ਹਿਮਾਚਲ ਪ੍ਰਦੇਸ਼ ’ਚ ਕਾਰੋਬਾਰੀ ਤੋਂ ਰਿਸ਼ਵਤ ਲੈਣ ਵਾਲਾ ਸੀਨੀਅਰ ਸਿਵਲ ਜੱਜ ਬਰਖ਼ਾਸਤ
Tuesday, Nov 30, 2021 - 11:12 AM (IST)
ਸ਼ਿਮਲਾ- ਹਿਮਾਚਲ ਪ੍ਰਦੇਸ਼ ਸਰਕਾਰ ਨੇ ਰਿਸ਼ਵਤ ਲੈਣ ਦੇ ਮਾਮਲੇ ’ਚ ਦੋਸ਼ੀ ਪਾਏ ਜਾਣ ਤੋਂ ਬਾਅਦ ਸੁੰਦਰਨਗਰ ਦੇ ਸਾਬਕਾ ਸੀਨੀਅਰ ਸਿਵਲ ਜੱਜ ਗੌਰਵ ਸ਼ਰਮਾ ਨੂੰ ਨਿਆਇਕ ਸੇਵਾ ਤੋਂ ਬਰਖ਼ਾਸਤ ਕਰ ਦਿੱਤਾ ਹੈ। ਉਹ ਪਿਛਲੇ ਕਾਫ਼ੀ ਸਮੇਂ ਤੋਂ ਮੁਅੱਤਲ ਚੱਲ ਰਹੇ ਸਨ। ਰਾਜ ਦੇ ਗ੍ਰਹਿ ਵਿਭਾਗ ਨੇ ਇਹ ਕਦਮ ਹਿਮਾਚਲ ਹਾਈ ਕੋਰਟ ਦੀ ਜਾਂਚ ਕਮੇਟੀ ਦੀ ਰਿਪੋਰਟ ਮਿਲਣ ਤੋਂ ਬਾਅਦ ਲਿਆ ਹੈ। ਸੀਨੀਅਰ ਸਿਵਲ ਜੱਜ ਗੌਰਵ ਸ਼ਰਮਾ ’ਤੇ ਚੈੱਕ ਦੀ ਰਾਸ਼ੀ ਦਿਵਾਉਣ ਦੀ ਏਵਜ਼ ’ਚ ਇਕ ਕਾਰੋਬਾਰੀ ਅਸ਼ਵਨੀ ਤੋਂ 40 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦਾ ਦੋਸ਼ ਲੱਗਾ ਸੀ, ਜਦੋਂ ਕਿ ਹਿਮਾਚਲ ਹਾਈ ਕੋਰਟ ਦੀ ਜਾਂਚ ਕਮੇਟੀ ਨੇ ਰਿਸ਼ਵਤ ਲੈਣ ਦੇ ਦੋਸ਼ ਸਹੀ ਪਾਏ ਸਨ। ਹਾਈ ਕੋਰਟ ਨੇ ਪ੍ਰਦੇਸ਼ ਸਰਕਾਰ ਨੂੰ ਗੌਰਵ ਸ਼ਰਮਾ ਨੂੰ ਨਿਆਇਕ ਸੇਵਾ ਤੋਂ ਬਰਖ਼ਾਸਤ ਕਰਨ ਦੇ ਨਿਰਦੇਸ਼ ਦਿੱਤੇ ਸਨ।
ਸੁੰਦਰਨਗਰ ’ਚ ਬਤੌਰ ਸੀਨੀਅਰ ਸਿਵਲ ਜੱਜ ਤਾਇਨਾਤ ਰਹੇ ਗੌਰਵ ਸ਼ਰਮਾ ਪੰਜਾਬ ਦੇ ਅੰਮ੍ਰਿਤਸਰ ਦੇ ਰਹਿਣ ਵਾਲੇ ਸਨ, ਜਦੋਂ ਕਿ ਉਨ੍ਹਾਂ ਦੀ ਅਦਾਲਤ ’ਚ ਸੁੰਦਰਨਗਰ ਦੇ ਇਕ ਕਾਰੋਬਾਰੀ ਨੇ ਚੈੱਕ ਬਾਊਂਸ ਦੇ ਕਈ ਮਾਮਲੇ ਦਾਇਰ ਕਰ ਰੱਖੇ ਸਨ। ਜਾਣਕਾਰੀ ਅਨੁਸਾਰ ਜੱਜ ਨੇ ਕਾਰੋਬਾਰੀ ਨੂੰ ਆਪਣੇ ਚੈਂਬਰ ’ਚ ਬੁਲਾ ਕੇ ਚੈੱਕ ਦਾ ਪੈਸਾ ਦਿਵਾਉਣ ਦੀ ਏਵਜ਼ ’ਚ 40 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ। ਹਾਲਾਂਕਿ ਉਨ੍ਹਾਂ ਨੇ ਪੈਸੇ ਲੈ ਕੇ ਉਨ੍ਹਾਂ ਦੇ ਘਰ ਆਉਣ ਲਈਕਿਹਾ ਸੀ। ਜੱਜ ਦੇ ਬੁਲਾਉਣ ’ਤੇ ਕਾਰੋਬਾਰੀ ਅਸ਼ਵਨੀ 31 ਮਾਰਚ 2017 ਨੂੰ ਦੇਰ ਸ਼ਾਮ ਉਨ੍ਹਾਂ ਦੇ ਘਰ ਗਿਆ ਸੀ ਅਤੇ ਰਿਸ਼ਵਤ ਦੀ ਰਾਸ਼ੀ ਦਿੱਤੀ ਸੀ। ਇਸੇ ਦੌਰਾਨ ਵਿਜੀਲੈਂਸ ਦੀ ਟੀਮ ਨੇ ਛਾਪਾ ਮਾਰ ਕੇ ਗੌਰਵ ਸ਼ਰਮਾ ਨੂੰ ਰਿਸ਼ਵਤ ਦੀ ਰਾਸ਼ੀ ਨਾਲ ਰੰਗੇਂ ਹੱਥੀਂ ਫੜਿਆ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ