ਤਲਾਕ ਦੀ ਅਰਜ਼ੀ ਪੈਂਡਿੰਗ ਹੋਣ 'ਤੇ ਵੀ ਜਾਇਜ਼ ਹੈ ਦੂਜਾ ਵਿਆਹ: ਸੁਪਰੀਮ ਕੋਰਟ

Sunday, Aug 26, 2018 - 03:45 PM (IST)

ਤਲਾਕ ਦੀ ਅਰਜ਼ੀ ਪੈਂਡਿੰਗ ਹੋਣ 'ਤੇ ਵੀ ਜਾਇਜ਼ ਹੈ ਦੂਜਾ ਵਿਆਹ: ਸੁਪਰੀਮ ਕੋਰਟ

ਨਵੀਂ ਦਿੱਲੀ— ਤਲਾਕ ਨੂੰ ਲੈ ਕੇ ਜੇਕਰ ਦੋਵਾਂ ਪੱਖਾਂ ਵਿਚਕਾਰ ਕੇਸ ਵਾਪਸੀ 'ਤੇ ਸਮਝੌਤਾ ਹੋ ਗਿਆ ਹੋਵੇ ਤਾਂ ਪਟੀਸ਼ਨ ਪੈਂਡਿੰਗ ਰਹਿੰਦੇ ਹੋਏ ਵੀ ਦੂਜਾ ਵਿਆਹ ਜਾਇਜ਼ ਹੈ। ਸੁਪਰੀਮ ਕੋਰਟ ਨੇ ਇਕ ਮਾਮਲੇ ਦੀ ਸੁਣਵਾਈ ਕਰਦੇ ਹੋਏ ਇਹ ਵਿਵਸਥਾ ਦਿੱਤੀ ਹੈ। ਕੋਰਟ ਨੇ ਕਿਹਾ ਕਿ ਤਲਾਕ ਖਿਲਾਫ ਦਾਖਲ ਅਪੀਲ ਖਾਰਜ ਹੋਣ ਤੋਂ ਪਹਿਲਾਂ ਦੂਜੇ ਵਿਆਹ 'ਤੇ ਰੋਕ ਸੰਬੰਧੀ ਧਾਰਾ ਲਾਗੂ ਨਹੀਂ ਹੁੰਦੀ, ਜਦੋਂ ਪਾਰਟੀਆਂ ਨੇ ਕੇਸ ਵਾਪਸ ਲੈਣ ਦਾ ਸਮਝੌਤਾ ਕਰ ਲਿਆ ਹੋਵੇ। ਦੱਸ ਦੇਈਏ ਕਿ ਹਿੰਦੂ ਵਿਆਹ ਐਕਟ ਦੇ ਤਹਿਤ ਤਲਾਕ ਖਿਲਾਫ ਦਾਖਲ ਅਪੀਲ ਦੀ ਪੈਂਡੈਂਸੀ ਦੌਰਾਨ ਦੋਵਾਂ 'ਚੋਂ ਕਿਸੇ ਵੀ ਪਾਰਟੀ ਦੇ ਦੂਜੇ ਵਿਆਹ 'ਤੇ ਰੋਕ ਲਗਾਈ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਸਾਡੀ ਰਾਏ ਹੈ ਕਿ ਹਿੰਦੂ ਵਿਆਹ ਐਕਟ ਦੀ ਧਾਰਾ 15 ਦੇ ਤਹਿਤ ਤਲਾਕ ਖਿਲਾਫ ਅਪੀਲ ਦੀ ਪੈਂਡੈਂਸੀ ਦੌਰਾਨ ਦੂਜੇ ਵਿਆਹ 'ਤੇ ਰੋਕ ਦੀ ਧਾਰਾ ਉਦੋਂ ਲਾਗੂ ਨਹੀਂ ਹੁੰਦੀ, ਜਦੋਂ ਪਾਰਟੀਆਂ ਨੇ ਸਮਝੌਤੇ ਦੇ ਆਧਾਰ 'ਤੇ ਕੇਸ ਅੱਗੇ ਨਾ ਚਲਾਉਣ ਦਾ ਫੈਸਲਾ ਕਰ ਲਿਆ ਹੋਵੇ। ਮੌਜੂਦਾ ਮਾਮਲੇ 'ਚ ਤਲਾਕ ਦੇ ਫਰਮਾਨ ਖਿਲਾਫ ਅਪੀਲ ਪੈਂਡੈਂਸੀ ਦੌਰਾਨ ਪਤੀ ਨੇ ਪਹਿਲੀ ਪਤਨੀ ਨਾਲ ਸਮਝੌਤਾ ਕਰ ਲਿਆ ਅਤੇ ਕੇਸ ਵਾਪਸ ਲੈਣ ਦੀ ਅਰਜ਼ੀ ਲਗਾਈ ਅਤੇ ਇਸ ਦੌਰਾਨ ਦੂਜਾ ਵਿਆਹ ਕਰ ਲਿਆ। ਹਾਈ ਕੋਰਟ ਨੇ ਵਿਆਹ ਨਾਜਾਇਜ਼ ਕਰਾਰ ਦਿੱਤਾ ਸੀ ਪਰ ਸੁਪਰੀਮ ਕੋਰਟ ਨੇ ਪਤੀ ਦੀ ਅਰਜ਼ੀ ਸਵੀਕਾਰ ਕਰਦੇ ਹੋਏ ਕੋਰਟ ਦੇ ਫੈਸਲੇ ਨੂੰ ਖਾਰਜ ਕਰ ਦਿੱਤਾ।

ਕੀ ਸੀ ਮਾਮਲਾ—
ਰਮੇਸ਼ ਕੁਮਾਰ (ਬਦਲਿਆ ਹੋਇਆ ਨਾਂ) ਦਾ ਵਿਆਹ ਹੋਇਆ। ਵਿਆਹ ਤੋਂ ਬਾਅਦ ਪਤਨੀ ਨੇ ਤਲਾਕ ਦੀ ਅਰਜ਼ੀ ਦਾਖਲ ਕੀਤੀ, ਕੋਰਟ ਨੇ 31 ਅਗਸਤ, 2009 ਨੂੰ ਪਤਨੀ ਦੇ ਪੱਖ 'ਚ ਤਲਾਕ ਦਾ ਬਿੱਲ ਪਾਸ ਕਰ ਦਿੱਤਾ। ਰਮੇਸ਼ ਨੇ ਉਸ ਫੈਸਲੇ ਨੂੰ ਹਾਈਕੋਰਟ 'ਚ ਚੁਣੌਤੀ ਦਿੱਤੀ। ਇਸ ਵਿਚਕਾਰ ਦੋਵਾਂ ਨੇ ਕੇਸ ਵਾਪਸ ਲੈਣ ਬਾਰੇ ਸਮਝੌਤਾ ਕਰ ਲਿਆ। 15 ਅਕਤੂਬਰ, 2011 ਨੂੰ ਰਮੇਸ਼ ਨੇ ਸਮਝੌਤੇ ਦੇ ਆਧਾਰ 'ਤੇ ਅਪੀਲ ਵਾਪਸ ਲੈਣ ਦੀ ਅਰਜ਼ੀ ਦਾਖਲ ਕਰ ਦਿੱਤੀ। 28 ਨਵੰਬਰ, 2011 ਨੂੰ ਹਾਈਕੋਰਟ 'ਚ ਮਾਮਲਾ ਟੇਕਅਪ ਹੋਇਆ ਅਤੇ 20 ਦਸੰਬਰ 2011 ਨੂੰ ਅਰਜ਼ੀ ਦਾ ਨਿਪਟਾਰਾ ਕਰ ਦਿੱਤਾ ਗਿਆ ਪਰ ਪੈਂਡੈਂਸੀ ਦੌਰਾਨ 6 ਦਸੰਬਰ 2011 ਨੂੰ ਰਮੇਸ਼ ਨੇ ਦੂਜਾ ਵਿਆਹ ਕਰ ਲਿਆ।

ਦੂਜੇ ਵਿਆਹ ਖਿਲਾਫ ਮਹਿਲਾ ਪਹੁੰਚੀ ਸੀ ਅਦਾਲਤ—
ਹੁਣ ਦੂਜੇ ਵਿਆਹ ਤੋਂ ਬਾਅਦ ਮਹਿਲਾ ਨੇ ਅਰਜ਼ੀ ਦਾਖਲ ਕਰਕੇ ਕਿਹਾ ਕਿ ਉਸ ਦਾ ਵਿਆਹ ਜ਼ੀਰੋ ਕਰਾਰ ਦਿੱਤਾ ਜਾਵੇ, ਕਿਉਂਕਿ ਪਹਿਲੇ ਵਿਆਹ ਤੋਂ ਬਾਅਦ ਤਲਾਕ ਦੀ ਅਪੀਲ ਪੈਂਡਿੰਗ ਰਹਿਣ ਦੌਰਾਨ 6 ਦਸੰਬਰ 2011 ਨੂੰ ਵਿਆਹ ਹੋਇਆ ਸੀ। ਹਿੰਦੂ ਵਿਆਹ ਐਕਟ ਦੀ ਧਾਰਾ 15 ਦੇ ਤਹਿਤ ਇਹ ਵਿਆਹ ਜਾਇਜ਼ ਨਹੀਂ ਹੈ। ਦੂਜੀ ਮਹਿਲਾ ਦੀ ਅਰਜ਼ੀ ਹੇਠਲੀ ਅਦਾਲਤ ਨੇ ਖਾਰਜ ਕਰ ਦਿੱਤੀ ਪਰ ਹਾਈਕੋਰਟ ਨੇ ਮਨਜ਼ੂਰ ਕਰ ਲਿਆ ਅਤੇ ਵਿਆਹ ਨੂੰ ਨਾਜਾਇਜ਼ ਕਰਾਰ ਦੇ ਦਿੱਤਾ। ਇਸ ਤੋਂ ਬਾਅਦ ਰਮੇਸ਼ ਕੁਮਾਰ ਨੇ ਸੁਪਰੀਮ ਕੋਰਟ 'ਚ ਅਰਜ਼ੀ ਦਾਖਲ ਕਰ ਦਿੱਤੀ ਅਤੇ ਹਾਈਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੱਤੀ।

ਸੁਪਰੀਮ ਕੋਰਟ ਦੇ ਸਾਹਮਣੇ ਕੀ ਸੀ ਸਵਾਲ—
ਸਭ ਤੋਂ ਅਹਿਮ ਸਵਾਲ ਸੁਪਰੀਮ ਕੋਰਟ ਦੇ ਸਾਹਮਣੇ ਇਹ ਸੀ ਕਿ ਕੀ ਵਿਆਹ ਤੋਂ ਬਾਅਦ ਜਦੋਂ ਤਲਾਕ ਹੋ ਜਾਵੇ ਅਤੇ ਤਲਾਕ ਨੂੰ ਹਾਈਕੋਰਟ 'ਚ ਚੁਣੌਤੀ ਦੇ ਦਿੱਤੀ ਜਾਵੇ ਤਾਂ ਪੈਂਡੈਂਸੀ ਦੌਰਾਨ ਹੋਇਆ ਦੂਜਾ ਵਿਆਹ ਜਾਇਜ਼ ਹੈ ਜਾਂ ਨਹੀਂ? ਅਰਜ਼ੀ ਦਾ ਨਿਪਟਾਰਾ ਸਮਝੌਤੇ ਦੇ ਆਧਾਰ 'ਤੇ ਦਾਖਲ ਪਟੀਸ਼ਨ ਦੀ ਤਰੀਕ 'ਤੇ ਨਿਰਭਰ ਕਰੇਗਾ?

ਹਿੰਦੂ ਵਿਆਹ ਐਕਟ ਦੀ ਧਾਰਾ-15 ਦੀ ਵਿਵਸਥਾ—
ਕਾਨੂੰਨੀ ਵਿਵਸਥਾ ਦੇ ਤਹਿਤ ਜੇਕਰ ਤਲਾਕ ਹੋ ਜਾਵੇ ਅਤੇ ਤਲਾਕ ਖਿਲਾਫ ਤੈਅ ਸਮੇਂ ਸੀਮਾ 'ਚ ਅਪੀਲ ਦਾਖਲ ਨਾ ਕੀਤੀ ਗਈ ਹੋਵੇ ਤਾਂ ਉਸ ਤੋਂ ਬਾਅਦ ਦੂਜਾ ਵਿਆਹ ਹੋ ਸਕਦਾ ਹੈ, ਜੇਕਰ ਤਲਾਕ ਖਿਲਾਫ ਕਿਸੇ ਨੇ ਅਪੀਲ ਦਾਖਲ ਕਰ ਦਿੱਤੀ ਹੋਵੇ ਤਾਂ ਅਪੀਲ ਪੈਂਡੈਂਸੀ ਦੌਰਾਨ ਵਿਆਹ ਨਹੀਂ ਹੋ ਸਕਦਾ, ਸਗੋਂ ਅਪੀਲ ਖਾਰਜ ਹੋਣ ਤੋਂ ਬਾਅਦ ਦੂਜਾ ਵਿਆਹ ਹੋ ਸਕਦਾ ਹੈ।

ਸੁਪਰੀਮ ਕੋਰਟ ਨੇ ਕੀ ਦਿੱਤਾ ਫੈਸਲਾ—
ਅਦਾਲਤ ਨੇ ਆਪਣੇ ਫੈਸਲੇ 'ਚ ਕਿਹਾ ਕਿ ਹਿੰਦੂ ਵਿਆਹ ਐਕਟ ਸੋਸ਼ਲ ਵੈਲਫੇਅਰ ਕਾਨੂੰਨ ਹੈ। ਕਾਨੂੰਨ ਸਹੂਲਤ ਲਈ ਹੈ। ਹਿੰਦੂ ਵਿਆਹ ਐਕਟ ਦੀ ਧਾਰਾ-15 ਦੇ ਤਹਿਤ ਵਿਵਸਥਾ ਹੈ ਕਿ ਤਲਾਕ ਖਿਲਾਫ ਅਪੀਲ ਖਾਰਜ ਹੋਣ ਤੋਂ ਪਹਿਲਾਂ ਵਿਆਹ ਗੈਰ-ਕਾਨੂੰਨੀ ਹੈ। ਐਕਟ ਦੀ ਧਾਰਾ ਦਾ ਮਕਸਦ ਇਹ ਹੈ ਕਿ ਜਿਸ ਨੇ ਅਪੀਲ ਕੀਤੀ ਹੋਈ ਹੈ, ਉਸ ਦਾ ਅਧਿਕਾਰ ਬਚਾਉਣ ਲਈ ਕੀਤਾ ਜਾਵੇ। ਦੂਜੇ ਵਿਆਹ ਤੋਂ ਪਰੇਸ਼ਾਨੀ ਨਾ ਹੋਵੇ, ਮੌਜੂਦਾ ਮਾਮਲੇ 'ਚ ਤਲਾਕ ਖਿਲਾਫ ਪਤੀ ਨੇ ਅਪੀਲ ਕੀਤੀ ਸੀ। ਪੈਂਡੈਂਸੀ ਦੌਰਾਨ ਉਸ ਦਾ ਸਾਬਕਾ ਪਤਨੀ ਨਾਲ ਸਮਝੌਤਾ ਹੋ ਗਿਆ ਅਤੇ ਕੇਸ ਨਾ ਲੜਨ ਦਾ ਫੈਸਲਾ ਲੈਂਦੇ ਹੋਏ ਅਰਜ਼ੀ ਵਾਪਸ ਲੈਣ ਦੀ ਗੁਹਾਰ ਲਗਾਈ।


Related News