''ਜਾਨ ਬਚਾਉਣੀ ਹੈ ਤਾਂ...'', ਨੌਜਵਾਨ ਦੇ ਘਰ ਲੱਗਾ ਸਾਊਦੀ ਅਰਬ ਤੋਂ ਆਇਆ ਨੋਟਿਸ, ਪਰਿਵਾਰ ''ਚ ਮਚੀ ਹਫੜਾ-ਦਫੜੀ
Wednesday, Dec 04, 2024 - 11:28 PM (IST)
ਮੇਰਠ, (ਭਾਸ਼ਾ)- ਜ਼ੈਦ ਜੁਨੈਦ ਨਾਂ ਦੇ ਨੌਜਵਾਨ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ 'ਚ ਸਾਊਦੀ ਅਰਬ 'ਚ ਮੌਤ ਦੀ ਸਜ਼ਾ ਸੁਣਾਈ ਗਈ ਹੈ। ਜੈਦ ਮੇਰਠ ਦੇ ਮੁੰਡਾਲੀ ਪਿੰਡ ਰਛੋਟੀ ਦਾ ਰਹਿਣ ਵਾਲਾ ਹੈ ਅਤੇ ਉਹ ਡਰਾਈਵਿੰਗ ਦੇ ਕੰਮ ਲਈ ਸਾਊਦੀ ਗਿਆ ਸੀ।
ਸਾਊਦੀ ਅਰਬ ਦੇ ਗ੍ਰਹਿ ਮੰਤਰਾਲੇ ਨੇ ਜ਼ੈਦ ਨੂੰ ਇਸ ਮਾਮਲੇ 'ਚ ਆਪਣਾ ਪੱਖ ਪੇਸ਼ ਕਰਨ ਲਈ ਕਿਹਾ ਹੈ। ਇਸ ਦਾ ਨੋਟਿਸ ਯੂ.ਪੀ. ਪੁਲਸ ਨੇ ਜ਼ੈਦ ਦੇ ਘਰ 'ਤੇ ਚਿਪਕਾਇਆ ਹੈ। ਨੋਟਿਸ 'ਚ ਕਿਹਾ ਗਿਆ ਹੈ ਕਿ ਜੇਕਰ ਪਰਿਵਾਰਕ ਮੈਂਬਰ ਪੈਰਵੀ ਕਰਨਾ ਚਾਹੁੰਦੇ ਹਨ ਤਾਂ ਉਹ ਸਾਊਦੀ ਅਦਾਲਤ 'ਚ ਪਹੁੰਚ ਕਰ ਸਕਦੇ ਹਨ। ਦੱਸ ਦੇਈਏ ਕਿ ਜ਼ੈਦ ਜੇਦਾਹ ਸੈਂਟਰਲ ਜੇਲ੍ਹ ਸਾਊਦੀ ਅਰਬ 'ਚ 15 ਜਨਵਰੀ 2023 ਤੋਂ ਬੰਦ ਹੈ।
ਮੇਰਠ ਦੇ ਸੀਨੀਅਰ ਪੁਲਸ ਸੁਪਰਡੈਂਟ ਵਿਪਿਨ ਤਾਡਾ ਨੇ ਬੁੱਧਵਾਰ ਨੂੰ ਜ਼ਿਲਾ ਪ੍ਰਸ਼ਾਸਨ ਦੇ ਰਾਹੀਂ ਸਾਊਦੀ ਅਰਬ ਵਿਚ ਭਾਰਤੀ ਦੂਤਘਰ ਤੋਂ ਇਕ ਨੋਟਿਸ ਪ੍ਰਾਪਤ ਹੋਣ ਦੀ ਪੁਸ਼ਟੀ ਕੀਤੀ।
ਤਾਡਾ ਨੇ ਦੱਸਿਆ ਕਿ ਨੋਟਸ ਵਿਚ ਦੱਸਿਆ ਗਿਆ ਹੈ ਕਿ ਮੁੰਡਾਲੀ ਥਾਣੇ ਦੇ ਇਲਾਕੇ ਵਿਚਲੇ ਰਚੌਟੀ ਪਿੰਡ ਦੇ ਰਹਿਣ ਵਾਲੇ ਜ਼ੈਦ ਜੁਨੈਦ (35) ਨੂੰ ਮੱਕਾ ਦੀ ਇਕ ਅਦਾਲਤ ਨੇ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਦੇ ਦੋਸ਼ ’ਚ ਮੌਤ ਦੀ ਸਜ਼ਾ ਸੁਣਾਈ ਹੈ। ਪਰਿਵਾਰ ਨੂੰ ਰਹਿਮ ਦੀ ਅਪੀਲ ਦਾਇਰ ਕਰਨ ਦੇ ਬਦਲ ਦੇ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।