ਬਿਹਾਰ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 7 ਦੀ ਮੌਤ, ਕੁਝ ਲੋਕਾਂ ਨੇ ਅੱਖਾਂ ਦੀ ਰੌਸ਼ਨੀ ਗੁਆਈ
Friday, Aug 05, 2022 - 04:34 PM (IST)
ਛਪਰਾ (ਭਾਸ਼ਾ)- ਬਿਹਾਰ 'ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 15 ਹੋਰ ਬੀਮਾਰ ਹੋ ਗਏ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਅਨੁਸਾਰ, ਜ਼ਹਿਰੀਲੀ ਸ਼ਰਾਬ ਪੀਣ ਵਾਲੇ ਕੁਝ ਲੋਕਾਂ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਹੈ। ਸਾਰਨ ਦੇ ਜ਼ਿਲ੍ਹਾ ਅਧਿਕਾਰੀ ਰਾਜੇਸ਼ ਮੀਣਾ ਅਨੁਸਾਰ, ਸਾਰੇ ਮਾਮਲੇ ਮਕੇਰ ਥਾਣਾ ਖੇਤਰ ਦੇ ਅਧੀਨ ਆਉਣ ਵਾਲੇ ਪਿੰਡਾਂ ਤੋਂ ਆਏ ਹਨ। ਜ਼ਿਲ੍ਹਾ ਅਧਿਕਾਰੀ ਰਾਜੇਸ਼ ਮੀਣਾ ਨੇ ਕਿਹਾ,''ਪਹਿਲੀ ਨਜ਼ਰ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਪਿੰਡ ਵਾਸੀਆਂ ਨੇ ਜ਼ਹਿਰੀਲੀ ਸ਼ਰਾਬ ਦਾ ਸੇਵਨ ਕੀਤਾ ਸੀ। ਇੱਥੇ 5 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਪਟਨਾ ਮੈਡੀਕਲ ਕਾਲਜ ਅਤੇ ਹਸਪਤਾਲ 'ਚ 2 ਲੋਕਾਂ ਦੀ ਮੌਤ ਹੋ ਗਈ, ਜਿੱਥੇ ਗੰਭੀਰ ਰੂਪ ਨਾਲ ਬੀਮਾਰ ਲੋਕਾਂ ਨੂੰ ਵੀਰਵਾਰ ਨੂੰ ਰੈਫਰ ਕੀਤਾ ਗਿਆ ਸੀ।''
ਜ਼ਿਲ੍ਹਾ ਅਧਿਕਾਰੀ ਨੇ ਕਿਹਾ ਕਿ ਗੰਭੀਰ ਰੂਪ ਨਾਲ ਬੀਮਾਰ 10 ਤੋਂ ਵੱਧ ਲੋਕਾਂ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਹੈ। ਸਾਰਨ ਦੇ ਪੁਲਸ ਸੁਪਰਡੈਂਟ ਸੰਤੋਸ਼ ਕੁਮਾਰ ਨੇ ਕਿਹਾ,''ਅਸੀਂ ਗੈਰ-ਕਾਨੂੰਨੀ ਸ਼ਰਾਬ ਬਣਾਉਣ ਵਾਲੇ ਲੋਕਾਂ ਨੂੰ ਫੜਨ ਲਈ ਮਕੇਰ, ਮਢੌਰਾ ਅਤੇ ਭੇਲਡੀ ਥਾਣਾ ਖੇਤਰਾਂ 'ਚ ਛਾਪੇਮਾਰੀ ਕਰ ਰਹੇ ਹਨ। ਇਹ ਮੁਹਿੰਮ ਖ਼ਤਮ ਹੋਣ ਤੋਂ ਬਾਅਦ ਹੀ ਅਸੀਂ ਗ੍ਰਿਫ਼ਤਾਰੀਆਂ ਦੀ ਗਿਣਤੀ ਦੱਸ ਸਕਾਂਗੇ।'' ਦੱਸਣਯੋਗ ਹੈ ਕਿ ਬਿਹਾਰ 'ਚ ਪਿਛਲੇ ਸਾਲ ਨਵੰਬਰ ਤੋਂ ਲੈ ਕੇ ਹੁਣ ਤੱਕ ਜ਼ਹਿਰੀਲੀ ਸ਼ਰਾਬ ਪੀਣ ਕਾਰਨ 50 ਤੋਂ ਵੱਧ ਲੋਕਾਂ ਦੀ ਮੌਤ ਹੋ ਚੁਕੀ ਹੈ।
ਇਹ ਵੀ ਪੜ੍ਹੋ : ਦਿੱਲੀ ਪੁਲਸ ਦੀ ਕਾਂਗਰਸੀ ਆਗੂਆਂ ਨੂੰ ਚਿਤਾਵਨੀ, ਧਾਰਾ 144 ਦੀ ਉਲੰਘਣਾ 'ਤੇ ਹੋਵੇਗੀ ਸਖ਼ਤ ਕਾਰਵਾਈ