ਪੁਲਸ ਦੀ ਵੱਡੀ ਕਾਰਵਾਈ, 4 ਹੈਂਡ ਗ੍ਰਨੇਡ, ਦੋ ਮੋਬਾਈਲ ਤੇ ਮੋਟਰਸਾਈਕਲ ਬਰਾਮਦ, 3 ਦਿਨ ਪੁਲਸ ਰਿਮਾਂਡ ’ਤੇ ਮੁਲਜ਼ਮ

Thursday, Oct 08, 2026 - 11:18 AM (IST)

ਪੁਲਸ ਦੀ ਵੱਡੀ ਕਾਰਵਾਈ, 4 ਹੈਂਡ ਗ੍ਰਨੇਡ, ਦੋ ਮੋਬਾਈਲ ਤੇ ਮੋਟਰਸਾਈਕਲ ਬਰਾਮਦ, 3 ਦਿਨ ਪੁਲਸ ਰਿਮਾਂਡ ’ਤੇ ਮੁਲਜ਼ਮ

ਤਰਨਤਾਰਨ(ਰਮਨ)-ਤਿਉਹਾਰਾਂ ਦੇ ਸੀਜ਼ਨ ਦੌਰਾਨ ਸਰਹੱਦੀ ਜ਼ਿਲੇ ਤਰਨਤਾਰਨ ’ਚ ਚਾਰ ਹੈਂਡ ਗ੍ਰਨੇਡਾਂ ਸਮੇਤ ਦੋ ਵਿਅਕਤੀਆਂ ਦੀ ਗ੍ਰਿਫਤਾਰੀ ਦੇ ਮਾਮਲੇ ’ਚ ਪੁਲਸ ਦੀ ਸ਼ੁਰੂਆਤੀ ਜਾਂਚ ਦੌਰਾਨ ਅਹਿਮ ਖੁਲਾਸੇ ਸਾਹਮਣੇ ਆ ਰਹੇ ਹਨ। ਪੁਲਸ ਅਨੁਸਾਰ ਗ੍ਰਿਫਤਾਰ ਮੁਲਜ਼ਮ ਪ੍ਰਿੰਸਪਾਲ ਸਿੰਘ ਪਿਛਲੇ ਕਰੀਬ ਇਕ ਸਾਲ ਤੋਂ ਪਾਕਿਸਤਾਨ ’ਚ ਬੈਠੇ ਤਸਕਰਾਂ ਅਤੇ ਦੇਸ਼ ਵਿਰੋਧੀ ਅਨਸਰਾਂ ਦੇ ਸੰਪਰਕ ’ਚ ਸੀ ਅਤੇ ਮੋਬਾਈਲ ਫੋਨ ਰਾਹੀਂ ਉਨ੍ਹਾਂ ਨਾਲ ਸੰਪਰਕ ਬਣਾਈ ਰੱਖਦਾ ਸੀ। ਜਾਂਚ ’ਚ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਇਸ ਦੌਰਾਨ ਉਹ ਸਰਹੱਦ ਪਾਰੋਂ ਕਈ ਤਰ੍ਹਾਂ ਦੀਆਂ ਖੇਪਾਂ ਮੰਗਵਾ ਚੁੱਕਾ ਹੈ। ਪੁਲਸ ਹੁਣ ਉਸਦੇ ਪਿਛਲੇ ਸੰਪਰਕਾਂ ਅਤੇ ਮੰਗਵਾਈਆਂ ਗਈਆਂ ਖੇਪਾਂ ਦਾ ਪੂਰਾ ਰਿਕਾਰਡ ਖੰਗਾਲ ਰਹੀ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ: ਗਰੀਬ ਕੈਦੀਆਂ ਦੀ ਰਿਹਾਈ ਲਈ ਰਾਹਤ ਵਾਲੀ ਖਬਰ, ਲਿਆ ਗਿਆ ਵੱਡਾ ਫੈਸਲਾ

ਸੀ. ਆਈ. ਏ. ਸਟਾਫ ਤਰਨਤਾਰਨ ਦੀ ਪੁਲਸ ਵੱਲੋਂ ਪ੍ਰਿੰਸਪਾਲ ਸਿੰਘ ਅਤੇ ਉਸਦੇ ਇਕ ਨਾਬਾਲਗ ਸਾਥੀ ਨੂੰ ਬਿਨਾਂ ਨੰਬਰੀ ਮੋਟਰਸਾਈਕਲ ਸਣੇ ਕਾਬੂ ਕੀਤਾ ਗਿਆ ਸੀ। ਪੁਲਸ ਨੇ ਉਨ੍ਹਾਂ ਦੇ ਕਬਜ਼ੇ ’ਚੋਂ ਪਾਕਿਸਤਾਨ ਵੱਲੋਂ ਭੇਜੇ ਗਏ ਦੱਸੇ ਜਾ ਰਹੇ ਨਵੀਂ ਤਕਨੀਕ ਦੇ ਚਾਰ ਹੈਂਡ ਗ੍ਰਨੇਡ ਬਰਾਮਦ ਕਰਨ ਦੇ ਨਾਲ 2 ਮੋਬਾਈਲ ਫੋਨ ਵੀ ਕਬਜ਼ੇ ’ਚ ਲਏ ਹਨ। ਪੁਲਸ ਵੱਲੋਂ ਮੋਬਾਈਲ ਫੋਨਾਂ ਦੀ ਜਾਂਚ ਰਾਹੀਂ ਸਰਹੱਦ ਪਾਰਲੇ ਸੰਪਰਕਾਂ ਅਤੇ ਇਸ ਨੈੱਟਵਰਕ ਨਾਲ ਜੁੜੇ ਹੋਰ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਇਸ ਸਬੰਧੀ ਥਾਣਾ ਭਿੱਖੀਵਿੰਡ ਵਿਖੇ ਮਾਮਲਾ ਦਰਜ ਕਰਨ ਉਪਰੰਤ ਪ੍ਰਿੰਸਪਾਲ ਸਿੰਘ ਨੂੰ ਅਦਾਲਤ ’ਚ ਪੇਸ਼ ਕਰਕੇ ਤਿੰਨ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁਲਸ ਵੱਲੋਂ ਰਿਮਾਂਡ ਦੌਰਾਨ ਉਸ ਪਾਸੋਂ ਬਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਦੂਜੇ ਪਾਸੇ ਗ੍ਰਿਫਤਾਰ ਨਾਬਾਲਗ ਨੂੰ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਉਪਰੰਤ ਫਰੀਦਕੋਟ ਸਥਿਤ ਬਾਲ ਘਰ ਭੇਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਬਹਿਰੀਨ ਵਾਲੀ ਬੀਬੀ ਦੇ ਮਾਮਲੇ 'ਚ SGPC ਦੀ ਵੱਡੀ ਕਾਰਵਾਈ, 2 ਹੋਰ ਮੁਅੱਤਲ, 1 ਦਾ ਤਬਾਦਲਾ

ਸ਼ੁਰੂਆਤੀ ਜਾਂਚ ’ਚ ਸਾਹਮਣੇ ਆਈ ਜਾਣਕਾਰੀ ਮੁਤਾਬਕ ਸਰਹੱਦ ਪਾਰੋਂ ਮੰਗਵਾਏ ਗਏ ਇਹ ਚਾਰ ਹੈਂਡ ਗ੍ਰਨੇਡ ਪ੍ਰਿੰਸਪਾਲ ਸਿੰਘ ਨੇ ਅੱਗੇ ਕਿਸੇ ਹੋਰ ਵਿਅਕਤੀ ਜਾਂ ਨੈੱਟਵਰਕ ਤੱਕ ਪਹੁੰਚਾਉਣੇ ਸਨ ਅਤੇ ਇਨ੍ਹਾਂ ਦੀ ਵਰਤੋਂ ਕਿਸੇ ਵਾਰਦਾਤ ਲਈ ਕੀਤੇ ਜਾਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਪੁਲਸ ਹੁਣ ਇਹ ਪਤਾ ਲਗਾਉਣ ’ਚ ਜੁਟੀ ਹੈ ਕਿ ਗ੍ਰਨੇਡਾਂ ਦੀ ਅਸਲ ਮੰਜ਼ਿਲ ਕਿੱਥੇ ਸੀ, ਇਨ੍ਹਾਂ ਨੂੰ ਕਿਸ ਵਿਅਕਤੀ ਨੂੰ ਸੌਂਪਿਆ ਜਾਣਾ ਸੀ ਅਤੇ ਇਸ ਪੂਰੇ ਨੈੱਟਵਰਕ ’ਚ ਹੋਰ ਕਿੰਨੇ ਲੋਕ ਸ਼ਾਮਲ ਹਨ। ਨਾਬਾਲਗ ਦੀ ਭੂਮਿਕਾ ਵੀ ਮੁਲਜ਼ਮ ਦੀ ਮਦਦ ਕਰਨ ਵਾਲੇ ਸਾਥੀ ਵਜੋਂ ਜਾਂਚੀ ਜਾ ਰਹੀ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਨਿਹੰਗਾਂ ਵੱਲੋਂ ਨੌਜਵਾਨ ਦੀ ਕੁੱਟਮਾਰ, ਡੰਡੇ ਮਾਰਦਿਆਂ ਦੀ ਵੀਡੀਓ ਹੋ ਰਹੀ ਵਾਇਰਲ

ਪੁਲਸ ਲਈ ਬਰਾਮਦ ਕੀਤੇ ਦੋ ਮੋਬਾਈਲ ਫੋਨ ਵੀ ਜਾਂਚ ਦਾ ਅਹਿਮ ਹਿੱਸਾ ਬਣੇ ਹੋਏ ਹਨ। ਜਾਂਚ ਏਜੰਸੀਆਂ ਵੱਲੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪ੍ਰਿੰਸਪਾਲ ਸਿੰਘ ਪਾਕਿਸਤਾਨ ਵਿਚ ਕਿਹੜੇ ਵਿਅਕਤੀਆਂ ਦੇ ਸੰਪਰਕ ਵਿਚ ਸੀ ਅਤੇ ਪਿਛਲੇ ਇਕ ਸਾਲ ਦੌਰਾਨ ਉਸ ਨੂੰ ਕਿਹੜੀਆਂ-ਕਿਹੜੀਆਂ ਖੇਪਾਂ ਭੇਜੀਆਂ ਗਈਆਂ। ਇਸ ਦੇ ਨਾਲ ਹੀ ਉਸਦੇ ਸਥਾਨਕ ਸੰਪਰਕਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋਣ ਦੇ ਮੱਦੇਨਜ਼ਰ ਚਾਰ ਹੈਂਡ ਗ੍ਰਨੇਡਾਂ ਦੀ ਬਰਾਮਦਗੀ ਨੂੰ ਪੁਲਸ ਵੱਲੋਂ ਅਹਿਮ ਕਾਮਯਾਬੀ ਮੰਨਿਆ ਜਾ ਰਿਹਾ ਹੈ। ਇਸ ਕਾਰਵਾਈ ਤੋਂ ਬਾਅਦ ਸਰਹੱਦੀ ਇਲਾਕਿਆਂ ਵਿਚ ਪੁਲਸ ਵੱਲੋਂ ਗਸ਼ਤ ਵਧਾਉਣ ਦੇ ਨਾਲ ਮਨੁੱਖੀ ਖੁਫੀਆ ਤੰਤਰ ਨੂੰ ਵੀ ਹੋਰ ਸਰਗਰਮ ਕੀਤਾ ਗਿਆ ਹੈ ਤਾਂ ਜੋ ਸਰਹੱਦ ਪਾਰੋਂ ਹੋਣ ਵਾਲੀ ਕਿਸੇ ਵੀ ਸ਼ੱਕੀ ਗਤੀਵਿਧੀ ਜਾਂ ਹਥਿਆਰਾਂ ਦੀ ਸਪਲਾਈ ਨੂੰ ਸਮੇਂ ਸਿਰ ਰੋਕਿਆ ਜਾ ਸਕੇ।

ਇਹ ਵੀ ਪੜ੍ਹੋ- ਵੱਡੀ ਖਬਰ: ASI 'ਤੇ ਹਮਲੇ ਦੀ ਤਹਿਰੀਕ-ਏ-ਤਾਲਿਬਾਨ ਨੇ ਲਈ ਜ਼ਿੰਮੇਵਾਰੀ

ਐੱਸ.ਐੱਸ.ਪੀ ਤਰਨਤਾਰਨ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਮੁਲਜ਼ਮ ਪ੍ਰਿੰਸਪਾਲ ਸਿੰਘ ਦਾ ਪੁਲਸ ਰਿਮਾਂਡ ਹਾਸਲ ਕਰਕੇ ਉਸ ਪਾਸੋਂ ਬਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਉਸ ਦੇ ਸਰਹੱਦ ਪਾਰਲੇ ਅਤੇ ਸਥਾਨਕ ਸੰਪਰਕਾਂ ਦੀਆਂ ਕੜੀਆਂ ਜੋੜਨ ਵਿਚ ਲੱਗੀ ਹੋਈ ਹੈ। ਜਾਂਚ ਅੱਗੇ ਵਧਣ ਨਾਲ ਆਉਣ ਵਾਲੇ ਦਿਨਾਂ ਵਿਚ ਇਸ ਮਾਮਲੇ ਨਾਲ ਸਬੰਧਤ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170


author

Shivani Bassan

Content Editor

Related News