SCO summit 2024: ਅੱਤਵਾਦ ਨਾਲ ਕੋਈ ਵਪਾਰ ਨਹੀਂ, ਪਾਕਿਸਤਾਨ ''ਚ ਗਰਜੇ ਐੱਸ. ਜੈਸ਼ੰਕਰ
Wednesday, Oct 16, 2024 - 03:04 PM (IST)
ਇਸਲਾਮਾਬਾਦ (ਏਜੰਸੀ)- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਪਾਕਿਸਤਾਨ ਨੂੰ ਅਸਿੱਧਾ ਸੰਦੇਸ਼ ਦਿੰਦੇ ਹੋਏ ਬੁੱਧਵਾਰ ਨੂੰ ਕਿਹਾ ਕਿ ਜੇਕਰ ਸਰਹੱਦ ਪਾਰ ਦੀਆਂ ਗਤੀਵਿਧੀਆਂ ਅੱਤਵਾਦ, ਕੱਟੜਵਾਦ ਅਤੇ ਵੱਖਵਾਦ 'ਤੇ ਆਧਾਰਿਤ ਹੋਣਗੀਆਂ ਤਾਂ ਵਪਾਰ, ਊਰਜਾ ਅਤੇ ਸੰਪਰਕ ਸੁਵਿਧਾ ਵਰਗੇ ਖੇਤਰਾਂ ਵਿਚ ਸਹਿਯੋਗ ਵਧਾਉਣ ਦੀ ਕੋਈ ਸੰਭਾਵਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਤਵਾਦ ਅਤੇ ਵਪਾਰ ਇਕੱਠੇ ਨਹੀਂ ਚੱਲ ਸਕਦੇ। ਜੈਸ਼ੰਕਰ ਨੇ ਸ਼ੰਘਾਈ ਸਹਿਯੋਗ ਸੰਗਠਨ (ਐੱਸ.ਸੀ.ਓ.) ਦੇ ਇੱਕ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਹਿਯੋਗ ਆਪਸੀ ਸਨਮਾਨ ਅਤੇ ਸਮਾਨਤਾ 'ਤੇ ਅਧਾਰਤ ਹੋਣਾ ਚਾਹੀਦਾ ਹੈ ਅਤੇ ਇਸ ਵਿਚ ਰਾਸ਼ਟਰਾਂ ਦੀ ਖੇਤਰੀ ਅਖੰਡਤਾ ਅਤੇ ਪ੍ਰਭੂਸੱਤਾ ਨੂੰ ਮਾਨਤਾ ਦੇਣੀ ਚਾਹੀਦੀ ਹੈ। ਪਾਕਿਸਤਾਨ-ਚੀਨ ਦਾ ਨਾਂ ਲਏ ਬਿਨਾਂ ਜੈਸ਼ੰਕਰ ਨੇ ਕਿਹਾ ਕਿ ਸਾਰੇ ਦੇਸ਼ਾਂ ਨੂੰ ਇਕ-ਦੂਜੇ ਦੀਆਂ ਸਰਹੱਦਾਂ ਦਾ ਸਨਮਾਨ ਕਰਨ ਦੀ ਲੋੜ ਹੈ।
ਇਹ ਵੀ ਪੜ੍ਹੋ: ਐਲੋਨ ਮਸਕ ਨੇ ਡੋਨਾਲਡ ਟਰੰਪ ਦੀ ਪ੍ਰਚਾਰ ਮੁਹਿੰਮ ਲਈ ਦਾਨ ਕੀਤੇ 7.50 ਕਰੋੜ ਡਾਲਰ
ਵਿਦੇਸ਼ ਮੰਤਰੀ ਨੇ ਇਸਲਾਮਾਬਾਦ ਵਿੱਚ ਆਯੋਜਿਤ ਐੱਸ.ਸੀ.ਓ. ਦੇਸ਼ਾਂ ਦੀ ਸਰਕਾਰ ਦੇ ਮੁਖੀਆਂ ਦੀ ਕੌਂਸਲ (ਸੀ.ਐੱਚ.ਜੀ.) ਦੇ ਸਿਖਰ ਸੰਮੇਲਨ ਵਿੱਚ ਭਾਰਤੀ ਵਫ਼ਦ ਦੀ ਅਗਵਾਈ ਕੀਤੀ। ਇਸ ਸੰਮੇਲਨ ਦੀ ਪ੍ਰਧਾਨਗੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਕੀਤੀ। ਜੈਸ਼ੰਕਰ ਨੇ ਕਿਹਾ ਕਿ ਸਹਿਯੋਗ ਲਈ ਭਰੋਸਾ ਮਹੱਤਵਪੂਰਨ ਹੈ ਅਤੇ ਜੇਕਰ ਸਮੂਹ ਮਿਲ ਕੇ ਅੱਗੇ ਵਧਦਾ ਹੈ ਤਾਂ SCO ਮੈਂਬਰ ਦੇਸ਼ਾਂ ਨੂੰ ਬਹੁਤ ਫਾਇਦਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸਹਿਯੋਗ ਆਪਸੀ ਸਨਮਾਨ ਅਤੇ ਪ੍ਰਭੂਸੱਤਾ ਦੀ ਬਰਾਬਰੀ 'ਤੇ ਆਧਾਰਿਤ ਹੋਣਾ ਚਾਹੀਦਾ ਹੈ। ਇਸ ਵਿੱਚ ਖੇਤਰੀ ਅਖੰਡਤਾ ਅਤੇ ਪ੍ਰਭੂਸੱਤਾ ਨੂੰ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ। ਇਹ ਸੱਚੀ ਭਾਈਵਾਲੀ 'ਤੇ ਆਧਾਰਿਤ ਹੋਣਾ ਚਾਹੀਦਾ ਹੈ, ਨਾ ਕਿ ਇਕਪਾਸੜ ਏਜੰਡੇ 'ਤੇ। ਜੇਕਰ ਅਸੀਂ ਆਲਮੀ ਪ੍ਰਣਾਲੀਆਂ,ਖਾਸ ਤੌਰ 'ਤੇ ਵਪਾਰ ਅਤੇ ਆਵਾਜਾਈ ਦੇ ਖੇਤਰਾਂ ਵਿੱਚ ਆਪਣੇ ਫਾਇਦੇ ਦੇ ਹਿਸਾਬ ਨਾਲ ਚੋਣ ਕਰਾਂਗੇ ਤਾਂ ਇਹ (ਸਹਿਯੋਗ) ਅੱਗੇ ਨਹੀਂ ਵੱਧ ਸਕਦਾ।' ਉਨ੍ਹਾਂ ਦੀ ਇਸ ਟਿੱਪਣੀ ਨੂੰ ਅਹਿਮ ਮੁੱਦਿਆਂ 'ਤੇ ਚੀਨ ਦੇ ਹਮਲਾਵਰ ਵਿਵਹਾਰ ਦੇ ਸੰਦਰਭ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਕਮਲਾ ਹੈਰਿਸ ਨੇ ਚੋਣ ਪ੍ਰਚਾਰ ਦੌਰਾਨ ਗੈਰ ਗੋਰੇ ਲੋਕਾਂ ਨਾਲ ਵਿਤਕਰੇ ਦਾ ਚੁੱਕਿਆ ਮੁੱਦਾ
ਜੈਸ਼ੰਕਰ ਨੇ ਕਿਹਾ, "ਪਰ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਸਾਡੀਆਂ ਕੋਸ਼ਿਸ਼ਾਂ ਉਦੋਂ ਹੀ ਅੱਗੇ ਵਧਣਗੀਆਂ, ਜਦੋਂ ਚਾਰਟਰ ਪ੍ਰਤੀ ਸਾਡੀ ਵਚਨਬੱਧਤਾ ਮਜ਼ਬੂਤ ਰਹੇਗੀ। ਇਹ ਸਵੈ-ਸਪੱਸ਼ਟ ਹੈ ਕਿ ਵਿਕਾਸ ਅਤੇ ਵਾਧੇ ਲਈ ਸ਼ਾਂਤੀ ਅਤੇ ਸਥਿਰਤਾ ਜ਼ਰੂਰੀ ਹੈ। ਜਿਵੇਂ ਕਿ ਚਾਰਟਰ ਵਿੱਚ ਸਪੱਸ਼ਟ ਕੀਤਾ ਗਿਆ ਹੈ, ਇਸਦਾ ਅਰਥ ਹੈ "ਤਿੰਨ ਬੁਰਾਈਆਂ" ਦਾ ਮੁਕਾਬਲਾ ਕਰਨ ਵਿੱਚ ਦ੍ਰਿੜ ਰਹਿਣਾ ਅਤੇ ਸਮਝੌਤਾ ਨਾ ਕਰਨਾ।' ਉਨ੍ਹਾਂ ਕਿਹਾ, "ਜੇਕਰ ਸਰਹੱਦ ਪਾਰ ਦੀਆਂ ਗਤੀਵਿਧੀਆਂ ਅੱਤਵਾਦ, ਕੱਟੜਪੰਥ ਅਤੇ ਵੱਖਵਾਦ ਨਾਲ ਜੁੜੀਆਂ ਹਨ, ਤਾਂ ਉਹਨਾਂ ਨਾਲ ਵਪਾਰ, ਊਰਜਾ ਦੇ ਪ੍ਰਵਾਹ, ਸੰਪਰਕ ਅਤੇ ਲੋਕਾਂ ਵਿਚਾਲੇ ਆਪਸੀ ਲੈਣ-ਦੇਣ ਨੂੰ ਉਤਸ਼ਾਹ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ।" ਵਿਦੇਸ਼ ਮੰਤਰੀ ਨੇ ਹਰੇਕ SCO ਮੈਂਬਰ ਰਾਜ ਦੁਆਰਾ ਸਮੂਹੀ ਦੇ ਚਾਰਟਰ ਦੀ ਸਖਤੀ ਨਾਲ ਪਾਲਣਾ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਅਤੇ ਆਪਸੀ ਵਿਸ਼ਵਾਸ, ਦੋਸਤੀ ਅਤੇ ਚੰਗੇ ਗੁਆਂਢੀ ਦੀ ਭਾਵਨਾ ਨੂੰ ਮਜ਼ਬੂਤ ਕਰਨ ਦੇ ਇਸ ਦੇ ਸਾਰ ਨੂੰ ਉਜਾਗਰ ਕੀਤਾ।
ਇਹ ਵੀ ਪੜ੍ਹੋ: ਟਰੰਪ ਦਾ ਵੱਡਾ ਬਿਆਨ, ਕਿਹਾ- 'ਦੁਸ਼ਮਣਾਂ ਨਾਲੋਂ ਸਾਡੇ ਸਹਿਯੋਗੀਆਂ ਨੇ ਸਾਡਾ ਵੱਧ ਫਾਇਦਾ ਚੁੱਕਿਆ'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8