ਜੰਮੂ-ਕਸ਼ਮੀਰ ''ਚ ''ਕੁਝ ਵੱਡਾ ਹੋਵੇਗਾ'' ''ਤੇ ਬੋਲੇ ਰਾਜਪਾਲ ਸੱਤਿਆਪਾਲ ਮਲਿਕ

Sunday, Aug 04, 2019 - 11:33 AM (IST)

ਜੰਮੂ-ਕਸ਼ਮੀਰ ''ਚ ''ਕੁਝ ਵੱਡਾ ਹੋਵੇਗਾ'' ''ਤੇ ਬੋਲੇ ਰਾਜਪਾਲ ਸੱਤਿਆਪਾਲ ਮਲਿਕ

ਸ਼੍ਰੀਨਗਰ— ਜੰਮੂ-ਕਸ਼ਮੀਰ ਵਿਚ ਲਗਾਤਾਰ ਸੁਰੱਖਿਆ ਵਧਾਏ ਜਾਣ ਅਤੇ ਅਮਰਨਾਥ ਸ਼ਰਧਾਲੂਆਂ ਨੂੰ ਵਾਪਸ ਬੁਲਾਏ ਜਾਣ ਦੇ ਚੱਲਦੇ ਤਮਾਮ ਤਰ੍ਹਾਂ ਦੀ ਚਰਚਾ ਹੋ ਰਹੀ ਹੈ। ਰਾਜਪਾਲ ਸੱਤਿਆਪਾਲ ਮਲਿਕ ਨੇ ਇਸ ਚਰਚਾ ਨੂੰ ਅਫਵਾਹ ਦੱਸਿਆ। ਉਨ੍ਹਾਂ ਨੇ ਕਿਹਾ ਕਿ ਨਾ ਤਾਂ ਪ੍ਰਧਾਨ ਮੰਤਰੀ ਮੋਦੀ ਨੇ ਅਤੇ ਨਾ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਨ੍ਹਾਂ ਨਾਲ ਅਜਿਹੀ ਕੋਈ ਚਰਚਾ ਕੀਤੀ ਹੈ। ਦੱਸਣਯੋਗ ਹੈ ਕਿ ਇਹ ਅਟਕਲਾਂ ਲਾਈਆਂ ਜਾ ਰਹੀਆਂ ਹਨ ਕਿ ਧਾਰਾ-35ਏ ਅਤੇ ਧਾਰਾ-370 ਨੂੰ ਖਤਮ ਕੀਤਾ ਜਾ ਸਕਦਾ ਹੈ। ਇਨ੍ਹਾਂ ਅਟਕਲਾਂ ਬਾਰੇ ਸੱਤਿਆਪਾਲ ਮਲਿਕ ਨੇ ਕਿਹਾ ਕਿ ਸੰਸਦ ਦਾ ਸੈਸ਼ਨ ਅਜੇ ਚੱਲ ਰਿਹਾ ਹੈ। ਜੋ ਕੁਝ ਵੀ ਹੋਵੇਗਾ, ਉਹ ਚੁੱਪ-ਚਪੀਤੇ ਨਹੀਂ ਹੋਵੇਗਾ। ਇਹ ਸਦਨ ਵਿਚ ਰੱਖਿਆ ਜਾਵੇਗਾ ਅਤੇ ਇਸ 'ਤੇ ਚਰਚਾ ਹੋਵੇਗੀ।

 

ਅਫਵਾਹ ਫੈਲਣ ਦਾ ਕੋਈ ਕਾਰਨ ਨਹੀਂ ਹੈ। ਮੈਂ ਦਿੱਲੀ ਵਿਚ ਸਾਰਿਆਂ ਨਾਲ ਗੱਲ ਕੀਤੀ ਹੈ ਅਤੇ ਕਿਸੇ ਨੇ ਮੈਨੂੰ ਕੋਈ ਸੰਕੇਤ ਨਹੀਂ ਦਿੱਤਾ ਹੈ ਕਿ ਕੁਝ ਵੱਡਾ ਹੋਣ ਵਾਲਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੁਝ ਲੋਕ ਕਹਿ ਰਹੇ ਹਨ ਕਿ 3 ਸੂਬੇ ਬਣਾ ਦਿੱਤੇ ਜਾਣਗੇ, ਕੁਝ ਲੋਕ ਕਹਿ ਰਹੇ ਹਨ ਕਿ ਧਾਰਾ-35ਏ ਅਤੇ ਧਾਰਾ-370 ਨੂੰ ਖਤਮ ਕਰ ਦਿੱਤਾ ਜਾਵੇਗਾ, ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਨੇ ਮੇਰੇ ਨਾਲ ਅਜਿਹੀ ਕੋਈ ਚਰਚਾ ਨਹੀਂ ਕੀਤੀ ਹੈ।
ਮਲਿਕ ਨੇ ਇਹ ਵੀ ਕਿਹਾ ਕਿ ਮੈਂ ਕੱਲ ਦੇ ਬਾਰੇ ਵਿਚ ਨਹੀਂ ਜਾਣਦਾ। ਇਹ ਮੇਰੇ ਹੱਥ ਵਿਚ ਨਹੀਂ ਹੈ ਪਰ ਅੱਜ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ। ਉਨ੍ਹਾਂ ਨੇ ਇਹ ਵੀ ਭਰੋਸਾ ਦਿਵਾਇਆ ਕਿ ਨੀਮ ਫੌਜੀ ਬਲਾਂ ਦੀ ਤਾਇਨਾਤੀ ਸੁਰੱਖਿਆ ਕਾਰਨਾਂ ਤੋਂ ਚੁੱਕਿਆ ਗਿਆ ਕਦਮ ਹੈ। ਉਨ੍ਹਾਂ ਨੇ ਵੱਖ-ਵੱਖ ਪਾਰਟੀਆਂ ਦੇ ਨੇਤਾਵਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪਣੇ ਸਮਰਥਕਾਂ ਨੂੰ ਸ਼ਾਂਤ ਰਹਿਣ ਅਤੇ ਅਫਵਾਹਾਂ 'ਤੇ ਧਿਆਨ ਨਾ ਦੇਣ ਨੂੰ ਕਹਿਣ।


author

Tanu

Content Editor

Related News