ਸੁਪਰੀਮ ਕੋਰਟ ਪਸ਼ੂਆਂ ''ਚ ਲੰਪੀ ਚਮੜੀ ਰੋਗ ਦੇ ਮੁੱਦੇ ਨਾਲ ਸੰਬੰਧਤ ਪਟੀਸ਼ਨ ''ਤੇ 31 ਅਕਤੂਬਰ ਕਰੇਗਾ ਸੁਣਵਾਈ

10/12/2022 3:58:10 PM

ਨਵੀਂ ਦਿੱਲੀ (ਭਾਸ਼ਾ)- ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਪਸ਼ੂਆਂ ਵਿਚ ਲੰਪੀ ਚਮੜੀ ਰੋਗ ਨਾਲ ਸੰਬੰਧੀ ਮੁੱਦੇ ਨੂੰ ਉਠਾਉਣ ਵਾਲੀ ਪਟੀਸ਼ਨ 'ਤੇ 31 ਅਕਤੂਬਰ ਨੂੰ ਸੁਣਵਾਈ ਕਰੇਗਾ। ਚੀਫ਼ ਜਸਟਿਸ ਯੂ.ਯੂ. ਲਲਿਤ ਦੀ ਅਗਵਾਈ ਵਾਲੀ ਬੈਂਚ ਦੇ ਸਾਹਮਣੇ ਮਾਮਲੇ ਦੀ ਤੁਰੰਤ ਸੁਣਵਾਈ ਲਈ ਸੂਚੀਬੱਧ ਕਰਨ ਦਾ ਜ਼ਿਕਰ ਕੀਤਾ ਗਿਆ ਸੀ। ਮਾਮਲੇ ਦਾ ਜ਼ਿਕਰ ਕਰਨ ਵਾਲੇ ਵਕੀਲ ਨੇ ਬੈਂਚ ਨੂੰ ਦੱਸਿਆ ਕਿ ਇਹ ਬੀਮਾਰੀ ਪਸ਼ੂਆਂ 'ਚ ਫੈਲ ਰਹੀ ਹੈ ਅਤੇ ਇਸ ਬੀਮਾਰੀ ਕਾਰਨ ਹੁਣ ਤੱਕ 67,000 ਗਾਵਾਂ ਦੀ ਮੌਤ ਹੋ ਚੁੱਕੀ ਹੈ। ਬੈਂਚ 'ਚ ਜਸਟਿਸ ਅਜੇ ਰਸਤੋਗੀ ਅਤੇ ਜਸਟਿਸ ਐੱਸ.ਆਰ. ਭੱਟ ਵੀ ਸ਼ਾਮਲ ਹਨ। ਇਹ ਮਾਮਲਾ 31 ਅਕਤੂਬਰ ਨੂੰ ਸੁਣਵਾਈ ਲਈ ਸੂਚੀਬੱਧ ਕੀਤਾ ਗਿਆ। ਇਸ 'ਚ ਪਸ਼ੂਆਂ ਨੂੰ ਬੁਖ਼ਾਰ ਆਉਂਦਾ ਹੈ, ਚਮੜੀ 'ਤੇ ਗੰਢਾਂ ਬਣ ਜਾਂਦੀਆਂ ਹਨ ਅਤੇ ਇਸ ਕਾਰਨ ਉਨ੍ਹਾਂ ਦੀ ਮੌਤ ਵੀ ਹੋ ਸਕਦੀ ਹੈ। ਇਹ ਬੀਮਾਰੀ ਪਸ਼ੂਆਂ ਦੇ ਮੱਛਰਾਂ, ਮੱਖੀਆਂ, ਕੀੜਿਆਂ ਦੇ ਸਿੱਧੇ ਸੰਪਰਕ 'ਚ ਆਉਣ ਨਾਲ ਫੈਲਦੀ ਹੈ। ਇਹ ਦੂਸ਼ਿਤ ਚਾਰੇ (ਫੀਡ) ਅਤੇ ਪਾਣੀ ਨਾਲ ਵੀ ਫੈਲਦਾ ਹੈ।

ਕੇਂਦਰ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਜੁਲਾਈ 'ਚ ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ ਲੰਪੀ ਚਮੜੀ ਰੋਗ ਨਾਲ 67 ਹਜ਼ਾਰ ਤੋਂ ਵੱਧ ਪਸ਼ੂਆਂ ਦੀ ਮੌਤ ਹੋਈ ਹੈ। ਇਹ ਰੋਗ ਗੁਜਰਾਤ, ਰਾਜਸਥਾਨ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਸਮੇਤ ਕਈ ਸੂਬਿਆਂ 'ਚ ਫੈਲ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 12 ਸਤੰਬਰ ਨੂੰ ਕਿਹਾ ਸੀ ਕਿ ਕੇਂਦਰ ਅਤੇ ਸੂਬੇ ਇਸ ਬੀਮਾਰੀ ਨੂੰ ਫ਼ੈਲਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਇੰਟਰਨੈਸ਼ਨਲ ਡੇਅਰੀ ਸੰਘ ਵਿਸ਼ਵ ਡੇਅਰੀ ਸੰਮੇਲਨ (ਆਈ.ਡੀ.ਐੱਫ. ਡਬਲਿਊ.ਡੀ.ਐੱਸ.) 2022 ਦਾ ਉਦਘਾਟਨ ਕਰਨ ਤੋਂ ਬਾਅਦ ਕਿਹਾ ਸੀ ਕਿ ਲੰਪੀ ਚਮੜੀ ਰੋਗ ਲਈ ਦੇਸੀ ਟੀਕੇ ਦਾ ਵਿਕਾਸ ਕੀਤਾ ਗਿਆ ਹੈ। ਦਿੱਲੀ ਹਾਈ ਕੋਰਟ ਨੇ ਪਸ਼ੂਆਂ 'ਚ ਲੰਪੀ ਚਮੜੀ ਰੋਗ ਦੇ ਮਾਮਲਿਆਂ ਨਾਲ ਨਜਿੱਠਣ ਅਤੇ ਸੰਕਰਮਿਤ ਪਸ਼ੂਆਂ ਦੇ ਇਲਾਜ ਲਈ ਵੱਖਰਾ ਵਾਰਡ ਸਥਾਪਤ ਕਰਨ ਲਈ ਹਰ ਖੇਤਰ 'ਚ ਪਸ਼ੂ ਡਾਕਟਰਾਂ ਦੀ ਟੀਮ ਦੇ ਗਠਨ ਦੀ ਅਪੀਲ ਕਰਨ ਵਾਲੀ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ 28 ਸਤੰਬਰ ਨੂੰ ਦਿੱਲੀ ਸਰਕਾਰ ਅਤੇ ਦਿੱਲੀ ਨਗਰ ਨਿਗਮ ਤੋਂ ਜਵਾਬ ਮੰਗਿਆ ਸੀ।


DIsha

Content Editor

Related News