SC ਨੇ 1994 ਦੇ ਡਕੈਤੀ ਕੇਸ ''ਚ ਦੋਸ਼ੀ ਕਰਾਰ ਦਿੱਤੇ ਸ਼ਖ਼ਸ ਨੂੰ ਕੀਤਾ ਬਰੀ, ਜਾਣੋ ਪੂਰਾ ਮਾਮਲਾ
Tuesday, Apr 04, 2023 - 01:33 PM (IST)
ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਡਕੈਤੀ ਦੇ ਇਕ ਮਾਮਲੇ 'ਚ ਦੋਸ਼ੀ ਕਰਾਰ ਦਿੱਤੇ ਗਏ ਇਕ ਵਿਅਕਤੀ ਨੂੰ ਕਰੀਬ 28 ਸਾਲਾਂ ਤੱਕ ਕਾਨੂੰਨੀ ਲੜਾਈ ਦਾ ਸਾਹਮਣਾ ਕਰਨ ਤੋਂ ਬਾਅਦ ਬਰੀ ਕਰ ਦਿੱਤਾ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਇਸ ਸਬੰਧੀ ਹੁਕਮਾਂ ਨੂੰ ਰੱਦ ਕਰਦਿਆਂ ਸੁਪਰੀਮ ਕੋਰਟ ਨੇ ਦੋਸ਼ੀ ਨੂੰ ਇਹ ਕਹਿ ਕੇ ਰਿਹਾਅ ਕਰ ਦਿੱਤਾ ਕਿ ਇਸਤਗਾਸਾ ਪੱਖ ਦੇ ਕੇਸ ’ਤੇ ਸ਼ੱਕ ਹੈ। ਮਾਨਯੋਗ ਜਸਟਿਸ ਅਭੈ ਐੱਸ. ਓਕਾ ਅਤੇ ਜਸਟਿਸ ਰਾਜੇਸ਼ ਬਿੰਦਲ ਨੇ ਸ਼ਖ਼ਸ ਅਨਵਰ ਉਰਫ ਭੂਗਰਾ ਨੂੰ ਬਰੀ ਕਰ ਦਿੱਤਾ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਅਤੇ ਇਕ ਹੇਠਲੀ ਅਦਾਲਤ ਦੇ ਹੁਕਮਾਂ ਨੂੰ ਰੱਦ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਰਿਕਾਰਡ ’ਤੇ ਮੌਜੂਦ ਉਪਰੋਕਤ ਸਮੱਗਰੀ ਤੋਂ ਅਪੀਲਕਰਤਾ ਦੀ ਅਪਰਾਧ ਵਾਲੀ ਥਾਂ ’ਤੇ ਮੌਜੂਦਗੀ ਅਤੇ ਉਸ ਤੋਂ ਪਿਸਤੌਲ ਦੀ ਬਰਾਮਦਗੀ ਬਹੁਤ ਹੀ ਸ਼ੱਕੀ ਹੈ।
ਅਪੀਲਕਰਤਾ ਦਾ ਦੋਸ਼ ਵਾਜਬ ਸ਼ੱਕ ਤੋਂ ਪਰੇ ਸਾਬਤ ਨਹੀਂ ਕੀਤਾ ਜਾ ਸਕਦਾ। ਉਸ ਦੀ ਸਜ਼ਾ ਨੂੰ ਬਰਕਰਾਰ ਨਹੀਂ ਰੱਖਿਆ ਜਾ ਸਕਦਾ। ਅਦਾਲਤ ਨੇ ਕਿਹਾ ਕਿ ਅਪੀਲਕਰਤਾ ਦੇ ਸਬੰਧ ਵਿਚ ਹਾਈ ਕੋਰਟ ਅਤੇ ਹੇਠਲੀ ਅਦਾਲਤ ਵਲੋਂ ਪਾਸ ਕੀਤੇ ਗਏ ਫ਼ੈਸਲੇ ਅਤੇ ਹੁਕਮ ਨੂੰ ਰੱਦ ਕਰ ਦਿੱਤਾ ਗਿਆ ਹੈ। ਉਸ ਵਲੋਂ ਜਮ੍ਹਾ ਕੀਤੇ ਜ਼ਮਾਨਤ ਬਾਂਡ ਰੱਦ ਕੀਤੇ ਜਾਂਦੇ ਹਨ। ਅਪੀਲਕਰਤਾ ਨੂੰ ਹੇਠਲੀ ਅਦਾਲਤ ਵਲੋਂ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਉਸ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਗਿਆ ਸੀ।
ਅਨਵਰ ਨੇ ਹਾਈ ਕੋਰਟ ਅਤੇ ਹੇਠਲੀ ਅਦਾਲਤ ਦੇ ਹੁਕਮਾਂ ਨੂੰ ਚੁਣੌਤੀ ਦਿੰਦੇ ਹੋਏ ਸੁਪਰੀਮ ਕੋਰਟ ਦਾ ਰੁਖ ਕੀਤਾ ਸੀ। ਇਸ ਮਾਮਲੇ ਦੀ ਐਫ. ਆਈ. ਆਰ. 5 ਅਪ੍ਰੈਲ 1994 ਨੂੰ ਹਰਿਆਣਾ ਦੇ ਘਰੌਂੜਾ ਵਿਖੇ ਦਰਜ ਕੀਤੀ ਗਈ ਸੀ। ਦੋਸ਼ੀ ਦੇ ਵਕੀਲ ਨੇ ਦਲੀਲ ਦਿੱਤੀ ਕਿ ਸ਼ਿਕਾਇਤ ਦੇ ਆਧਾਰ 'ਤੇ ਇਸਤਗਾਸਾ ਪੱਖ ਵੱਲੋਂ ਰਚੀ ਗਈ ਕਹਾਣੀ ਮਨਘੜਤ ਹੈ। ਅਸਲ ’ਚ ਕੋਈ ਘਟਨਾ ਨਹੀਂ ਵਾਪਰੀ ਸੀ।