ਜਾਣੋ ਕੌਣ ਹੈ ਸੀਮਾ ਸਮਰਿਧੀ, ਜੋ ਹਾਥਰਸ ਗੈਂਗਰੇਪ ਪੀੜਤਾ ਨੂੰ ਦਿਵਾਏਗੀ ਇਨਸਾਫ਼

10/02/2020 3:33:52 PM

ਇਟਾਵਾ— ਨਿਰਭਿਆ ਗੈਂਗਰੇਪ ਦੇ ਦੋਸ਼ੀਆਂ ਨੂੰ ਸਜ਼ਾ ਦਿਵਾ ਕੇ ਸੁਰਖੀਆਂ 'ਚ ਆਈ ਉੱਤਰ ਪ੍ਰਦੇਸ਼ ਦੇ ਇਟਾਵਾ ਦੀ ਮਸ਼ਹੂਰ ਵਕੀਲ ਸੀਮਾ ਸਮਰਿਧੀ ਕੁਸ਼ਵਾਹਾ ਹੁਣ ਹਾਥਰਸ 'ਚ ਹੈਵਾਨੀਅਤ ਦੀ ਸ਼ਿਕਾਰ ਪੀੜਤਾ ਨੂੰ ਇਨਸਾਫ਼ ਦਿਵਾਏਗੀ, ਉਹ ਵੀ ਬਿਨਾਂ ਫੀਸ ਲਏ। ਦਰਅਸਲ ਸੀਮਾ ਹਾਥਰਸ ਗੈਂਗਰੇਪ ਪੀੜਤਾ ਨੂੰ ਨਿਆਂ ਦਿਵਾਉਣ  ਲਈ ਉਸ ਦੇ ਪਰਿਵਾਰ ਨੂੰ ਮਿਲਣ ਲਈ ਉਸ ਦੇ ਪਿੰਡ ਜਾ ਰਹੀ ਸੀ ਪਰ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਰੋਕ ਲਿਆ। ਇਸ ਦੌਰਾਨ ਉਨ੍ਹਾਂ ਦੀ ਹਾਥਰਸ ਦੇ ਐਡੀਸ਼ਨਲ ਜ਼ਿਲ੍ਹਾ ਅਧਿਕਾਰੀ ਨਾਲ ਹੋਈ ਤਿੱਖੀ ਬਹਿਸ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਇਸ ਦਰਮਿਆਨ ਜਦੋਂ ਉਨ੍ਹਾਂ ਤੋਂ ਹਾਥਰਸ ਜਾਣ ਦਾ ਕਾਰਨ ਪੱਤਰਕਾਰਾਂ ਨੇ ਪੁੱਛਿਆ ਤਾਂ ਉਨ੍ਹਾਂ ਨੇ ਸਾਫ ਕੀਤਾ ਕਿ ਉਹ ਹਾਥਰਸ ਗੈਂਗਰੇਪ ਮਾਮਲੇ ਦੀ ਪੀੜਤਾ ਦਾ ਕੇਸ ਲੜੇਗੀ ਅਤੇ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੇ ਇਸ ਮਾਮਲੇ ਵਿਚ ਕੋਈ ਵੀ ਫੀਸ ਨਹੀਂ ਲਵੇਗੀ। ਉਨ੍ਹਾਂ ਕਿਹਾ ਕਿ ਮੈਂ ਨਿਰਭਿਆ ਨੂੰ ਇਨਸਾਫ਼ ਦਿਵਾਇਆ ਹੈ ਅਤੇ ਇਸ ਨੂੰ ਵੀ ਦਿਵਾਵਾਂਗੀ। ਵਕੀਲ ਨੇ ਕਿਹਾ ਕਿ ਦੇਸ਼ 'ਚ ਕਿਸ ਵੀ ਪੇਸ਼ੇ ਦੀਆਂ ਬੀਬੀਆਂ ਇਹ ਦਾਅਵਾ ਨਹੀਂ ਕਰ ਸਕਦੀ ਹਨ ਕਿ ਉਹ ਸੁਰੱਖਿਅਤ ਹਨ। 

PunjabKesari

ਜ਼ਿਕਰਯੋਗ ਹੈ ਕਿ ਦਿੱਲੀ ਦੇ ਨਿਰਭਿਆ ਗੈਂਗਰੇਪ 'ਚ ਸੁਪਰੀਮ ਕੋਰਟ ਦੀ ਵਕੀਲ ਸੀਮਾ ਸਮਰਿਧੀ ਦੀਆਂ ਕੋਸ਼ਿਸ਼ਾਂ ਸਦਕਾ ਚਾਰੋਂ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਮਿਲੀ ਸੀ। ਅਜਿਹੇ ਵਿਚ ਜੇਕਰ ਉਹ ਇਸ ਕੇਸ ਨੂੰ ਆਪਣੇ ਹੱਥਾਂ 'ਚ ਲੈਂਦੀ ਹੈ ਤਾਂ ਹਾਥਰਸ ਪੀੜਤਾ ਨੂੰ ਛੇਤੀ ਇਨਸਾਫ਼ ਮਿਲਣ ਦੀ ਉਮੀਦ ਵਧ ਜਾਵੇਗੀ। ਉਹ ਇਸ ਕੇਸ ਦੀ ਸ਼ੁਰੂਆਤ ਤੋਂ ਹੀ ਨਿਰਭਿਆ ਦੀ ਮਾਤਾ-ਪਿਤਾ ਦੀ ਵਕੀਲ ਰਹੀ ਅਤੇ ਸੱਤ ਸਾਲ ਤਿੰਨ ਮਹੀਨੇ ਦੀ ਲੰਬੀ ਲੜਾਈ ਤੋਂ ਬਾਅਦ ਨਿਰਭਿਆ ਦੇ ਚਾਰੋਂ ਦੋਸ਼ੀਆਂ ਨੂੰ 20 ਮਾਰਚ ਦੀ ਸਵੇਰੇ ਫਾਂਸੀ ਦੇ ਫੰਦੇ ਤੱਕ ਪਹੁੰਚਾਇਆ ਗਿਆ। ਬਤੌਰ ਵਕੀਲ ਸੀਮਾ ਦਾ ਇਹ ਪਹਿਲਾ ਕੇਸ ਸੀ। 

ਇਹ ਹੈ ਪੂਰਾ ਮਾਮਲਾ
14 ਸਤੰਬਰ ਨੂੰ ਪੱਛਮੀ ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਦੇ ਇਕ ਪਿੰਡ 'ਚ 19 ਸਾਲ ਦੀ ਇਕ ਦਲਿਤ ਲੜਕੀ ਨਾਲ ਗੈਂਗਰੇਪ ਕੀਤਾ ਗਿਆ ਸੀ। ਪੁਲਸ ਨੇ ਇਸ ਮਾਮਲੇ 'ਚ 4 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਦੂਜੇ ਪਾਸੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਦਰਿੰਦਿਆਂ ਨੇ ਪੀੜਤਾਂ ਦੀ ਰੀੜ ਦੀ ਹੱਡੀ ਤੋੜ ਦਿੱਤੀ ਸੀ ਤੇ ਉਸ ਦੀ ਜੀਭ ਵੀ ਕੱਟ ਦਿੱਤੀ ਸੀ। ਪੀੜਤਾ ਨੇ ਮੰਗਲਵਾਰ ਨੂੰ ਇਲਾਜ ਦੌਰਾਨ ਦਮ ਤੋੜ ਦਿੱਤਾ ਸੀ।

PunjabKesari

ਆਓ ਜਾਣਦੇ ਹਾਂ ਕੋਣ ਹੈ ਸੀਮਾ ਸਮਰਿਧੀ—
ਨਿਰਭਿਆ ਨੂੰ ਇਨਸਾਫ ਦਿਵਾਉਣ ਅਤੇ ਦੋਸ਼ੀਆਂ ਨੂੰ ਫਾਂਸੀ ਦਿਵਾਉਣ 'ਚ ਸੁਪਰੀਮ ਕੋਟ ਦੀ ਵਕੀਲ ਸੀਮਾ ਸਮ੍ਰਿਧੀ ਦੀ ਵੱਡੀ ਭੂਮਿਕਾ ਸੀ।  ਸੀਮਾ ਨੇ ਸੁਪਰੀਮ ਕੋਰਟ 'ਚ ਰਾਤ ਭਰ ਦਲੀਲਾਂ ਰੱਖ ਕੇ ਨਿਰਭਿਆ ਦੇ ਦੋਸ਼ੀਆਂ ਨੂੰ 20 ਮਾਰਚ ਨੂੰ ਸਵੇਰੇ ਫਾਂਸੀ ਦਿਵਾਈ ਸੀ। ਉਹ ਨਿਰਭਿਆ ਜੋਤੀ ਟਰੱਸਟ 'ਚ ਕਾਨੂੰਨੀ ਸਲਾਹਕਾਰ ਵੀ ਹੈ। ਦੇਸ਼ ਦੇ ਨਾਮੀ ਸਿੱਖਿਆ ਸੰਸਥਾਵਾਂ 'ਚੋਂ ਇਕ ਦਿੱਲੀ ਯੂਨੀਵਰਸਿਟੀ ਤੋਂ ਸਿੱਖਿਆ ਹਾਸਲ ਕਰਨ ਵਾਲੀ ਸੀਮਾ ਨੇ 2014 'ਚ ਸੁਪਰੀਮ ਕੋਰਟ 'ਚ ਵਕਾਲਤ ਸ਼ੁਰੂ ਕੀਤੀ ਸੀ। ਦੂਜੇ ਪਾਸੇ 24 ਜਨਵਰੀ 2014 ਨੂੰ ਨਿਰਭਿਆ ਜੋਤੀ ਟਰੱਸਟ ਨਾਲ ਜੁੜੀ। ਇਸ ਤੋਂ ਬਾਅਦ ਉਹ ਲਗਾਤਾਰ ਇਸ ਨਾਲ ਜੁੜੀ ਹੋਈ ਹੈ। ਸੀਮਾ ਮੂਲ ਰੂਪ ਨਾਲ ਉੱਤਰ ਪ੍ਰਦੇਸ਼ ਦੇ ਇਟਾਵਾ ਜ਼ਿਲ੍ਹੇ ਦੀ ਰਹਿਣ ਵਾਲੀ ਹੈ। 10 ਜਨਵਰੀ 1982 ਨੂੰ ਇਟਾਵਾ ਦੇ ਗ੍ਰਾਮ ਪੰਚਾਇਤ ਬਿਧੀਪੁਰ ਬਲਾਕ ਮਹੇਵਾ ਦੇ ਇਕ ਛੋਟੇ ਜਿਹੇ ਪਿੰਡ ਉਗਰਾਪੁਰ ਵਿਚ ਉਨ੍ਹਾਂ ਦਾ ਜਨਮ ਹੋਇਆ ਸੀ। ਪਿਤਾ ਦੇ ਦਿਹਾਂਤ ਮਗਰੋਂ ਆਰਥਿਕ ਤੰਗੀ ਦਰਮਿਆਨ ਸੀਮਾ ਨੇ ਕਾਨੂੰਨ ਦੀ ਪੜ੍ਹਾਈ ਪੂਰੀ ਕੀਤੀ। ਸੀਮਾ ਪਹਿਲਾਂ ਆਈ. ਏ. ਐੱਸ. ਅਧਿਕਾਰੀ ਬਣਨਾ ਚਾਹੁੰਦੀ ਸੀ, ਇਸ ਲਈ ਉਨ੍ਹਾਂ ਨੇ ਤਿਆਰੀ ਵੀ ਕੀਤੀ ਸੀ। ਸੀਮਾ ਦੇ ਪਤੀ ਰਾਕੇਸ਼ ਬਿਹਾਰ ਸੂਬੇ ਦੇ ਮੁੰਗੇਰ ਦੇ ਰਹਿਣ ਵਾਲੇ ਹਨ, ਜੋ ਕਿ ਗਣਿਤ ਦੇ ਅਧਿਆਪਕ ਹਨ ਅਤੇ ਦਿੱਲੀ 'ਚ ਆਈ. ਆਈ. ਟੀ. ਦੀ ਤਿਆਰੀ ਕਰਾਉਣ ਵਾਲੀ ਇਕ ਸੰਸਥਾ ਨਾਲ ਜੁੜੇ ਹੋਏ ਹਨ।


Tanu

Content Editor

Related News