ED ਨੇ ਸੰਜੇ ਰਾਊਤ ਨੂੰ ਹਿਰਾਸਤ ’ਚ ਲਿਆ, ਘਰ ’ਚ ਸਵੇਰ ਤੋਂ ਚੱਲ ਰਹੀ ਸੀ ਛਾਪੇਮਾਰੀ
Sunday, Jul 31, 2022 - 04:34 PM (IST)
ਮੁੰਬਈ– ਸ਼ਿਵ ਸੈਨਾ ਆਗੂ ਸੰਜੇ ਰਾਊਤ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੀ ਟੀਮ ਨੇ ਹਿਰਾਸਤ ’ਚ ਲੈ ਲਿਆ ਹੈ। ਦਰਅਸਲ ਈ. ਡੀ. ਸਵੇਰ ਤੋਂ ਹੀ ‘ਪਾਤਰਾ ਚੌਲ ਜ਼ਮੀਨ ਘਪਲੇ’ ਨਾਲ ਜੁੜੇ ਮਨੀ ਲਾਂਡਰਿੰਗ ਦੇ ਮਾਮਲੇ ’ਚ ਉਨ੍ਹਾਂ ਦੇ ਘਰ ’ਚ ਛਾਣਬੀਣ ਕਰ ਰਹੀ ਸੀ। ਐਤਵਾਰ ਸਵੇਰੇ 7 ਵਜੇ ਈ. ਡੀ. ਦੀ ਟੀਮ ਰਾਊਤ ਦੇ ਘਰ ਪਹੁੰਚੀ।
ਜ਼ਮੀਨ ਘਪਲੇ ਦੇ ਇਸ ਮਾਮਲੇ ’ਚ ਰਾਊਤ ਨੂੰ 27 ਜੁਲਾਈ ਨੂੰ ਈ. ਡੀ. ਨੇ ਤਲਬ ਕੀਤਾ ਸੀ। ਹਾਲਾਂਕਿ ਉਹ ਅਧਿਕਾਰੀਆਂ ਸਾਹਮਣੇ ਪੇਸ਼ ਨਹੀਂ ਹੋਏ ਸਨ। ਰਾਊਤ ’ਤੇ ਜਾਂਚ ’ਚ ਸਹਿਯੋਗ ਨਾ ਕਰਨ ਦਾ ਦੋਸ਼ ਹੈ। ਇਸ ਦੇ ਚੱਲਦੇ ਹੀ ਈ. ਡੀ. ਦੀ ਟੀਮ ਉਨ੍ਹਾਂ ਦੇ ਘਰ ਪਹੁੰਚੀ ਹੈ।
ਜਾਣਕਾਰੀ ਮੁਤਾਬਕ ਜਦੋਂ ਉਨ੍ਹਾਂ ਨੂੰ ਜਾਂਚ ਏਜੰਸੀ ਨੇ ਆਪਣੇ ਨਾਲ ਈ. ਡੀ. ਦਫ਼ਤਰ ਚੱਲਣ ਲਈ ਕਿਹਾ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਮੌਜੂਦਾ ਸੰਸਦ ਮੈਂਬਰ ਹਨ। ਉਨ੍ਹਾਂ ਨੇ 7 ਅਗਸਤ ਦਾ ਸਮਾਂ ਮੰਗਿਆ ਸੀ ਪਰ ਹੁਣ ਈ. ਡੀ. ਉਨ੍ਹਾਂ ਨੂੰ ਹਿਰਾਸਤ ’ਚ ਲੈ ਕੇ ਆਪਣੇ ਨਾਲ ਲਿਜਾ ਸਕਦੀ ਹੈ। ਮੀਡੀਆ ਰਿਪੋਰਟ ਮੁਤਾਬਕ ਈ. ਡੀ. ਸੰਜੇ ਰਾਊਤ ਦੀ ਪਤਨੀ ਤੋਂ ਪੁੱਛ-ਗਿੱਛ ਕਰ ਸਕਦੀ ਹੈ।
ਕੀ ਹੈ ਪਾਤਰਾ ਚੌਲ ਘਪਲਾ-
ਦੋਸ਼ਾਂ ਮੁਤਾਬਕ ਪਾਤਰਾ ਚੌਲ ਜ਼ਮੀਨ ਘਪਲਾ ਦੇ ਲੋਕਾਂ ਨੂੰ ਇਕ ਸਰਕਾਰੀ ਜ਼ਮੀਨ ’ਤੇ ਫਲੈਟ ਬਣਾਉਣ ਲਈ ਦਿੱਤੇ ਜਾਣੇ ਸਨ, ਇਸ ਦਾ ਕੁਝ ਹਿੱਸਾ ਪ੍ਰਾਈਵੇਟ ਡਿਵੈਲਪਰਸ ਨੂੰ ਵੀ ਵੇਚਿਆ ਜਾਣਾ ਸੀ। ਜਿਸ ਕੰਪਨੀ ਨੇ ਇਹ ਠੇਕਾ ਲਿਆ ਸੀ, ਉਹ ਸੰਜੇ ਰਾਊਤ ਦੇ ਰਿਸ਼ਤੇਦਾਰ ਪ੍ਰਵੀਣ ਰਾਊਤ ਦੀ ਸੀ। ਦੋਸ਼ ਹੈ ਕਿ ਇੱਥੇ ਕੋਈ ਫਲੈਟ ਬਣਾਏ ਹੀ ਨਹੀਂ ਗਏ ਅਤੇ ਸਾਰੀ ਜ਼ਮੀਨ ਪ੍ਰਾਈਵੇਟ ਡਿਵੈਲਪਰਸ ਨੂੰ ਵੇਚ ਦਿੱਤੀ ਗਈ। ਸੰਜੇ ਰਾਊਤ ਤੋਂ ਇਸ ਘਪਲੇ ਨੂੰ ਲੈ ਕੇ ਪੁੱਛ-ਗਿੱਛ ਕੀਤੀ ਜਾਣੀ ਸੀ ਪਰ ਈ. ਡੀ. ਦੇ ਸੰਮਨ ਮਗਰੋਂ ਵੀ ਉਹ ਨਹੀਂ ਪਹੁੰਚੇ। ਉਨ੍ਹਾਂ ਨੇ ਮੌਜੂਦਾ ਸੰਸਦ ਸੈਸ਼ਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਹ 7 ਅਗਸਤ ਮਗਰੋਂ ਹੀ ਹਾਜ਼ਰ ਹੋ ਸਕਣਗੇ।