ਰਾਸ਼ਟਰਵਾਦੀ ਸੋਚ ਦਾ ਮਾਰਗਦਰਸ਼ਕ ਦਸਤਾਵੇਜ਼ ਹੈ ਸੰਵਿਧਾਨ : ਮੁਰਮੂ
Wednesday, Nov 26, 2025 - 11:10 PM (IST)
ਨਵੀਂ ਦਿੱਲੀ, (ਭਾਸ਼ਾ)– ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਬੁੱਧਵਾਰ ਨੂੰ ਕਿਹਾ ਕਿ ਸੰਵਿਧਾਨ ਦੇਸ਼ ਦੀ ਪਛਾਣ ਦਾ ਆਧਾਰ ਹੈ ਅਤੇ ਨਾਲ ਹੀ ਬਸਤੀਵਾਦੀ ਮਾਨਸਿਕਤਾ ਨੂੰ ਤਿਆਗਣ ਤੇ ਰਾਸ਼ਟਰਵਾਦੀ ਸੋਚ ਨੂੰ ਅਪਨਾਉਣ ਲਈ ਮਾਰਗਦਰਸ਼ਕ ਦਸਤਾਵੇਜ਼ ਵੀ ਹੈ। ਉਨ੍ਹਾਂ ‘ਸੰਵਿਧਾਨ ਸਦਨ’ (ਪੁਰਾਣਾ ਸੰਸਦ ਭਵਨ) ਦੇ ਸੈਂਟਰਲ ਰੂਮ ’ਚ ਆਯੋਜਿਤ ਸੰਵਿਧਾਨ ਦਿਵਸ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਰਤ ਦੁਨੀਆ ਲਈ ਵਿਕਾਸ ਦਾ ਨਵਾਂ ਮਾਡਲ ਪੇਸ਼ ਕਰ ਰਿਹਾ ਹੈ ਅਤੇ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਕਈ ਵੱਡੇ ਕਦਮ ਚੁੱਕੇ ਗਏ ਹਨ।
ਇਸ ਮੌਕੇ ’ਤੇ ਰਾਸ਼ਟਰਪਤੀ ਨੇ 9 ਭਾਸ਼ਾਵਾਂ–ਮਲਿਆਲਮ, ਮਰਾਠੀ, ਨੇਪਾਲੀ, ਪੰਜਾਬੀ, ਬੋਡੋ, ਕਸ਼ਮੀਰੀ, ਤੇਲਗੂ, ਉੜੀਆ ਤੇ ਅਸਮੀਆ ’ਚ ਸੰਵਿਧਾਨ ਦੇ ਡਿਜੀਟਲ ਐਡੀਸ਼ਨ ਦੀ ਘੁੰਡ-ਚੁਕਾਈ ਕੀਤੀ। ਉਨ੍ਹਾਂ ਕਿਹਾ,‘‘ਸਾਡਾ ਸੰਵਿਧਾਨ ਕੌਮੀ ਮਾਣ ਦਾ ਦਸਤਾਵੇਜ਼ ਹੈ। ਇਹ ਰਾਸ਼ਟਰ ਦੀ ਪਛਾਣ ਦਾ ਦਸਤਾਵੇਜ਼ ਹੈ। ਇਹ ਗੁਲਾਮੀ ਦੀ ਮਾਨਸਿਕਤਾ ਨੂੰ ਤਿਆਗਣ ਅਤੇ ਰਾਸ਼ਟਰਵਾਦੀ ਨਜ਼ਰੀਆ ਅਪਨਾਉਣ ਤੇ ਦੇਸ਼ ਨੂੰ ਅੱਗੇ ਲਿਜਾਣ ਦਾ ਦਸਤਾਵੇਜ਼ ਹੈ।’’
ਮੁਰਮੂ ਨੇ ਕਿਹਾ ਕਿ ਦੇਸ਼ ਦੇ ਸੰਵਿਧਾਨ ਨਿਰਮਾਤਾ ਚਾਹੁੰਦੇ ਸਨ ਕਿ ਨਿੱਜੀ, ਲੋਕਤੰਤਰੀ ਅਧਿਕਾਰ ਹਮੇਸ਼ਾ ਸੁਰੱਖਿਅਤ ਰਹਿਣ। ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੇ ਆਰਟੀਕਲ 370 ਨੂੰ ਰੱਦ ਕਰਨ ਬਾਰੇ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਸੰਵਿਧਾਨ ਰਾਸ਼ਟਰਵਾਦੀ ਸੋਚ ਦਾ ਮਾਰਗਦਰਸ਼ਕ ਦਸਤਾਵੇਜ਼ ਹੈ।
ਰਾਸ਼ਟਰਪਤੀ ਨੇ 3 ਤਲਾਕ ’ਤੇ ਪਾਬੰਦੀ ਅਤੇ ਜੀ. ਐੱਸ. ਟੀ. ਵਿਵਸਥਾ ਦੀ ਸ਼ੁਰੂਆਤ ਨੂੰ ਕ੍ਰਮਵਾਰ ਔਰਤਾਂ ਤੇ ਵਿੱਤੀ ਸਸ਼ਕਤੀਕਰਨ ਲਈ ਦੋ ਸਭ ਤੋਂ ਅਹਿਮ ਕਦਮ ਦੱਸਿਆ।
ਮੇਰੇ ਵਰਗੇ ਆਮ ਵਿਅਕਤੀ ਨੂੰ ਪੀ. ਐੱਮ. ਬਣਾ ਦਿੱਤਾ...ਇਹ ਹੈ ਸੰਵਿਧਾਨ ਦੀ ਤਾਕਤ : ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਵਿਧਾਨ ਦੀ ਤਾਕਤ ਦਾ ਵਰਣਨ ਕਰਦੇ ਹੋਏ ਕਿਹਾ ਕਿ ਇਹ ਸੰਵਿਧਾਨ ਦੀ ਹੀ ਤਾਕਤ ਹੈ ਜਿਸ ਨੇ ਉਨ੍ਹਾਂ ਵਰਗੇ ਇਕ ਆਮ ਪਿਛੋਕੜ ਤੋਂ ਆਉਣ ਵਾਲੇ ਵਿਅਕਤੀ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ। ਮੋਦੀ ਨੇ ਨਾਗਰਿਕਾਂ ਨੂੰ ਆਪਣੀਆਂ ਸੰਵਿਧਾਨਕ ਜ਼ਿੰਮੇਵਾਰੀਆਂ ਨਿਭਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਇਹ ਮਜ਼ਬੂਤ ਲੋਕਤੰਤਰ ਦੀ ਨੀਂਹ ਹਨ।
ਸੰਵਿਧਾਨ ਦਿਵਸ ’ਤੇ ਨਾਗਰਿਕਾਂ ਨੂੰ ਸੰਬੋਧਨ ਪੱਤਰ ਵਿਚ ਪ੍ਰਧਾਨ ਮੰਤਰੀ ਨੇ ਵੋਟ ਦੇ ਹੱਕ ਦੀ ਵਰਤੋਂ ਕਰ ਕੇ ਲੋਕਤੰਤਰ ਨੂੰ ਮਜ਼ਬੂਤ ਕਰਨ ਦੀ ਜ਼ਿੰਮੇਵਾਰੀ ’ਤੇ ਵੀ ਜ਼ੋਰ ਦਿੱਤਾ।
