ਗੁਜਰਾਤ ''ਚ ਦਰਦਨਾਕ ਹਾਦਸਾ, ਸਿਲੰਡਰ ਫਟਣ ਨਾਲ 7 ਲੋਕਾਂ ਦੀ ਮੌਤ
Saturday, Jul 24, 2021 - 10:16 AM (IST)
ਅਹਿਮਦਾਬਾਦ- ਗੁਜਰਾਤ 'ਚ ਅਹਿਮਦਾਬਾਦ ਸ਼ਹਿਰ ਦੇ ਬਾਹਰੀ ਇਲਾਕੇ 'ਚ ਇਕ ਕਮਰੇ 'ਚ ਐੱਲ.ਪੀ.ਜੀ. ਸਿਲੰਡਰ ਤੋਂ ਗੈਸ ਲੀਕ ਹੋਣ ਕਾਰਨ ਅੱਗ ਲੱਗ ਗਈ ਅਤੇ ਧਮਾਕਾ ਹੋ ਗਿਆ। ਇਸ ਹਾਦਸੇ 'ਚ 7 ਲੋਕਾਂ ਦੀ ਝੁਲਸ ਕੇ ਮੌਤ ਹੋ ਗਈ। ਅਸਲਾਲੀ ਪੁਲਸ ਥਾਣੇ ਦੇ ਸਬ ਇੰਸਪੈਕਟਰ ਐੱਸ.ਐੱਸ. ਗਾਮੇਟੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਹ ਘਟਨਾ ਮੰਗਲਵਾਰ ਰਾਤ ਦੀ ਹੈ ਪਰ ਪੀੜਤਾਂ ਦੀ ਮੌਤ ਪਿਛਲੇ ਕੁਝ ਦਿਨਾਂ 'ਚ ਇਲਾਜ ਦੌਰਾਨ ਹੋਈ। ਮ੍ਰ਼ਿਤਕਾਂ 'ਚ ਮਜ਼ਦੂਰ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਹਨ।
ਇਹ ਵੀ ਪੜ੍ਹੋ : 3 ਸਾਲ ਦੀ ਉਮਰ 'ਚ ਯੋਗ ਦੇ 35 ਵੱਖ-ਵੱਖ ਆਸਨ ਕਰ ਕੇ ਇਸ ਬੱਚੀ ਨੇ ਬਣਾਇਆ 'ਵਰਲਡ ਰਿਕਾਰਡ' (ਵੀਡੀਓ)
ਮਰਨ ਵਾਲਿਆਂ 'ਚ ਬੱਚੇ ਅਤੇ ਜਨਾਨੀਆਂ ਵੀ ਸ਼ਾਮਲ ਹਨ। ਗਾਮੇਟੀ ਨੇ ਕਿਹਾ,''ਜਦੋਂ 20 ਜੁਲਾਈ ਦੀ ਰਾਤ ਐੱਲ.ਪੀ.ਜੀ. ਸਿਲੰਡਰ ਤੋਂ ਗੈਸ ਲੀਕ ਸ਼ੁਰੂ ਹੋਈ, ਉਦੋਂ ਕੁਝ ਮਜ਼ਦੂਰ ਇਕ ਫੈਕਟਰੀ 'ਚ ਕੰਮ ਕਰ ਰਹੇ ਸਨ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਇਕ ਛੋਟੇ ਜਿਹੇ ਕਮਰੇ 'ਚ ਸੌਂ ਰਹੇ ਸਨ। ਜਦੋਂ ਉਨ੍ਹਾਂ ਦੇ ਗੁਆਂਢੀ ਨੇ ਉਨ੍ਹਾਂ ਨੂੰ ਜਗਾਉਣ ਲਈ ਦਰਵਾਜ਼ਾ ਖੜਕਾਇਆ ਤਾਂ ਇਕ ਮਜ਼ਦੂਰ ਉੱਠਿਆ ਅਤੇ ਉਸ ਨੇ ਬੱਤੀ ਜਗਾਈ, ਜਿਸ ਨਾਲ ਧਮਾਕਾ ਹੋ ਗਿਆ।'' ਉਨ੍ਹਾਂ ਦੱਸਿਆ,''ਘਟਨਾ ਦੇ ਸਮੇਂ ਉੱਥੇ 10 ਲੋਕ ਸੌਂ ਰਹੇ ਸਨ ਅਤੇ ਕਮਰੇ 'ਚ ਅੱਗ ਲੱਗਣ ਨਾਲ ਸਾਰੇ ਗੰਭੀਰ ਰੂਪ ਨਾਲ ਝੁਲਸ ਗਏ। ਤਿੰਨ ਲੋਕਾਂ ਦੀ ਵੀਰਵਾਰ ਨੂੰ ਇਕ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ, ਜਦੋਂ ਕਿ 4 ਹੋਰ ਦੀ ਸ਼ੁੱਕਰਵਾਰ ਨੂੰ ਮੌਤ ਹੋਈ।'' ਉਨ੍ਹਾਂ ਦੱਸਿਆ ਕਿ ਤਿੰਨ ਲੋਕਾਂ ਦਾ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ : ਮਹਾਰਾਸ਼ਟਰ ’ਚ ਮੀਂਹ ਨੇ ਮਚਾਈ ਤਬਾਹੀ, ਕੋਰੋਨਾ ਹਸਪਤਾਲ ’ਚ ਪਾਣੀ ਵੜਨ ਨਾਲ 8 ਮਰੀਜ਼ਾਂ ਦੀ ਗਈ ਜਾਨ