ਦਿਵਿਆਂਗ ਲੋਕਾਂ ਦਾ ਮਜ਼ਾਕ ਉਡਾਉਣ ਦਾ ਮਾਮਲਾ: ਅਦਾਲਤ ''ਚ ਪੇਸ਼ ਹੋਏ ਸਮੈ ਰੈਨਾ ਸਣੇ 5 ਇੰਨਫਲੂਐਂਸਰ
Tuesday, Jul 15, 2025 - 02:10 PM (IST)

ਨਵੀਂ ਦਿੱਲੀ (ਏਜੰਸੀ)- ਦਿਵਿਆਂਗ ਲੋਕਾਂ ਦਾ ਮਜ਼ਾਕ ਉਡਾਉਣ ਦੇ ਦੋਸ਼ ਵਿਚ ਕਾਰਵਾਈ ਦੀ ਮੰਗ ਨੂੰ ਲੈ ਕੇ ਦਰਜ ਮਾਮਲੇ ਵਿਚ 'ਇੰਡੀਆਜ਼ ਗੌਟ ਲੇਟੈਂਟ' ਦੇ ਪੇਸ਼ਕਾਰ ਸਮੈ ਰੈਨਾ ਸਮੇਤ 5 ਸੋਸ਼ਲ ਮੀਡੀਆ ਇੰਨਫਲੂਐਂਸਰ ਮੰਗਲਵਾਰ ਨੂੰ ਸੁਪਰੀਮ ਕੋਰਟ ਵਿੱਚ ਪੇਸ਼ ਹੋਏ। ਜਸਟਿਸ ਸੂਰਿਆਕਾਂਤ ਅਤੇ ਜੇ. ਬਾਗਚੀ ਦੀ ਬੈਂਚ ਨੇ ਸੋਸ਼ਲ ਮੀਡੀਆ ਇੰਨਫਲੂਐਂਸਰਾਂ ਦੀ ਮੌਜੂਦਗੀ ਦਰਜ ਕੀਤੀ ਅਤੇ ਉਨ੍ਹਾਂ ਨੂੰ ਪਟੀਸ਼ਨ ਦੇ ਸੰਬੰਧ ਵਿੱਚ ਆਪਣਾ ਜਵਾਬ ਦਾਇਰ ਕਰਨ ਲਈ ਕਿਹਾ। ਬੈਂਚ ਨੇ ਉਨ੍ਹਾਂ ਨੂੰ ਮਾਮਲੇ ਦੀ ਅਗਲੀ ਸੁਣਵਾਈ 'ਤੇ ਨਿੱਜੀ ਤੌਰ 'ਤੇ ਪੇਸ਼ ਹੋਣ ਦਾ ਹੁਕਮ ਦਿੱਤਾ। ਸੁਪਰੀਮ ਕੋਰਟ ਨੇ ਇੰਨਫਲੂਐਂਸਰ ਸੋਨਾਲੀ ਠੱਕਰ ਉਰਫ ਸੋਨਾਲੀ ਆਦਿਤਿਆ ਦੇਸਾਈ ਨੂੰ ਕੁਝ ਸਰੀਰਕ ਸਥਿਤੀ ਕਾਰਨ ਅਗਲੀ ਸੁਣਵਾਈ ਦੀ ਤਰੀਕ 'ਤੇ ਡਿਜੀਟਲ ਮਾਧਿਅਮ ਰਾਹੀਂ ਪੇਸ਼ ਹੋਣ ਦੀ ਛੋਟ ਦਿੱਤੀ।
ਬੈਂਚ ਨੇ ਕਿਹਾ ਕਿ ਸੋਸ਼ਲ ਮੀਡੀਆ ਇੰਨਫਲੂਐਂਸਰਾਂ ਨੂੰ 2 ਹਫ਼ਤਿਆਂ ਵਿੱਚ ਆਪਣਾ ਜਵਾਬ ਦਾਇਰ ਕਰਨਾ ਪਵੇਗਾ ਅਤੇ ਉਨ੍ਹਾਂ ਨੂੰ ਕੋਈ ਹੋਰ ਵਾਧਾ ਨਹੀਂ ਦਿੱਤਾ ਜਾਵੇਗਾ ਅਤੇ ਅਗਲੀ ਸੁਣਵਾਈ ਦੀ ਤਰੀਕ 'ਤੇ ਉਨ੍ਹਾਂ ਦੀ ਗੈਰ*ਹਾਜ਼ਰੀ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ। ਸੁਪਰੀਮ ਕੋਰਟ ਨੇ ਕੇਂਦਰ ਵੱਲੋਂ ਪੇਸ਼ ਹੋਏ ਅਟਾਰਨੀ ਜਨਰਲ ਆਰ.ਵੈਂਕਟਰਮਣੀ ਨੂੰ ਕਿਹਾ ਕਿ ਕੇਂਦਰ ਪ੍ਰਗਟਾਵੇ ਦੀ ਆਜ਼ਾਦੀ ਅਤੇ ਦੂਜਿਆਂ ਦੇ ਅਧਿਕਾਰਾਂ ਅਤੇ ਕਰਤੱਵਾਂ ਵਿਚਕਾਰ ਸੰਤੁਲਨ ਬਣਾਈ ਰੱਖਦੇ ਹੋਏ ਸੋਸ਼ਲ ਮੀਡੀਆ ਦੇ ਸੰਦਰਭ ਵਿਚ ਦਿਸ਼ਾ-ਨਿਰਦੇਸ਼ ਤਿਆਰ ਕਰਨ। ਬੈਂਚ ਨੇ ਕਿਹਾ ਕਿ ਇੱਕ ਵਿਅਕਤੀ ਦੀ ਆਜ਼ਾਦੀ ਨਾਲ ਦੂਜਿਆਂ ਦੇ ਅਧਿਕਾਰਾਂ ਦੀ ਉਲੰਘਣਾ ਨਹੀਂ ਹੋਣੀ ਚਾਹੀਦੀ ਅਤੇ ਜ਼ੋਰ ਦੇ ਕੇ ਕਿਹਾ ਕਿ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਨੂੰ ਲਾਗੂ ਕਰਨਾ ਸਭ ਤੋਂ ਮੁਸ਼ਕਲ ਹੈ। 5 ਮਈ ਨੂੰ ਸੁਪਰੀਮ ਕੋਰਟ ਨੇ 5 ਸੋਸ਼ਲ ਮੀਡੀਆ ਇੰਨਫਲੂਐਂਸਰਾਂ ਨੂੰ ਉਸ ਦੇ ਸਾਹਮਣੇ ਪੇਸ਼ ਹੋਣ ਜਾਂ ਸਜ਼ਾਯੋਗ ਕਾਰਵਾਈ ਦਾ ਸਾਹਮਣਾ ਕਰਨ ਦਾ ਨਿਰਦੇਸ਼ ਦਿੱਤਾ, ਜਦੋਂ ਇੱਕ ਪਟੀਸ਼ਨ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਉਨ੍ਹਾਂ ਨੇ ਆਪਣੇ ਸ਼ੋਅ ਵਿੱਚ ਇੱਕ ਦੁਰਲੱਭ ਵਿਕਾਰ ਸਪਾਈਨਲ ਮਾਸਕੂਲਰ ਐਟ੍ਰੋਫੀ (SMA) ਤੋਂ ਪੀੜਤ ਵਿਅਕਤੀਆਂ ਅਤੇ ਹੋਰ ਦਿਵਿਆਂਗਤਾਂਵਾਂ ਤੋਂ ਪੀੜਤ ਲੋਕਾਂ ਦਾ ਮਜ਼ਾਕ ਉਡਾਇਆ।