ਕੈਨੇਡਾ ’ਚ ਸਰਦਾਰ ਪਟੇਲ ਦੇ ਬੁੱਤ ਦਾ ਉਦਘਾਟਨ, PM ਮੋਦੀ ਬੋਲੇ- ਇਹ ਇਕ ਮਹਾਨ ਪਹਿਲ

Monday, May 02, 2022 - 04:18 PM (IST)

ਨਵੀਂ ਦਿੱਲੀ/ਕੈਨੇਡਾ (ਰਾਜ ਗੋਗਨਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕੈਨੇਡਾ ਦੇ ਮਰਖਮ ’ਚ ਇਕ ਪ੍ਰੋਗਰਾਮ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸਨਾਤਨ ਮੰਦਰ ਸੰਸਕ੍ਰਿਤਕ ਕੇਂਦਰ ’ਚ ਸਰਦਾਰ ਪਟੇਲ ਦੇ ਬੁੱਤ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਇਸ ਸਬੰਧ ’ਚ ਆਯੋਜਿਤ ਇਕ ਪ੍ਰੋਗਰਾਮ ਨੂੰ ਵੀਡੀਓ ਕਾਨਫਰੰਸ ਜ਼ਰੀਏ ਸੰਬੋਧਿਤ ਕਰਦੇ ਹੋਏ ਕਿਹਾ ਕਿ ਇਹ ਬੁੱਤ ਭਾਰਤ-ਕੈਨੇਡਾ ਦੇ ਸਬੰਧਾਂ ਦਾ ਪ੍ਰਤੀਕ ਰਹੇਗਾ। ਉਨ੍ਹਾਂ ਕਿਹਾ ਕਿ ਭਾਰਤ ਦੂਜਿਆਂ ਦੇ ਨੁਕਸਾਨ ਦੀ ਕੀਮਤ ’ਤੇ ਆਪਣੇ ਵਿਕਾਸ ਦੇ ਸੁਫ਼ਨੇ ਨਹੀਂ ਵੇਖਦਾ ਅਤੇ ਦੇਸ਼ ਦੀ ਤਰੱਕੀ ਸੰਪੂਰਨ ਮਨੁੱਖਤਾ ਦੇ ਕਲਿਆਣ ਨਾਲ ਜੁੜੀ ਹੈ। 

ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਨਾਲ ਸੱਭਿਆਚਾਰਕ ਸਬੰਧਾਂ ਨੂੰ ਮਜ਼ਬੂਤ ਬਣਾਉਣ ਲਈ ਪ੍ਰਵਾਸੀ ਭਾਰਤੀਆਂ ਵਲੋਂ ਇਕ ਮਹਾਨ ਪਹਿਲ ਦੇ ਰੂਪ ’ਚ ਬੁੱਤ ਦਾ ਉਦਘਾਟਨ ਕੀਤੇ ਜਾਣ ਸਬੰਧੀ ਕਦਮ ਦਾ ਸਵਾਗਤ ਕੀਤਾ। ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ ਭਾਰਤ ਇਕ ਦੇਸ਼ ਹੋਣ ਤੋਂ ਇਲਾਵਾ ਇਕ ਮਹਾਨ ਪਰੰਪਰਾ, ਸੱਭਿਆਚਾਰ ਦੀ ਧਾਰਾ ਹੈ। ਇਹ ਇਕ ਸਰਵਉੱਚ ਵਿਚਾਰ ਹੈ, ਜੋ ਪੂਰੀ ਮਨੁੱਖਤਾ ਅਤੇ ਪੂਰੀ ਦੁਨੀਆ ਦੇ ਕਲਿਆਣ ਦੀ ਕਾਮਨਾ ਕਰਦਾ ਹੈ। ਪ੍ਰੋਗਰਾਮ ਦੌਰਾਨ ਮੋਦੀ ਨੇ ਕਿਹਾ ਕਿ ਜਿਵੇਂ ਕਿ ਭਾਰਤ ਆਜ਼ਾਦੀ ਦਾ 75 ਸਾਲ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ। ਅਸੀਂ ਇਕ ਨਵਾਂ ਭਾਰਤ ਬਣਾਉਣ ਦਾ ਸੰਕਲਪ ਲੈ ਰਹੇ ਹਾਂ। ਅਸੀਂ ਸਰਦਾਰ ਪਟੇਲ ਸਾਹਿਬ ਦੇ ਉਸ ਸੁਫ਼ਨੇ ਨੂੰ ਪੂਰਾ ਕਰਨ ਲਈ ਆਪਣੇ ਸੰਕਲਪ ਨੂੰ ਦੁਹਰਾਉਂਦੇ ਹਾਂ।

ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਪ੍ਰਤੀ ਸਮਰਪਿਤ ਹੋਣ ਲਈ ਕੈਨੇਡਾ ’ਚ ਰਹਿੰਦੇ ਭਾਰਤੀਆਂ ਦੀ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਇਕ ਭਾਰਤੀ ਪੀੜ੍ਹੀ ਦਰ ਪੀੜ੍ਹੀ ਦੁਨੀਆ ’ਚ ਕਿਤੇ ਵੀ ਰਹਿ ਸਕਦਾ ਹੈ ਪਰ ਭਾਰਤ ਪ੍ਰਤੀ ਉਸਦੀ ਸ਼ਰਧਾ ’ਚ ਥੋੜ੍ਹੀ ਵੀ ਕਮੀ ਨਹੀਂ ਆਉਂਦੀ। ਉਹ ਜਿਸ ਵੀ ਦੇਸ਼ ਵਿਚ ਰਹਿੰਦਾ ਹੈ, ਉਹ ਈਮਾਨਦਾਰੀ ਨਾਲ ਉਸ ਦੀ ਸੇਵਾ ਕਰਦਾ ਹੈ। 

 

 

 

 

 

 


Tanu

Content Editor

Related News