'84 ਕਤਲੇਆਮ ਮਾਮਲਾ : ਸੱਜਣ ਨੂੰ SC ਤੋਂ ਨਹੀਂ ਮਿਲੀ ਰਾਹਤ, ਸਿਹਤ ਜਾਂਚ ਦੇ ਨਿਰਦੇਸ਼

11/06/2019 1:03:05 PM

ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਬੁੱਧਵਾਰ ਭਾਵ ਅੱਜ ਕਾਂਗਰਸ ਦੇ ਸਾਬਕਾ ਨੇਤਾ ਅਤੇ 1984 ਕਤਲੇਆਮ ਦੇ ਦੋਸ਼ 'ਚ ਸਜ਼ਾ ਕੱਟ ਰਹੇ ਸੱਜਣ ਕੁਮਾਰ ਨੂੰ ਰਾਹਤ ਜਾਂ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉਹ ਜੇਲ 'ਚ ਹੀ ਰਹਿਣਗੇ। ਹਾਲਾਂਕਿ ਕੋਰਟ ਨੇ ਸੱਜਣ ਦੀ ਸਿਹਤ ਜਾਂਚ ਏਮਸ ਦੇ ਡਾਕਟਰਾਂ ਦੇ ਇਕ ਪੈਨਲ ਤੋਂ ਕਰਾਉਣ ਦੇ ਨਿਰਦੇਸ਼ ਦਿੱਤੇ ਹਨ। ਕੋਰਟ ਨੇ ਏਮਸ ਦੇ ਡਾਇਰੈਕਟਰ ਵਲੋਂ ਗਠਿਤ ਇਸ ਡਾਕਟਰੀ ਪੈਨਲ ਤੋਂ 4 ਹਫਤਿਆਂ ਦੇ ਅੰਦਰ ਰਿਪੋਰਟ ਮੰਗੀ ਹੈ। 

ਇੱਥੇ ਦੱਸ ਦੇਈਏ ਕਿ ਸੱਜਣ ਕੁਮਾਰ ਨੇ ਆਪਣੀ ਸਿਹਤ ਦੇ ਆਧਾਰ 'ਤੇ ਜ਼ਮਾਨਤ ਪਟੀਸ਼ਨ 'ਤੇ ਤੁਰੰਤ ਕਾਰਵਾਈ ਕੀਤੇ ਜਾਣ ਦੀ ਬੇਨਤੀ ਕੀਤੀ ਸੀ, ਜਿਸ ਨੂੰ ਕੋਰਟ ਨੇ ਖਾਰਜ ਕਰ ਦਿੱਤਾ। ਸੱਜਣ ਵਲੋਂ ਪੇਸ਼ ਹੋਏ ਵਕੀਲ ਵਿਕਾਸ ਸਿੰਘ ਨੇ ਕਿਹਾ ਕਿ ਉਹ ਪਿਛਲੇ 11 ਮਹੀਨਿਆਂ ਤੋਂ ਜੇਲ ਵਿਚ ਹਨ ਅਤੇ ਉਨ੍ਹਾਂ ਦਾ 8 ਤੋਂ 10 ਕਿਲੋਗ੍ਰਾਮ ਵਜ਼ਨ ਘੱਟ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸੱਜਣ ਕੁਮਾਰ ਕਈ ਬੀਮਾਰੀਆਂ ਨਾਲ ਪੀੜਤ ਵੀ ਹਨ ਅਤੇ ਉਨ੍ਹਾਂ ਦੀ ਸਿਹਤ ਖਰਾਬ ਹੈ। ਕੋਰਟ ਨੇ ਕਿਹਾ ਕਿ ਘੱਟ ਵਜ਼ਨ ਹੋਣ ਦਾ ਮਤਲਬ ਇਹ ਨਹੀਂ ਕਿ ਉਹ ਸਿਹਤਮੰਦ ਨਹੀਂ ਹਨ ਪਰ ਫਿਰ ਵੀ ਅਸੀਂ ਡਾਕਟਰਾਂ ਦੀ ਟੀਮ ਤੋਂ ਉਨ੍ਹਾਂ ਦੀ ਸਿਹਤ ਦੀ ਜਾਂਚ ਕਰਾਉਣ ਦੇ ਆਦੇਸ਼ ਦਿੱਤੇ ਹਨ। ਓਧਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਮੈਂ ਕੋਰਟ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਸੱਜਣ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਕਿਉਂਕਿ ਅਜਿਹੇ ਦਰਿੰਦੇ ਜੇਲ 'ਚ ਸੜਨੇ ਚਾਹੀਦੇ ਹਨ। 

ਦੱਸਣਯੋਗ ਹੈ ਕਿ ਹਾਈ ਕੋਰਟ ਵਲੋਂ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਸੱਜਣ ਨੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਸੀ। ਸੱਜਣ ਨੂੰ ਜਿਸ ਮਾਮਲੇ ਵਿਚ ਸਜ਼ਾ ਸੁਣਾਈ ਗਈ ਸੀ ਉਹ 1984 ਵਿਚ ਦਿੱਲੀ ਛਾਉਣੀ ਦੇ ਰਾਜਨਗਰ ਪਾਰਟ-1 'ਚ 5 ਸਿੱਖਾਂ ਨੂੰ ਮਾਰਨ ਅਤੇ ਰਾਜਨਗਰ ਪਾਰਟ-2 'ਚ ਇਕ ਗੁਰਦੁਆਰਾ ਸਾਹਿਬ ਨੂੰ ਅੱਗ ਲਾਉਣ ਨਾਲ ਜੁੜਿਆ ਹੈ। ਸਾਲ 2018 'ਚ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।

ਇਹ ਹੈ ਪੂਰਾ ਮਾਮਲਾ-
31 ਅਕਤੂਬਰ 1984 ਨੂੰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਉਨ੍ਹਾਂ ਦੇ ਸਿੱਖ ਸੁਰੱਖਿਆ ਕਰਮਚਾਰੀਆਂ ਨੇ ਕਰ ਦਿੱਤਾ ਸੀ। ਇਸ ਵਾਰਦਾਤ ਦੇ ਅਗਲੇ ਹੀ ਦਿਨ ਦਿੱਲੀ ਦੇ ਕਈ ਇਲਾਕਿਆਂ 'ਚ ਦੰਗੇ ਭੜਕ ਗਏ ਸਨ। ਸੱਜਣ ਕੁਮਾਰ 'ਤੇ ਸਿੱਖਾਂ ਵਿਰੁੱਧ ਦੰਗੇ ਭੜਕਾਉਣ ਦਾ ਦੋਸ਼ ਲੱਗਾ ਸੀ। ਇਸ ਮਾਮਲੇ 'ਚ ਹਾਈ ਕੋਰਟ ਨੇ ਸੱਜਣ ਕੁਮਾਰ ਨੂੰ ਦੋਸ਼ੀ ਠਹਿਰਾਇਆ ਸੀ। ਉਮਰ ਕੈਦ ਦੀ ਸਜ਼ਾ ਮਿਲਣ ਤੋਂ ਬਾਅਦ 31 ਦਸੰਬਰ 2018 ਨੂੰ ਉਨ੍ਹਾਂ ਨੇ ਹੇਠਲੀ ਅਦਾਲਤ 'ਚ ਸਰੰਡਰ ਕਰ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਮੰਡੋਲੀ ਜੇਲ ਭੇਜ ਦਿੱਤਾ ਗਿਆ। 


Tanu

Content Editor

Related News