ਜਦੋਂ ਸੁਪਰੀਮ ਕੋਰਟ ਦੇ ਮਾਣਯੋਗ ਜੱਜ ਅਰੁਣ ਮਿਸ਼ਰਾ ਨੇ ਮੰਗੀ ਮੁਆਫੀ

12/06/2019 12:14:01 PM

ਨਵੀਂ ਦਿੱਲੀ-ਸੁਪਰੀਮ ਕੋਰਟ ਦੇ ਵਕੀਲਾਂ ਨੇ ਵੀਰਵਾਰ ਮਾਨਯੋਗ ਜੱਜ ਅਰੁਣ ਮਿਸ਼ਰਾ ਨੂੰ ਬੇਨਤੀ ਕੀਤੀ ਕਿ ਵਕੀਲਾਂ ਨਾਲ ਗੱਲਬਾਤ ਕਰਦੇ ਸਮੇਂ ਉਹ ਕੁਝ ਸੰਜਮ ਵਰਤਣ। ਜਸਟਿਸ ਮਿਸ਼ਰਾ ਨੇ 2 ਦਿਨ ਪਹਿਲਾਂ ਜ਼ਮੀਨ ਹਾਸਲ ਕਰਨ ਨਾਲ ਸਬੰਧਤ ਮਾਮਲੇ ’ਚ ਦਲੀਲਾਂ ਪੇਸ਼ ਕਰ ਰਹੇ ਇਕ ਸੀਨੀਅਰ ਵਕੀਲ ਨੂੰ ਮਾਣਹਾਨੀ ਦੀ ਕਾਰਵਾਈ ਦੀ ਧਮਕੀ ਦਿੱਤੀ ਸੀ। ਮਾਣਯੋਗ ਜੱਜ ਅਰੁਣ ਮਿਸ਼ਰਾ ਅਤੇ ਜਸਟਿਸ ਐੱਮ.ਆਰ. ਸ਼ਾਹ ਦੀ ਬੈਂਚ ਦੇ ਸਾਹਮਣੇ ਸੀਨੀਅਰ ਵਕੀਲਾਂ ਕਪਿਲ ਸਿੱਬਲ, ਮੁਕੁਲ ਰੋਹਤਗੀ, ਅਭਿਸ਼ੇਕ ਮਨੂ ਸਿੰਘਵੀ ਅਤੇ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਖੰਨਾ ਨੇ ਇਸ ਮੁੱਦੇ ਦਾ ਜ਼ਿਕਰ ਕੀਤਾ।

ਵਕੀਲਾਂ ਵੱਲੋਂ ਇਸ ਮਾਮਲੇ ਦਾ ਜ਼ਿਕਰ ਕੀਤੇ ਜਾਣ ’ਤੇ ਜਸਟਿਸ ਮਿਸ਼ਰਾ ਨੇ ਕਿਹਾ ਕਿ ਉਹ ਕਿਸੇ ਵੀ ਹੋਰ ਜੱਜ ਦੇ ਮੁਕਾਬਲੇ ਬਾਰ ਦਾ ਵਧੇਰੇ ਸਤਿਕਾਰ ਕਰਦੇ ਹਨ। ਜੇ ਕੋਈ ਵਕੀਲ ਖੁਦ ਨੂੰ ਪੀੜਤ ਮਹਿਸੂਸ ਕਰਦਾ ਹੈ ਤਾਂ ਉਹ ਉਸ ਲਈ ਮੁਆਫੀ ਮੰਗਦੇ ਹਨ। ਉਨ੍ਹਾਂ ਕਿਹਾ ਕਿ ਜੇ ਕਿਸੇ ਵੀ ਮੌਕੇ ’ਤੇ ਕਿਸੇ ਨੂੰ ਵੀ ਕੋਈ ਮੁਸ਼ਕਿਲ ਮਹਿਸੂਸ ਹੋਈ ਹੈ ਤਾਂ ਮੈਂ ਦੋਵੇਂ ਹੱਥ ਜੋੜ ਕੇ ਮੁਆਫੀ ਮੰਗਦਾ ਹਾਂ। ਉਨ੍ਹਾਂ ਕਿਹਾ ਕਿ ਸਤਿਕਾਰ ਦੋਹਾਂ ਪਾਸਿਆਂ ਤੋਂ ਹੋਣਾ ਚਾਹੀਦਾ ਹੈ। ਮੈਂ ਬਾਰ ਨਾਲ ਲੰਬੇ ਸਮੇਂ ਤੋਂ ਜੁੜਿਆ ਹੋਇਆ ਹਾਂ। ਮੈਂ ਇਹ ਕਹਿੰਦਾ ਹਾਂ ਕਿ ਬਾਰ ਤਾਂ ਬੈਂਚ ਦੀ ਮਾਂ ਹੈ। ਮੇਰੇ ਪ੍ਰਤੀ ਕਿਸੇ ਨੂੰ ਕੋਈ ਸ਼ਿਕਾਇਤ ਨਹੀਂ ਹੋਣੀ ਚਾਹੀਦੀ। ਆਪਣੇ 20 ਸਾਲ ਦੇ ਜੱਜ ਦੇ ਕਾਰਜਕਾਲ ਦੌਰਾਨ ਮੈਂ ਕਿਸੇ ਵੀ ਵਕੀਲ ਵਿਰੁੱਧ ਮਾਣਹਾਨੀ ਦੀ ਕਾਰਵਾਈ ਨਹੀਂ ਕੀਤੀ। ਆਕੜ ਤਾਂ ਇਸ ਮਹਾਨ ਸੰਸਥਾ ਲਈ ਨੁਕਸਾਨਦੇਹ ਹੈ। ਬਾਰ ਦੀ ਇਹ ਡਿਊਟੀ ਬਣਦੀ ਹੈ ਕਿ ਉਹ ਇਸ ਦੀ ਰਾਖੀ ਕਰੇ। ਉਨ੍ਹਾਂ ਕਿਹਾ ਕਿ ਮੈਂ ਗੋਪਾਲ ਸ਼ੰਕਰ ਨਾਲ ਮੁਲਾਕਾਤ ਕਰਨੀ ਚਾਹੁੰਦਾ ਹਾਂ। ਉਹ ਬਹੁਤ ਸਿਆਣੇ ਵਕੀਲ ਹਨ। ਮੈਂ ਉਨ੍ਹਾਂ ਦੇ ਉੱਜਲ ਭਵਿੱਖ ਦੀ ਕਾਮਨਾ ਕਰਦਾ ਹਾਂ।

ਦੱਸਣਯੋਗ ਹੈ ਕਿ ਜਸਟਿਸ ਮਿਸ਼ਰਾ ਦੀ ਪ੍ਰਧਾਨਗੀ ਵਾਲੀ 5 ਮੈਂਬਰੀ ਬੈਂਚ ਦੇ ਸਾਹਮਣੇ ਜ਼ਮੀਨ ਹਾਸਲ ਕਰਨ ਨਾਲ ਸਬੰਧਤ ਮਾਮਲੇ ’ਚ ਸੀਨੀਅਰ ਵਕੀਲ ਗੋਪਾਲ ਸ਼ੰਕਰ ਨਾਰਾਇਨਨ ਆਪਣੀਆਂ ਦਲੀਲਾਂ ਪੇਸ਼ ਕਰ ਰਹੇ ਸਨ। ਇਸ ਦੌਰਾਨ ਜਸਟਿਸ ਮਿਸ਼ਰਾ ਨੇ ਉਨ੍ਹਾਂ ਨੂੰ ਮਾਣਹਾਨੀ ਦੀ ਕਾਰਵਾਈ ਦੀ ਚੇਤਾਵਨੀ ਦਿੱਤੀ ਸੀ। ਇਸ ਪਿੱਛੋਂ ਗੋਪਾਲ ਸ਼ੰਕਰ ਉਨ੍ਹਾਂ ਦੀ ਅਦਾਲਤ ’ਚੋਂ ਬਾਹਰ ਚਲੇ ਗਏ ਸਨ।


Iqbalkaur

Content Editor

Related News