ਕੋਰੋਨਾ ਵਿਰੁੱਧ ਜੰਗ : ਭਾਰਤੀ ਮਹਿਲਾ ਵਿਗਿਆਨੀ ਨੇ ਤਿਆਰ ਕੀਤੀ ਕੋਰੋਨਾ ਟੈਸਟਿੰਗ ਕਿੱਟ

Sunday, Mar 29, 2020 - 02:03 PM (IST)

ਮੁੰਬਈ (ਭਾਸ਼ਾ)— ਕੋਰੋਨਾ ਵਾਇਰਸ ਦੀ ਲਪੇਟ 'ਚ ਦੁਨੀਆ ਦੇ ਕਰੀਬ 200 ਦੇਸ਼ ਆ ਚੁੱਕੇ ਹਨ। ਭਾਰਤ 'ਚ ਵੀ ਕੋਰੋਨਾ ਵਾਇਰਸ ਕਾਰਨ ਹੁਣ ਤਕ 900 ਤੋਂ ਜ਼ਿਆਦਾ ਲੋਕ ਪਾਜੀਟਿਵ ਮਿਲੇ ਹਨ। ਉੱਥੇ ਹੀ ਮ੍ਰਿਤਕਾਂ ਦੀ ਗਿਣਤੀ 24 ਹੋ ਗਈ ਹੈ। ਇਸ ਦਰਮਿਆਨ ਭਾਰਤੀ ਮਹਿਲਾ ਵਿਗਿਆਨੀ (ਵਾਇਰਲੋਜਿਸਟ) ਮੀਨਲ ਦਖਾਵੇ ਭੋਸਲੇ ਨੇ ਇਕ ਟੈਸਟਿੰਗ ਕਿੱਟ ਤਿਆਰ ਕੀਤੀ ਹੈ, ਜਿਸ ਦੀ ਕੀਮਤ ਸਿਰਫ 1200 ਰੁਪਏ ਹੈ। ਜੋ ਵਿਦੇਸ਼ੀ ਕਿੱਟ ਦੀ ਤੁਲਨਾ ਵਿਚ ਕਾਫੀ ਸਸਤੀ ਹੈ। ਇਸ ਦੇ ਜ਼ਰੀਏ ਸ਼ੱਕੀਆਂ ਦਾ ਬਹੁਤ ਛੇਤੀ ਪਤਾ ਲੱਗ ਜਾਵੇਗਾ। 

ਇਸ ਮਹਿਲਾ ਵਾਇਰੋਲਾਜਿਸਟ ਨੇ ਆਪਣੇ ਬੱਚੇ ਨੂੰ ਜਨਮ ਦੇਣ ਤੋਂ ਮਹਿਜ ਕੁਝ ਹੀ ਘੰਟੇ ਪਹਿਲਾਂ ਲਗਾਤਾਰ ਕੰਮ ਕਰ ਕੇ ਭਾਰਤ ਦੀ ਪਹਿਲੀ ਵਰਕਿੰਗ ਟੈਸਟ ਕਿੱਟ ਤਿਆਰ ਕੀਤੀ ਹੈ। ਮੀਨਲ ਦੀਆਂ ਕੋਸ਼ਿਸ਼ਾਂ ਕਾਰਗਰ ਸਾਬਤ ਹੋਈਆਂ ਅਤੇ ਉਨ੍ਹਾਂ ਦੀ ਟੀਮ ਨੇ 6 ਹਫਤਿਆਂ ਦੇ ਰਿਕਾਰਡ ਸਮੇਂ ਵਿਚ ਜਾਂਚ ਕਿੱਟ ਤਿਆਰ ਕਰ ਲਈ। ਉਹ ਪੁਣੇ ਦੀ ਮਾਈਲੈਬ ਡਿਸਕਵਰੀ 'ਚ ਇਸ ਪ੍ਰਾਜੈਕਟ 'ਤੇ ਕੰਮ ਕਰ ਰਹੇ 10 ਲੋਕਾਂ ਦੀ ਟੀਮ ਦਾ ਮਾਰਗਦਰਸ਼ਨ ਕਰ ਰਹੀ ਸੀ। ਓਧਰ ਕੰਪਨੀ ਦੇ ਸਹਿ-ਸੰਸਥਾਪਕ ਸ਼੍ਰੀਕਾਂਤ ਪਟੋਲੇ ਨੇ ਕਿਹਾ ਕਿ ਕਿਸੇ ਦਵਾਈ ਦੀ ਖੋਜ ਵਾਂਗ ਹੀ ਟੈਸਟ ਕਿੱਟ ਨੂੰ ਵੀ ਉੱਚ ਸਟੀਕਤਾ ਹਾਸਲ ਕਰਨ ਲਈ ਕਈ ਪਰੀਖਣਾਂ 'ਚੋਂ ਲੰਘਣਾ ਪਿਆ ਹੈ। ਉਨ੍ਹਾਂ ਨੇ ਪ੍ਰਾਜੈਕਟ ਦੀ ਸਫਲਤਾ ਦਾ ਸਿਹਰਾ ਮੀਨਲ ਦਖਾਵੇ ਭੋਸਲੇ ਨੂੰ ਦਿੱਤਾ।

ਮੀਨਲ ਮੁਤਾਬਕ 10 ਵਿਗਿਆਨੀਆਂ ਦੀ ਉਨ੍ਹਾਂ ਦੀ ਟੀਮ ਨੇ ਇਸ ਪ੍ਰਾਜੈਕਟ ਨੂੰ ਸਫਲ ਬਣਾਉਣ ਲਈ ਕਾਫੀ ਮਿਹਨਤ ਕੀਤੀ। ਬਜ਼ਾਰ ਵਿਚ ਇਸ ਸਮੇਂ ਜੋ ਵਿਦੇਸ਼ੀ ਟੈਸਟਿੰਗ ਕਿੱਟ ਮੌਜੂਦ ਹੈ, ਉਸ ਦੀ ਕੀਮਤ 4500 ਰੁਪਏ ਹੈ। ਉੱਥੇ ਹੀ ਜੋ ਕਿੱਟ ਅਸੀਂ ਤਿਆਰ ਕੀਤੀ ਹੈ, ਉਸ ਦੀ ਕੀਮਤ ਸਿਰਫ 1200 ਰੁਪਏ ਹੈ। ਉਨ੍ਹਾਂ ਨੇ ਦੱਸਿਆ ਕਿ ਸਾਡੀ ਕਿੱਟ ਕੋਰੋਨਾ ਵਾਇਰਸ ਦੀ ਜਾਂਚ ਢਾਈ ਘੰਟੇ ਵਿਚ ਕਰ ਲੈਂਦੀ ਹੈ, ਜਦਕਿ ਵਿਦੇਸ਼ ਤੋਂ ਆਉਣ ਵਾਲੀ ਕਿੱਟ ਤੋਂ ਜਾਂਚ 'ਚ 6-7 ਘੰਟੇ ਲੱਗਦੇ ਹਨ। ਮੀਨਲ ਦੱਸਦੀ ਹੈ ਕਿ ਮੈਨੂੰ ਖੁਸ਼ੀ ਹੈ ਕਿ ਮੈਂ ਦੇਸ਼ ਲਈ ਕੁਝ ਕਰ ਸਕੀ। ਸ਼ੁੱਕਰਵਾਰ ਨੂੰ ਦੇਸ਼ ਦੇ 130 ਕਰੋੜ ਲੋਕਾਂ 'ਚੋਂ ਸਿਰਫ 27,000 ਦੀ ਹੀ ਕੋਰੋਨਾ ਵਾਇਰਸ ਲਈ ਜਾਂਚ ਹੋ ਸਕੀ। ਮਾਹਰਾਂ ਦਾ ਕਹਿਣਾ ਹੈ ਕਿ ਵੱਡੇ ਪੱਧਰ 'ਤੇ ਜਾਂਚ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਇਸ ਨਾਲ ਵਾਇਰਸ ਦਾ ਛੇਤੀ ਪਤਾ ਲਗਾ ਕੇ ਮੌਤਾਂ ਨੂੰ ਰੋਕਿਆ ਜਾ ਸਕਦਾ ਹੈ।
 


Tanu

Content Editor

Related News