ਦਾਜ ਹੱਤਿਆ ਦੇ ਮਾਮਲਿਆਂ ’ਚ ਅਧੀਨ ਅਦਾਲਤਾਂ ਵਾਰ-ਵਾਰ ਇਕੋ ਜਿਹੀਆਂ ਗਲਤੀਆਂ ਕਰ ਰਹੀਆਂ ਹਨ : SC
Saturday, Feb 01, 2025 - 12:14 AM (IST)
ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਬੇਰਹਿਮੀ ਅਤੇ ਆਪਣੀ ਪਤਨੀ ਦਾ ਦਾਜ ਲਈ ਕਤਲ ਕਰਨ ਦੇ ਮਾਮਲੇ ਵਿਚ ਦੋਸ਼ੀ ਠਹਿਰਾਏ ਗਏ ਇਕ ਵਿਅਕਤੀ ਨੂੰ ਸ਼ੁੱਕਰਵਾਰ ਨੂੰ ਬਰੀ ਕਰ ਦਿੱਤਾ ਅਤੇ ਕਿਹਾ ਕਿ ਅਧੀਨ ਅਦਾਲਤਾਂ ਅਜਿਹੇ ਮਾਮਲਿਆਂ ਵਿਚ ਵਾਰ-ਵਾਰ ਇਕੋ ਜਿਹੀਆਂ ਗਲਤੀਆਂ ਕਰ ਰਹੀਆਂ ਹਨ।
ਜਸਟਿਸ ਅਭੈ ਐੱਸ. ਓਕਾ ਅਤੇ ਜਸਟਿਸ ਉੱਜਲ ਭੁਈਆਂ ਦੀ ਬੈਂਚ ਨੇ ਕਿਹਾ ਕਿ ਇਸ ਮਾਮਲੇ ਵਿਚ ‘ਜ਼ਰੂਰੀ ਸਮੱਗਰੀ’ ਦੀ ਕਮੀ ਹੈ ਕਿਉਂਕਿ ਗਵਾਹਾਂ ਦੇ ਬਿਆਨਾਂ ਵਿਚ ਬੇਰਹਿਮੀ ਜਾਂ ਸ਼ੋਸ਼ਣ ਦਾ ਕੋਈ ਵਿਸ਼ੇਸ਼ ਉਦਾਹਰਣ ਨਹੀਂ ਹੈ।
ਅਦਾਲਤ ਨੇ ਕਿਹਾ ਕਿ ਇਸ ਅਦਾਲਤ ਨੇ ਧਾਰਾ 304-ਬੀ ਦੇ ਤਹਿਤ ਅਪਰਾਧ ਦੀ ਸਮੱਗਰੀ ਨੂੰ ਵਾਰ-ਵਾਰ ਨਿਰਧਾਰਿਤ ਅਤੇ ਸਾਫ ਕੀਤਾ ਹੈ ਪਰ ਅਧੀਨ ਅਦਲਤਾਂ ਵਾਰ-ਵਾਰ ਉਹੀ ਗਲਤੀਆਂ ਕਰ ਰਹੀਆਂ ਹਨ। ਸੁਪਰੀਮ ਕੋਰਟ ਨੇ ਕਿਹਾ ਕਿ ਦਾਜ ਦੀ ਮੰਗ ਸਬੰਧੀ ਆਪਣੀ ਗਵਾਹੀ ਦੇ ਸਮੇਂ ਪੀੜਤਾ ਦੀ ਮਾਂ ਨੇ ਪਤੀ ’ਤੇ ਕਿਸੇ ਵੀ ਤਰ੍ਹਾਂ ਦੀ ਬੇਰਹਿਮੀ ਜਾਂ ਪ੍ਰੇਸ਼ਾਨੀ ਦਾ ਦੋਸ਼ ਨਹੀਂ ਲਗਾਇਆ ਸੀ।
ਬੈਂਚ ਨੇ ਕਿਹਾ ਕਿ ਇਹ ਧਾਰਾ 304-ਬੀ ਦਾ ਇਕ ਜ਼ਰੂਰੀ ਹਿੱਸਾ ਹੈ। ਸਬੂਤ ਇਸ ਗੱਲ ਨੂੰ ਸਾਬਤ ਨਹੀਂ ਕਰਦੇ। ਸੁਪਰੀਮ ਕੋਰਟ ਨੇ ਕਿਹਾ ਕਿ ਅਪੀਲਕਰਤਾ ਵਿਰੁੱਧ ਲਗਾਏ ਗਏ ਦੋਵੇਂ ਅਪਰਾਧ ਇਸਤਗਾਸਾ ਪੱਖ ਵੱਲੋਂ ਸ਼ੱਕ ਤੋਂ ਪਰੇ ਸਾਬਤ ਨਹੀਂ ਹੋਏ।