ਨਵੇਂ ਕਾਨੂੰਨ ਅਧੀਨ ਚੋਣ ਕਮਿਸ਼ਨਰ ਦੀ ਨਿਯੁਕਤੀ ਹੋਵੇ ਜਾਂ ਨਹੀਂ, ਸੁਪਰੀਮ ਕੋਰਟ ਭਲਕੇ ਕਰੇਗੀ ਸੁਣਵਾਈ
Wednesday, Mar 13, 2024 - 08:14 PM (IST)
ਨਵੀਂ ਦਿੱਲੀ, (ਯੂ.ਐੱਨ.ਆਈ.)- ਸੁਪਰੀਮ ਕੋਰਟ ਚੀਫ਼ ਜਸਟਿਸ ਦੀ ਬਜਾਏ ਕੇਂਦਰੀ ਮੰਤਰੀ ਵਾਲੇ ਪੈਨਲ ਦੀ ਸਿਫ਼ਾਰਸ਼ ’ਤੇ ਚੋਣ ਕਮਿਸ਼ਨਰ ਦੀ ਨਿਯੁਕਤੀ ਲਈ ਦਸੰਬਰ 2023 ਦੇ ਸੋਧੇ ਕਾਨੂੰਨੀ ਪ੍ਰਬੰਧਾਂ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ’ਤੇ ਸ਼ੁੱਕਰਵਾਰ ਸੁਣਵਾਈ ਕਰੇਗੀ।
ਜਸਟਿਸ ਸੰਜੀਵ ਖੰਨਾ, ਐੱਮ. ਐੱਮ. ਸੁੰਦਰੇਸ਼ ਤੇ ਬੇਲਾ ਐੱਮ ਤ੍ਰਿਵੇਦੀ ਦੇ ਬੈਂਚ ਨੇ ਬੁੱਧਵਾਰ ਪਟੀਸ਼ਨਕਰਤਾਵਾਂ ਦੇ ਵਕੀਲਾਂ ਨੂੰ ਕਿਹਾ ਕਿ ਸੂਚੀਬੱਧ ਕਰਨ ਸਬੰਧੀ ਜਾਣਕਾਰੀ ਚੀਫ਼ ਜਸਟਿਸ ਡੀ. ਵਾਈ. ਚੰਦਰਚੂੜ ਤੋਂ ਮਿਲੀ ਹੈ । ਮਾਮਲਾ 15 ਮਾਰਚ ਲਈ ਸੂਚੀਬੱਧ ਕੀਤਾ ਜਾਵੇਗਾ। ਐਡਵੋਕੇਟ ਪ੍ਰਸ਼ਾਂਤ ਭੂਸ਼ਣ ਨੇ ਜਸਟਿਸ ਸੰਜੀਵ ਖੰਨਾ ਦੀ ਅਗਵਾਈ ਵਾਲੇ ਬੈਂਚ ਦੇ ਸਾਹਮਣੇ ਇਕ ਐੱਨ. ਜੀ.. ਓ. ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮਜ਼ (ਏ. ਡੀ.ਆਰ.) ਵਲੋਂ ਪਟੀਸ਼ਨ ਦਾ ਜ਼ਿਕਰ ਕੀਤਾ ਸੀ।
ਬੈਂਚ ਨੇ ਭੂਸ਼ਣ ਨੂੰ ਕਿਹਾ ਕਿ ਸਾਨੂੰ ਚੀਫ਼ ਜਸਟਿਸ ਦਾ ਸੰਦੇਸ਼ ਮਿਲਿਆ ਹੈ। ਅਸੀਂ ਸ਼ੁੱਕਰਵਾਰ ਇਸ ਨੂੰ ਸੂਚੀਬੱਧ ਕਰਾਂਗੇ। ਪ੍ਰਸ਼ਾਂਤ ਭੂਸ਼ਣ ਨੇ ਮੰਗਲਵਾਰ ਜਸਟਿਸ ਖੰਨਾ ਦੀ ਅਗਵਾਈ ਵਾਲੇ ਬੈਂਚ ਦੇ ਸਾਹਮਣੇ ਮਾਮਲੇ ਦੀ ਛੇਤੀ ਸੁਣਵਾਈ ਦੀ ਬੇਨਤੀ ਕੀਤੀ ਸੀ।