ਸੰਜੇ ਅਰੋੜਾ ਹੋਣਗੇ ਦਿੱਲੀ ਦੇ ਨਵੇਂ ਪੁਲਸ ਕਮਿਸ਼ਨਰ, ਰਾਕੇਸ਼ ਅਸਥਾਨਾ ਦੀ ਲੈਣਗੇ ਜਗ੍ਹਾ

Sunday, Jul 31, 2022 - 01:48 PM (IST)

ਸੰਜੇ ਅਰੋੜਾ ਹੋਣਗੇ ਦਿੱਲੀ ਦੇ ਨਵੇਂ ਪੁਲਸ ਕਮਿਸ਼ਨਰ, ਰਾਕੇਸ਼ ਅਸਥਾਨਾ ਦੀ ਲੈਣਗੇ ਜਗ੍ਹਾ

ਨਵੀਂ ਦਿੱਲੀ (ਭਾਸ਼ਾ)- ਤਾਮਿਲਨਾਡੂ ਕੈਡਰ ਦੇ ਭਾਰਤੀ ਪੁਲਸ ਸੇਵਾ (ਆਈ.ਪੀ.ਐੱਸ.) ਅਧਿਕਾਰੀ ਦੇ ਸੰਜੇ ਅਰੋੜਾ ਨੂੰ ਐਤਵਾਰ ਨੂੰ ਦਿੱਲੀ ਪੁਲਸ ਦਾ ਕਮਿਸ਼ਨਰ ਨਿਯੁਕਤ ਕੀਤਾ ਗਿਆ। ਅਰੋੜਾ ਇਸ ਸਮੇਂ ਭਾਰਤ-ਤਿੱਬਤ ਸਰਹੱਦੀ ਪੁਲਸ (ITBP) ਦੇ ਡਾਇਰੈਕਟਰ ਜਨਰਲ ਵਜੋਂ ਸੇਵਾ ਨਿਭਾਅ ਰਹੇ ਹਨ। ਅਰੋੜਾ ਗੁਜਰਾਤ ਕੈਡਰ ਦੇ ਆਈ.ਪੀ.ਐੱਸ. ਅਧਿਕਾਰੀ ਰਾਕੇਸ਼ ਅਸਥਾਨਾ ਦੀ ਥਾਂ ਲੈਣਗੇ। ਇਕ ਅਧਿਕਾਰਤ ਆਦੇਸ਼ ਦੇ ਅਨੁਸਾਰ ਸਮਰੱਥ ਅਥਾਰਟੀ ਨੇ ਅਰੋੜਾ ਦੀ ਅਰੁਣਾਚਲ ਪ੍ਰਦੇਸ਼, ਗੋਆ, ਮਿਜ਼ੋਰਮ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ (AGMUT) ਕੈਡਰ ਵਿਚ ਅੰਤਰ-ਕੈਡਰ ਡੈਪੂਟੇਸ਼ਨ ਮਨਜ਼ੂਰੀ ਦੇ ਦਿੱਤੀ ਹੈ। AGMUT ਕੈਡਰ ਦੇ ਅਧਿਕਾਰੀ ਦਿੱਲੀ ਪੁਲਸ ਵਿਚ ਸੇਵਾ ਕਰਦੇ ਹਨ। ਸਾਲ 1988 ਬੈਚ ਦੇ ਆਈ.ਪੀ.ਐੱਸ. ਅਧਿਕਾਰੀ ਅਰੋੜਾ ਸੋਮਵਾਰ ਨੂੰ ਅਹੁਦਾ ਸੰਭਾਲਣਗੇ ਅਤੇ ਅਗਲੇ ਹੁਕਮਾਂ ਤੱਕ ਇਸ ਅਹੁਦੇ 'ਤੇ ਬਣੇ ਰਹਿਣਗੇ। ਉਨ੍ਹਾਂ ਨੇ ਤਾਮਿਲਨਾਡੂ ਪੁਲਸ ਐੱਸ.ਟੀ.ਐੱਫ. ਦੇ ਪੁਲਸ ਸੁਪਰਡੈਂਟ (ਐੱਸ.ਪੀ.) ਵਜੋਂ ਸੇਵਾ ਨਿਭਾਈ ਹੈ, ਜਿਸ ਨੇ ਚੰਦਨ ਤਸਕਰ ਵੀਰੱਪਨ ਦਾ ਪਿੱਛਾ ਕੀਤਾ ਸੀ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਦਿੱਲੀ ਸਰਕਾਰ ਨੇ ਵਾਪਸ ਲਈ ਨਵੀਂ ਆਬਕਾਰੀ ਨੀਤੀ, ਭਾਜਪਾ ਸਿਰ ਮੜ੍ਹਿਆ ਇਹ ਦੋਸ਼

ਅਰੋੜਾ ਨੂੰ ਉਸ ਕਾਰਜਕਾਲ ਦੌਰਾਨ ਬਹਾਦਰੀ ਲਈ ਮੁੱਖ ਮੰਤਰੀ ਦੇ ਬਹਾਦਰੀ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ। ਹਾਲ ਹੀ ਦੇ ਇਤਿਹਾਸ ਵਿਚ ਇਹ ਤੀਜੀ ਵਾਰ ਹੈ ਜਦੋਂ AGMUT ਕੈਡਰ ਤੋਂ ਬਾਹਰ ਦੇ ਕਿਸੇ ਅਧਿਕਾਰੀ ਨੂੰ ਰਾਸ਼ਟਰੀ ਰਾਜਧਾਨੀ ਦੀ ਪੁਲਸ ਫ਼ੋਰਸ ਦਾ ਮੁਖੀ ਬਣਾਇਆ ਗਿਆ ਹੈ। 1984 ਬੈਚ ਦੇ ਆਈ.ਪੀ.ਐੱਸ. ਅਧਿਕਾਰੀ ਅਸਥਾਨਾ ਨੂੰ ਜੁਲਾਈ 2021 ਵਿਚ ਦਿੱਲੀ ਪੁਲਿਸ ਕਮਿਸ਼ਨਰ ਨਿਯੁਕਤ ਕੀਤਾ ਗਿਆ ਸੀ, ਜਦੋਂ ਕਿ 1966 ਬੈਚ ਦੇ ਉੱਤਰ ਪ੍ਰਦੇਸ਼-ਕੈਡਰ ਦੇ ਆਈ.ਪੀ.ਐੱਸ. ਅਧਿਕਾਰੀ ਅਜੇ ਰਾਜ ਸ਼ਰਮਾ ਨੂੰ 1999 ਵਿਚ ਦਿੱਲੀ ਪੁਲਸ ਮੁਖੀ ਨਿਯੁਕਤ ਕੀਤਾ ਗਿਆ ਸੀ। ਅਰੋੜਾ ਨੂੰ ਪਿਛਲੇ ਸਾਲ ਅਗਸਤ ਵਿਚ ਆਈ.ਟੀ.ਬੀ.ਪੀ. ਦੇ ਡਾਇਰੈਕਟਰ ਜਨਰਲ (ਡੀ.ਜੀ.) ਵਜੋਂ ਨਿਯੁਕਤ ਕੀਤਾ ਗਿਆ ਸੀ ਅਤੇ ਉਨ੍ਹਾਂ ਦਾ ਕਾਰਜਕਾਲ ਜੁਲਾਈ 2025 ਤੱਕ ਹੈ। ਉਨ੍ਹਾਂ ਨੇ 2002 ਅਤੇ 2004 ਦੇ ਵਿਚਕਾਰ ਕੋਇੰਬਟੂਰ ਦੇ ਪੁਲਸ ਕਮਿਸ਼ਨਰ ਵਜੋਂ ਸੇਵਾ ਕੀਤੀ ਅਤੇ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (CRPF) ਅਤੇ ਸਰਹੱਸੀ ਸੁਰੱਖਿਆ ਫ਼ੋਰਸ (BSF) ਵਿਚ ਵੀ ਕੰਮ ਕੀਤਾ ਹੈ। ਉਨ੍ਹਾਂ ਨੇ ਇਲੈਕਟ੍ਰੀਕਲ ਅਤੇ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਵਿਚ ਬੀ.ਟੈਕ ਦੀ ਡਿਗਰੀ ਹਾਸਲ ਕੀਤੀ ਹੈ। 

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News