ਰਾਹੁਲ ਨੇ ਸਵੀਕਾਰ ਕੀਤਾ ਰਾਜਪਾਲ ਮਲਿਕ ਦਾ ਸੱਦਾ, ਕਿਹਾ- ਹੈਲੀਕਾਪਟਰ ਦੀ ਲੋੜ ਨਹੀਂ
Tuesday, Aug 13, 2019 - 01:52 PM (IST)

ਨਵੀਂ ਦਿੱਲੀ— ਜੰਮੂ-ਕਸ਼ਮੀਰ ਦੇ ਜ਼ਮੀਨੀ ਹਾਲਾਤ ਦੇਖਣ ਦੇ ਰਾਜਪਾਲ ਸੱਤਿਆਪਾਲ ਮਲਿਕ ਦਾ ਸੱਦਾ ਸਵੀਕਾਰਦੇ ਹੋਏ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ੇਸ਼ ਜਹਾਜ਼ ਦੀ ਲੋੜ ਨਹੀਂ ਹੈ, ਸਿਰਫ਼ ਉਨ੍ਹਾਂ ਨੂੰ ਜੰਮੂ-ਕਸ਼ਮੀਰ 'ਚ ਆਜ਼ਾਦੀ ਨਾਲ ਘੁੰਮਣ-ਫਿਰਨ ਦੀ ਮਨਜ਼ੂਰੀ ਚਾਹੀਦੀ ਹੈ। ਰਾਹੁਲ ਨੇ ਅੱਜ ਯਾਨੀ ਮੰਗਲਵਾਰ ਨੂੰ ਟਵੀਟ ਕਰ ਕੇ ਰਾਜਪਾਲ ਦੇ ਸੱਦੇ ਦਾ ਜਵਾਬ ਦਿੱਤਾ। ਉਨ੍ਹਾਂ ਨੇ ਲਿਖਿਆ,''ਪ੍ਰਿਯ ਰਾਜਪਾਲ ਮਲਿਕ, ਜੇ.ਐਂਡ.ਕੇ ਅਤੇ ਲੱਦਾਖ ਆਉਣ ਦੇ ਤੁਹਾਡੇ ਸੱਦੇ 'ਤੇ ਵਿਰੋਧੀ ਨੇਤਾਵਾਂ ਦੇ ਇਕ ਵਫ਼ਦ ਨਾਲ ਮੈਂ ਉੱਥੇ ਆਵਾਂਗਾ।'' ਦਰਅਸਲ ਰਾਜਪਾਲ ਮਲਿਕ ਨੇ ਧਾਰਾ 370 ਹਟਾਏ ਜਾਣ ਤੋਂ ਬਾਅਦ ਜੰਮੂ-ਕਸ਼ਮੀਰ ਦੇ ਹਾਲਾਤ 'ਤੇ ਰਾਹੁਲ ਗਾਂਧੀ ਦੇ ਬਿਆਨਾਂ 'ਤੇ ਨਾਰਾਜ਼ਗੀ ਪ੍ਰਗਟ ਕੀਤੀ। ਉਨ੍ਹਾਂ ਨੇ ਰਾਹੁਲ ਨੂੰ ਸੋਚ ਸਮਝ ਕੇ ਬਿਆਨ ਦੇਣ ਦੀ ਸਲਾਹ ਦਿੱਤੀ ਤਾਂ ਕਿ ਇਸ ਬੇਹੱਦ ਸੰਵੇਦਨਸ਼ੀਲ ਮੁੱਦੇ 'ਤੇ ਕੋਈ ਸੰਕਟ ਨਾ ਖੜ੍ਹਾ ਹੋ ਜਾਵੇ। ਰਾਜਪਾਲ ਨੇ ਕਿਹਾ,''ਮੈਂ ਰਾਹੁਲ ਨੂੰ ਇੱਥੇ ਆਉਣ ਲਈ ਸੱਦਾ ਦਿੱਤਾ ਹੈ। ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਤੁਹਾਡੇ ਲਈ ਜਹਾਜ਼ ਭੇਜਾਂਗਾ ਤਾਂ ਕਿ ਤੁਸੀਂ ਸਥਿਤੀ ਦਾ ਜਾਇਜ਼ਾ ਲਵੋ ਅਤੇ ਉਦੋਂ ਬੋਲੋ। ਤੁਸੀਂ ਇਕ ਜ਼ਿੰਮੇਵਾਰ ਵਿਅਕਤੀ ਹੋ ਅਤੇ ਤੁਹਾਨੂੰ ਇਸ ਤਰ੍ਹਾਂ ਗੱਲ ਨਹੀਂ ਕਰਨੀ ਚਾਹੀਦੀ।''ਏਅਰਕ੍ਰਾਫਟ ਦੀ ਲੋੜ ਨਹੀਂ
ਰਾਹੁਲ ਨੇ ਟਵੀਟ 'ਚ ਇਸ ਦਾ ਜਵਾਬ ਦਿੰਦੇ ਹੋਏ ਕਿਹਾ,''ਸਾਨੂੰ ਏਅਰਕ੍ਰਾਫਟ ਦੀ ਲੋੜ ਨਹੀਂ ਹੈ ਪਰ ਕ੍ਰਿਪਾ ਸਾਨੂੰ ਘੁੰਮਣ-ਫਿਰਨ ਅਤੇ ਲੋਕਾਂ, ਮੁੱਖ ਧਾਰਾ ਦੇ ਨੇਤਾਵਾਂ ਅਤੇ ਉੱਥੇ ਤਾਇਨਾਤ ਫੌਜੀਆਂ ਨੂੰ ਮਿਲਣ ਦੀ ਆਜ਼ਾਦੀ ਯਕੀਨੀ ਕਰ ਦਿਓ।''ਰਾਹੁਲ ਨੇ ਸ਼ਨੀਵਾਰ ਦੀ ਰਾਤ ਕਿਹਾ ਸੀ ਕਿ ਜੰਮੂ-ਕਸ਼ਮੀਰ ਤੋਂ ਹਿੰਸਾ ਦੀਆਂ ਕੁਝ ਖਬਰਾਂ ਆਈਆਂ ਹਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਾਰਦਰਸ਼ੀ ਤਰੀਕੇ ਨਾਲ ਇਸ ਮਾਮਲੇ 'ਤੇ ਚਿੰਤਾ ਜ਼ਾਹਰ ਕਰਨੀ ਚਾਹੀਦੀ ਹੈ। ਮਲਿਕ ਨੇ ਕਿਹਾ ਕਿ ਇਸ ਮੁੱਦੇ ਨੂੰ ਮੁੱਠੀ ਭਰ ਲੋਕ ਹਵਾ ਦੇ ਰਹੇ ਹਨ ਪਰ ਉਹ ਇਸ 'ਚ ਸਫ਼ਲ ਨਹੀਂ ਹੋਣਗੇ।