਾ ਮਾਣ-ਸਨਮਾਨ ਅਤੇ ਉਨ੍ਹਾਂ ਦੇ ਸੰਵਿਧਾਨਕ ਅਧਿਕਾਰ ਵੀ ਖੋਹ ਲਏ ਜਾਂਦੇ ਹਨ।’’
ਮੋਦੀ ਸਰਕਾਰ ’ਚ ਭਾਰਤ ਦੀ ਵਿਦੇਸ਼ ਨੀਤੀ ਹੋਈ ਨਾਕਾਮ
ਕਾਂਗਰਸ ਨੇ ਬੁੱਧਵਾਰ ਨੂੰ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਹਗਲੋਮੈਸੀ’ (ਹਗ ਡਿਪਲੋਮੈਸੀ) ਉਲਟੀ ਪੈ ਗਈ ਹੈ ਅਤੇ ਇਸ ਨੇ ਭਾਰਤ ਨੂੰ ਸਿਆਸਤੀ ਤੌਰ ’ਤੇ ਵੱਖ -ਵੱਖ ਕਰ ਦਿੱਤਾ ਹੈ। ਬੈਠਕ ’ਚ ਪਾਸ ਮਤੇ ’ਚ ਦੋਸ਼ ਲਾਇਆ ਗਿਆ ਕਿ ਮੋਦੀ ਸਰਕਾਰ ’ਚ ਭਾਰਤ ਦੀ ਵਿਦੇਸ਼ ਨੀਤੀ ਨਾਕਾਮ ਹੋ ਚੁੱਕੀ ਹੈ।
ਸੂਤਰਾਂ ਅਨੁਸਾਰ ਬੈਠਕ ਦੌਰਾਨ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟੈਰਿਫ ਲਾਉਣ ਅਤੇ ਐੱਚ1ਬੀ ਵੀਜ਼ਾ ਨਾਲ ਜੁਡ਼ੇ ਉਨ੍ਹਾਂ ਦੇ ਕਦਮਾਂ ਦੀ ਬੈਕਗਰਾਊਂਡ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਵਿੰਨ੍ਹਿਆ ਅਤੇ ਕਿਹਾ ਕਿ ਵਿਦੇਸ਼ ਨੀਤੀ ਨਿੱਜੀ ‘ਦੋਸਤੀ’ ਨਾਲ ਤੈਅ ਨਹੀਂ ਹੋਣੀ ਚਾਹੀਦੀ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵੀ ਟਰੰਪ ਦੇ ਤਾਜ਼ੇ ਬਿਆਨਾਂ ਦੀ ਚਰਚਾ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ’ਤੇ ਨਿਸ਼ਾਨਾ ਵਿੰਨ੍ਹਿਆ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਜਿਨ੍ਹਾਂ ਨੂੰ ‘ਮੇਰੇ ਦੋਸਤ’ ਦੱਸ ਕੇ ਢੰਡੋਰਾ ਪਿੱਟਦੇ ਹਨ, ਉਹੀ ਦੋਸਤ ਅੱਜ ਭਾਰਤ ਨੂੰ ਅਨੇਕਾਂ ਸੰਕਟਾਂ ’ਚ ਪਾ ਰਿਹਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8