ਮਾਨ ਕੌਰ ਦਾ PM ਮੋਦੀ ਨੂੰ ਆਸ਼ੀਰਵਾਦ, ਕਿਹਾ- 'ਤੇਰੇ ਦਰਸ਼ਨ ਕਰਨ ਲਈ ਬਹੁਤ ਦੂਰੋਂ ਆਈ ਆਂ ਚੱਲ ਕੇ'
Monday, Mar 09, 2020 - 06:06 PM (IST)
ਨਵੀਂ ਦਿੱਲੀ— 104 ਸਾਲ ਦੀ ਦੌੜਾਕ ਪਟਿਆਲਾ ਦੀ ਮਾਨ ਕੌਰ ਨੂੰ ਐਤਵਾਰ ਭਾਵ ਮਹਿਲਾ ਦਿਵਸ 'ਤੇ 'ਨਾਰੀ ਸ਼ਕਤੀ ਪੁਰਸਕਾਰ' ਨਾਲ ਸਨਮਾਨਤ ਕੀਤਾ ਗਿਆ। ਮਾਨ ਕੌਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲ ਕੇ ਬਾਗੋ-ਬਾਗ ਹੋ ਗਈ। ਮਾਨ ਕੌਰ ਨੇ ਪੀ. ਐੱਮ. ਮੋਦੀ ਨੂੰ ਪੰਜਾਬੀ 'ਚ ਕਿਹਾ, ''ਮੈਂ ਬਹੁਤ ਦੂਰੋਂ ਚੱਲ ਕੇ ਆਈ ਆਂ ਤੇਰੇ ਦਰਸ਼ਨ ਕਰਨ ਨੂੰ'। ਉਨ੍ਹਾਂ ਨੇ ਮੋਦੀ ਨੂੰ ਪਿਆਰ ਦਿੰਦੇ ਹੋਏ ਉਨ੍ਹਾਂ ਨੂੰ ਆਸ਼ੀਰਵਾਦ ਦਿੱਤਾ। ਇਸ ਦੌਰਾਨ ਮੋਦੀ ਨੇ ਵੀ ਮਾਨ ਕੌਰ ਅੱਗੇ ਸਿਰ ਝੁੱਕਾ ਕੇ ਆਸ਼ੀਰਵਾਦ ਲਿਆ।
#WATCH Prime Minister Narendra Modi seeks blessings of 103-year-old Mann Kaur who received the 'Nari Shakti Puraskar' today, for her achievements in athletics. #WomensDay2020 pic.twitter.com/S9ow6Ggy2Y
— ANI (@ANI) March 8, 2020
ਦੱਸ ਦੇਈਏ ਕਿ ਮਾਨ ਕੌਰ ਨੂੰ ਖੇਡ ਦੇ ਖੇਤਰ ਵਿਚ ਸੇਵਾਵਾਂ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ 'ਨਾਰੀ ਸ਼ਕਤੀ ਪੁਰਸਕਾਰ 2019' ਨਾਲ ਸਨਮਾਨਤ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੂੰ ਸਨਮਾਨ 'ਚ 2 ਲੱਖ ਰੁਪਏ, ਇਕ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਦਿੱਤਾ ਗਿਆ। ਇਹ ਪੁਰਸਕਾਰ ਰਾਸ਼ਟਰਪਤੀ ਰਾਮਨਾਥ ਕੋਵਿੰਦ ਵਲੋਂ ਦਿੱਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਪੀ. ਐੱਮ. ਮੋਦੀ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਨੂੰ ਜੀਵਨ 'ਚ ਇਸ ਤੋਂ ਬਿਹਤਰ ਪ੍ਰਦਰਸ਼ਨ ਕਰਨ ਲਈ ਕਿਹਾ ਹੈ।
ਦੱਸਣਯੋਗ ਹੈ ਕਿ ਮਾਨ ਕੌਰ ਨੇ 93 ਸਾਲ ਦੀ ਉਮਰ ਵਿਚ ਦੌੜਨਾ ਸ਼ੁਰੂ ਕੀਤਾ ਸੀ। 100 ਤੋਂ ਉੱਪਰ ਉਮਰ ਹੋਣ 'ਤੇ ਵੀ ਮਾਨ ਕੌਰ ਦੇ ਨਾਮ ਕਈ ਰਿਕਾਰਡ ਦਰਜ ਹਨ। ਮਾਨ ਕੌਰ ਨੇ ਬੀਤੇ ਸਾਲ ਪੋਲੈਂਡ 'ਚ ਸੰਪੰਨ ਹੋਈ ਵਰਲਡ ਮਾਸਟਰ ਐਥਲੈਟਿਕਸ ਮੁਕਾਬਲੇ 'ਚ 4 ਗੋਲਡ ਤਮਗੇ ਹਾਸਲ ਕੀਤੇ ਸਨ। ਮਾਨ ਕੌਰ ਨੇ ਕਿਹਾ ਕਿ ਉਹ ਮਰਦੇ ਦਮ ਤਕ 8 ਮਾਰਚ ਦੇ ਦਿਨ ਨੂੰ ਯਾਦ ਰੱਖੇਗੀ। ਉਹ ਪੁਰਸਕਾਰ ਹਾਸਲ ਕਰ ਕੇ ਖੁਦ ਨੂੰ ਮਾਣ ਨਾਲ ਭਰਿਆ ਮਹਿਸੂਸ ਕਰ ਰਹੀ ਹੈ। 1 ਮਾਰਚ 1916 ਨੂੰ ਜਨਮੀ ਮਾਨ ਕੌਰ ਔਰਤਾਂ ਲਈ ਪ੍ਰੇਰਣਾਦਾਇਕ ਬਣ ਕੇ ਉੱਭਰੀ ਹੈ। ਉਮਰ ਦੇ ਇਸ ਪੜਾਅ 'ਚ ਵੀ ਉਹ ਤੰਦਰੁਸਤ ਹੈ ਅਤੇ ਚੰਗੀ ਦੌੜਾਕ ਹੈ। ਮਾਨ ਕੌਰ ਦੀ ਸਫਲਤਾ ਦੇ ਪਿੱਛੇ ਸਭ ਤੋਂ ਵੱਡਾ ਹੱਥ ਉਸ ਦੇ ਪੁੱਤਰ ਗੁਰਦੇਵ ਸਿੰਘ ਦਾ ਹੈ, ਜੋ ਕਿ ਉਸ ਦਾ ਕੋਚ ਵੀ ਹੈ।
Women's Day 2020 : 104 ਸਾਲ ਦੀ ਮਾਨ ਕੌਰ ਨੂੰ ਮਿਲਿਆ ਨਾਰੀ ਸ਼ਕਤੀ ਐਵਾਰਡ