ਸੰਸਦ ਦੇ ਬਜਟ ਸੈਸ਼ਨ ਦਾ ਦੂਜਾ ਪੜਾਅ ਭਲਕੇ ਹੋਵੇਗਾ ਸ਼ੁਰੂ
Sunday, Mar 07, 2021 - 02:39 PM (IST)
ਨਵੀਂ ਦਿੱਲੀ— ਸੰਸਦ ਦੇ ਬਜਟ ਸੈਸ਼ਨ ਦਾ ਦੂਜਾ ਪੜਾਅ ਸੋਮਵਾਰ ਯਾਨੀ ਕਿ ਭਲਕੇ ਸ਼ੁਰੂ ਹੋਵੇਗਾ। 4 ਸੂਬਿਆਂ ਅਤੇ ਇਕ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਹੋਣ ਵਾਲੀ ਵਿਧਾਨ ਸਭਾ ਚੋਣਾਂ ਲਈ ਚੱਲ ਰਹੇ ਚੋਣ ਪ੍ਰਚਾਰ ਦਰਮਿਆਨ ਇਹ ਪੜਾਅ ਮਹੀਨਾ ਭਰ ਚੱਲੇਗਾ। ਸੈਸ਼ਨ ਦੇ ਦੂਜੇ ਪੜਾਅ ਵਿਚ ਸਰਕਾਰ ਦਾ ਧਿਆਨ ਮੁੱਖ ਰੂਪ ਨਾਲ ਵਿੱਤੀ ਬਿੱਲ ਅਤੇ ਵਿੱਤੀ ਸਾਲ 2021-22 ਲਈ ਗਰਾਂਟਾਂ ਲਈ ਕਈ ਪੂਰਕ ਮੰਗਾਂ ਨੂੰ ਪਾਸ ਕਰਾਉਣਾ ਹੋਵੇਗਾ। ਇਨ੍ਹਾਂ ਜ਼ਰੂਰੀ ਏਜੰਡੇ ਤੋਂ ਇਲਾਵਾ ਸਰਕਾਰ ਨੇ ਇਸ ਸੈਸ਼ਨ ਵਿਚ ਕਈ ਬਿੱਲ ਪਾਸ ਕਰਾਉਣ ਲਈ ਸੂਚੀਬੱਧ ਕੀਤਾ ਹੈ। ਇਸ ਸੈਸ਼ਨ ਦੀ ਸਮਾਪਤੀ 8 ਅਪ੍ਰੈਲ ਨੂੰ ਹੋਵੇਗੀ। ਸੰਸਦ ਮੈਂਬਰਾਂ ਲਈ 9 ਮਾਰਚ ਤੋਂ ਸੰਸਦ ਭਵਨ ਮੈਡੀਕਲ ਸੈਂਟਰ ਵਿਚ ਇਕ ਕੋਵਿਡ-19 ਟੀਕਾਕਰਨ ਕੇਂਦਰ ਸਥਾਪਤ ਕੀਤਾ ਗਿਆ ਹੈ।
ਸਰਕਾਰ ਨੇ ਜਿਨ੍ਹਾਂ ਬਿੱਲਾਂ ਨੂੰ ਸੂਚੀਬੱਧ ਕੀਤਾ ਹੈ, ਉਨ੍ਹਾਂ ’ਚ ਪੈਨਸ਼ਨ ਨਿਧੀ ਨਿਯਾਮਕ ਅਤੇ ਵਿਕਾਸ ਅਥਾਰਟੀ (ਸੋਧ) ਬਿੱਲ, ਰਾਸ਼ਟਰੀ ਫੰਡਿੰਗ ਬੁਨਿਆਦੀ ਢਾਂਚਾ ਅਤੇ ਵਿਕਾਸ ਬੈਂਕ ਬਿੱਲ, ਬਿਜਲੀ (ਸੋਧ) ਬਿੱਲ, ਡਿਜ਼ੀਟਲ ਮੁਦਰਾ ਨਿਯਮਨ ਬਿੱਲ ਸ਼ਾਮਲ ਹਨ। ਬਜਟ ਸੈਸ਼ਨ ਦਾ ਦੂਜਾ ਪੜਾਅ ਅਜਿਹੇ ਸਮੇਂ ਹੋ ਰਿਹਾ ਹੈ, ਜਦੋਂ ਸਾਰੀਆਂ ਸਿਆਸੀ ਪਾਰਟੀਆਂ ਦਾ ਧਿਆਨ ਪੱਛਮੀ ਬੰਗਾਲ, ਤਾਮਿਲਨਾਡੂ, ਆਸਾਮ, ਕੇਰਲ ਅਤੇ ਪੁਡੂਚੇਰੀ ਵਿਚ ਵਿਧਾਨ ਸਭਾ ਚੋਣਾਂ ’ਤੇ ਹਨ। ਇਨ੍ਹਾਂ ਸੂਬਿਆਂ ਵਿਚ 27 ਮਾਰਚ ਤੋਂ 6 ਅਪ੍ਰੈਲ ਤੱਕ ਚੋਣਾਂ ਹੋਣੀਆਂ ਹਨ। ਅਨੁਮਾਨ ਹੈ ਕਿ ਚੋਣ ਪ੍ਰਚਾਰ ਦੀ ਖ਼ਾਤਰ ਕਈ ਖੇਤਰੀ ਦਲਾਂ ਦੇ ਸੀਨੀਅਰ ਨੇਤਾ ਸਦਨ ਦੀ ਬੈਠਕਾਂ ਵਿਚ ਗੈਰ-ਹਾਜ਼ਰ ਰਹਿਣਗੇ। ਬਜਟ ਦਾ ਪਹਿਲਾ ਸੈਸ਼ਨ 29 ਜਨਵਰੀ ਨੂੰ ਸ਼ੁਰੂ ਹੋਇਆ ਸੀ, ਜਿਸ ’ਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦੋਹਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਿਤ ਕੀਤਾ ਸੀ। ਰਾਸ਼ਟਰਪਤੀ ਦੇ ਭਾਸ਼ਣ ਦਾ ਕਾਂਗਰਸ ਸਮੇਤ 20 ਤੋਂ ਵਧੇਰੇ ਵਿਰੋਧੀ ਪਾਰਟੀਆਂ ਨੇ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਬਾਇਕਾਟ ਕੀਤਾ ਸੀ। ਕੇਂਦਰੀ ਬਜਟ ਇਕ ਫਰਵਰੀ ਨੂੰ ਪੇਸ਼ ਕੀਤਾ ਗਿਆ ਸੀ।
ਕਦੋਂ ਤੋਂ ਕਦੋਂ ਤੱਕ ਚਲੇਗੀ ਸੰਸਦ ਦੀ ਕਾਰਵਾਈ-
ਬਜਟ ਸੈਸ਼ਨ ਦੇ ਪਹਿਲੇ ਪੜਾਅ ਵਾਂਗ ਇਸ ਵਾਰ ਵੀ ਕੋਰੋਨਾ ਉਪਾਵਾਂ ਦੇ ਚੱਲਦਿਆਂ ਸੰਸਦ ਦੇ ਦੋਹਾਂ ਸਦਨਾਂ ਦੀ ਕਾਰਵਾਈ ਵੱਖ-ਵੱਖ ਸਮੇਂ ’ਤੇ ਹੋਵੇਗੀ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸੂਚਿਤ ਕੀਤਾ ਕਿ ਰਾਜ ਸਭਾ ਸਵੇਰੇ 9 ਤੋਂ ਦੁਪਹਿਰ 2 ਵਜੇ ਤੱਕ ਚਲੇਗੀ। ਜਦਕਿ ਲੋਕ ਸਭਾ 4 ਤੋਂ ਰਾਤ 10 ਵਜੇ ਦਰਮਿਆਨ ਕੰਮ ਕਰੇਗੀ।