ACB ਦੀ ਵੱਡੀ ਕਾਰਵਾਈ: ਜਲ ਬੋਰਡ ਘੁਟਾਲਾ ਮਾਮਲੇ ''ਚ ਦਿੱਲੀ ਦੇ ਸਾਬਕਾ ਮੰਤਰੀ ਸਤਿੰਦਰ ਜੈਨ ਸਣੇ 6 ਗ੍ਰਿਫ਼ਤਾਰ
Tuesday, Aug 18, 2026 - 09:56 PM (IST)
ਨਵੀਂ ਦਿੱਲੀ : ਦਿੱਲੀ ਸਰਕਾਰ ਦੀ ਐਂਟੀ ਕਰਪਸ਼ਨ ਬ੍ਰਾਂਚ (ACB) ਨੇ ਦਿੱਲੀ ਜਲ ਬੋਰਡ ਦੇ ਸੀਵੇਜ ਟ੍ਰੀਟਮੈਂਟ ਪਲਾਂਟ (STP) ਟੈਂਡਰ ਘੁਟਾਲੇ ਵਿੱਚ ਇੱਕ ਬਹੁਤ ਵੱਡੀ ਕਾਰਵਾਈ ਕੀਤੀ ਹੈ। ਏਸੀਬੀ ਨੇ ਦਿੱਲੀ ਸਰਕਾਰ ਦੇ ਸਾਬਕਾ ਜਲ ਮੰਤਰੀ ਅਤੇ ਆਮ ਆਦਮੀ ਪਾਰਟੀ (AAP) ਦੇ ਨੇਤਾ ਸਤਿੰਦਰ ਕੁਮਾਰ ਜੈਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਘੁਟਾਲੇ ਦੇ ਮਾਮਲੇ ਵਿੱਚ ਸਤਿੰਦਰ ਜੈਨ ਤੋਂ ਇਲਾਵਾ ਇੱਕ ਸੀਨੀਅਰ ਆਈਏਐਸ (IAS) ਅਧਿਕਾਰੀ ਅਤੇ ਦਿੱਲੀ ਜਲ ਬੋਰਡ ਦੇ ਅਧਿਕਾਰੀਆਂ ਸਮੇਤ ਕੁੱਲ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਏਸੀਬੀ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਹੋਰ ਪੰਜ ਮੁਲਜ਼ਮਾਂ ਵਿੱਚ ਹੇਠ ਲਿਖੇ ਲੋਕ ਸ਼ਾਮਲ ਹਨ:
- ਉਦਿਤ ਪ੍ਰਕਾਸ਼ ਰਾਏ: ਦਿੱਲੀ ਜਲ ਬੋਰਡ ਦੇ ਸਾਬਕਾ ਸੀਈਓ (CEO) ਅਤੇ ਸੀਨੀਅਰ ਆਈਏਐਸ (IAS) ਅਧਿਕਾਰੀ।
- ਅੰਕਿਤ ਸ੍ਰੀਵਾਸਤਵ: ਦਿੱਲੀ ਜਲ ਬੋਰਡ ਦੇ ਸਾਬਕਾ ਕੰਟਰੈਕਚੂਅਲ ਕੰਸਲਟੈਂਟ।
- ਨਾਗੇਂਦਰ ਯਾਦਵ: 'ਏਐਨ ਇੰਟਰਪ੍ਰਾਈਜ਼ਿਜ਼' ਦੇ ਪ੍ਰੋਪਰਾਈਟਰ।
- ਰਾਜਾ ਕੁਮਾਰ ਕੁਰੱਰਾ: 'ਯੂਰੋਟੈਕ ਇਨਵਾਇਰਨਮੈਂਟ ਪ੍ਰਾਈਵੇਟ ਲਿਮਟਿਡ' ਦੇ ਮਾਲਕ।
- ਪੰਕਜ ਵਰਮਾ: 'ਸ੍ਰੀਜਨਹਾਰ' ਦੇ ਪ੍ਰੋਪਰਾਈਟਰ।
ਇਹ ਪੂਰਾ ਮਾਮਲਾ 11 ਮਈ 2024 ਨੂੰ ਦਰਜ ਕੀਤੀ ਗਈ ਐਫਆਈਆਰ (ਨੰਬਰ 10/2024) ਨਾਲ ਸਬੰਧਤ ਹੈ, ਜਿਸ ਵਿੱਚ ਭ੍ਰਿਸ਼ਟਾਚਾਰ ਰੋਕੂ ਐਕਟ ਤੋਂ ਇਲਾਵਾ ਧੋਖਾਧੜੀ ਅਤੇ ਅਪਰਾਧਿਕ ਸਾਜ਼ਿਸ਼ ਰਚਣ ਦੀਆਂ ਧਾਰਾਵਾਂ ਲਗਾਈਆਂ ਗਈਆਂ ਹਨ।
ਟੈਂਡਰ ਦੀਆਂ ਸ਼ਰਤਾਂ ਵਿੱਚ ਹੇਰਾਫੇਰੀ ਦੇ ਗੰਭੀਰ ਦੋਸ਼
ਜਾਂਚ ਏਜੰਸੀ ਅਨੁਸਾਰ, ਇਹ ਮਾਮਲਾ ਸੀਵੇਜ ਟ੍ਰੀਟਮੈਂਟ ਪਲਾਂਟਾਂ ਦੇ ਅਪਗ੍ਰੇਡੇਸ਼ਨ ਅਤੇ ਉਨ੍ਹਾਂ ਦੀ ਸਮਰੱਥਾ ਵਧਾਉਣ ਲਈ ਜਾਰੀ ਕੀਤੇ ਗਏ ਟੈਂਡਰ ਨਾਲ ਜੁੜਿਆ ਹੋਇਆ ਹੈ। ਦੋਸ਼ ਹੈ ਕਿ ਟੈਂਡਰ ਦੀਆਂ ਤਕਨੀਕੀ ਸ਼ਰਤਾਂ ਵਿੱਚ ਇਸ ਤਰ੍ਹਾਂ ਬਦਲਾਅ (ਹੇਰਾਫੇਰੀ) ਕੀਤਾ ਗਿਆ ਸੀ, ਤਾਂ ਜੋ ਇੱਕ ਖ਼ਾਸ ਨਿੱਜੀ ਕੰਪਨੀ 'ਯੂਰੋਟੈਕ ਇਨਵਾਇਰਨਮੈਂਟ ਪ੍ਰਾਈਵੇਟ ਲਿਮਟਿਡ' ਨੂੰ ਸਿੱਧਾ ਫਾਇਦਾ ਪਹੁੰਚਾਇਆ ਜਾ ਸਕੇ। ਪ੍ਰਸਤਾਵਿਤ ਪਾਇਲਟ ਸਟੱਡੀ ਕਰਵਾਏ ਬਿਨਾਂ ਹੀ ਟੈਂਡਰ ਵਿੱਚ ਅਜਿਹੀਆਂ ਸ਼ਰਤਾਂ ਜੋੜ ਦਿੱਤੀਆਂ ਗਈਆਂ, ਜਿਸ ਕਾਰਨ ਦੂਜੀਆਂ ਕੰਪਨੀਆਂ ਦਾ ਮੁਕਾਬਲਾ ਪੂਰੀ ਤਰ੍ਹਾਂ ਖ਼ਤਮ ਹੋ ਗਿਆ। ਇਸ ਕਾਰਵਾਈ ਨਾਲ ਸਰਕਾਰੀ ਖ਼ਜ਼ਾਨੇ ਨੂੰ ਭਾਰੀ ਵਿੱਤੀ ਨੁਕਸਾਨ ਪਹੁੰਚਾਇਆ ਗਿਆ।
ਈ-ਮੇਲ ਅਤੇ ਮੈਸੇਜ ਰਾਹੀਂ ਖੁੱਲ੍ਹਿਆ ਮਿਲੀਭੁਗਤ ਦਾ ਰਾਜ਼
ਏਸੀਬੀ ਨੂੰ ਜਾਂਚ ਦੌਰਾਨ ਕਈ ਮਹੱਤਵਪੂਰਨ ਇਲੈਕਟ੍ਰਾਨਿਕ ਸਬੂਤ ਹੱਥ ਲੱਗੇ ਹਨ। ਨਿੱਜੀ ਵਿਅਕਤੀਆਂ, ਵਿਚੋਲਿਆਂ ਅਤੇ ਸਰਕਾਰੀ ਅਧਿਕਾਰੀਆਂ ਵਿਚਕਾਰ ਹੋਈਆਂ ਗੱਲਬਾਤਾਂ ਅਤੇ ਈ-ਮੇਲ ਦੇ ਵਿਸ਼ਲੇਸ਼ਣ ਤੋਂ ਇਹ ਖੁਲਾਸਾ ਹੋਇਆ ਹੈ ਕਿ ਟੈਂਡਰ ਦੇ ਦਸਤਾਵੇਜ਼ ਅਤੇ ਕਾਰੀਜੈਂਡਮ ਸਰਕਾਰੀ ਤੌਰ 'ਤੇ ਜਾਰੀ ਹੋਣ ਤੋਂ ਪਹਿਲਾਂ ਹੀ ਆਪਸ ਵਿੱਚ ਸਾਂਝੇ (ਸ਼ੇਅਰ) ਕਰ ਲਏ ਗਏ ਸਨ। ਇਸ ਤੋਂ ਬਾਅਦ ਇਨ੍ਹਾਂ ਨੂੰ ਸਰਕਾਰੀ ਟੈਂਡਰ ਦਾ ਹਿੱਸਾ ਬਣਾਇਆ ਗਿਆ, ਜੋ ਸਿੱਧੇ ਤੌਰ 'ਤੇ ਅਧਿਕਾਰੀਆਂ ਅਤੇ ਨਿੱਜੀ ਕੰਪਨੀਆਂ ਦੀ ਆਪਸੀ ਮਿਲੀਭੁਗਤ ਨੂੰ ਸਾਬਤ ਕਰਦਾ ਹੈ।
1.52 ਕਰੋੜ ਰੁਪਏ ਦੀ ਰਿਸ਼ਵਤ ਅਤੇ ਮਨੀ ਟ੍ਰੇਲ
ਜਾਂਚ ਏਜੰਸੀ ਦਾ ਦੋਸ਼ ਹੈ ਕਿ ਤਤਕਾਲੀ ਸੀਈਓ ਉਦਿਤ ਪ੍ਰਕਾਸ਼ ਰਾਏ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਬੈਂਕ ਖਾਤਿਆਂ ਵਿੱਚ 'ਏਐਨ ਇੰਟਰਪ੍ਰਾਈਜ਼ਿਜ਼' ਰਾਹੀਂ ਲਗਭਗ 1.52 ਕਰੋੜ ਰੁਪਏ ਟ੍ਰਾਂਸਫਰ ਕੀਤੇ ਗਏ ਸਨ। ਇਹ ਰਿਸ਼ਵਤ ਦੀ ਰਕਮ ਯੂਰੋਟੈਕ (Euroteck) ਨਾਲ ਜੁੜੀਆਂ ਸੰਸਥਾਵਾਂ ਰਾਹੀਂ ਘੁਮਾ ਕੇ ਭੇਜੀ ਗਈ ਸੀ, ਜਿਸ ਦੀ ਵਰਤੋਂ ਬਾਅਦ ਵਿੱਚ ਜਾਇਦਾਦ (ਪ੍ਰਾਪਰਟੀ) ਖਰੀਦਣ ਲਈ ਕੀਤੀ ਗਈ। ਏਸੀਬੀ ਹੁਣ ਇਸ ਸਾਰੀ ਰਕਮ ਦੀ ਮਨੀ ਟ੍ਰੇਲ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
