ਹੈਕਰ ਨੇ ਮੇਰੇ ਸਮਾਰਟਫੋਨ ਤੇ ਲੈਪਟਾਪ ਹੈਕ ਕੀਤੇ, ਹਜ਼ਾਰਾਂ ਡਾਲਰ ਮੰਗੇ : ਪਿਤ੍ਰੋਦਾ
Saturday, Dec 07, 2024 - 09:30 PM (IST)
ਨਵੀਂ ਦਿੱਲੀ, (ਭਾਸ਼ਾ)- ਕਾਂਗਰਸ ਨੇਤਾ ਸੈਮ ਪਿਤ੍ਰੋਦਾ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਸਮਾਰਟਫੋਨ, ਲੈਪਟਾਪ ਅਤੇ ਸਰਵਰ ਨੂੰ ਪਿਛਲੇ ਹਫਤੇ ਵਾਰ-ਵਾਰ ਹੈਕ ਕੀਤਾ ਗਿਆ ਹੈ ਅਤੇ ਹੈਕਰ ਉਨ੍ਹਾਂ ਨੂੰ ਧਮਕੀਆਂ ਦੇ ਰਹੇ ਹਨ ਅਤੇ ਕ੍ਰਿਪਟੋ ਕਰੰਸੀ ਵਿਚ ਹਜ਼ਾਰਾਂ ਡਾਲਰ ਲਗਾਉਣ ਦੀ ਮੰਗ ਕਰ ਰਹੇ ਹਨ। ਪਿਤ੍ਰੋਦਾ ਨੇ ਇਕ ਈਮੇਲ ਸੰਦੇਸ਼ ਵਿਚ ਕਿਹਾ ਕਿ ਹੈਕਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਭੁਗਤਾਨ ਨਹੀਂ ਕੀਤਾ ਜਾਂਦਾ ਹੈ ਤਾਂ ਉਹ ਮੇਰੇ ਨੈੱਟਵਰਕ ਦੇ ਲੋਕਾਂ ਨਾਲ ਸੰਪਰਕ ਕਰ ਕੇ ਮੇਰੀ ਸਾਖ ਨੂੰ ਸੱਟ ਮਾਰਨ ਲਈ ਗਲਤ ਸੂਚਨਾ ਮੁਹਿੰਮ ਚਲਾਉਣਗੇ।
ਮੇਲ ਵਿਚ ਲਿਖਿਆ ਗਿਆ ਹੈ ਕਿ ਮੈਂ ਤੁਹਾਡੇ ਧਿਆਨ ਵਿਚ ਇਕ ਅਹਿਮ ਮਾਮਲਾ ਲਿਆਉਣਾ ਚਾਹੁੰਦਾ ਹਾਂ। ਪਿਛਲੇ ਕੁਝ ਹਫਤਿਆਂ ਵਿਚ ਮੇਰੇ ਲੈਪਟਾਪ, ਸਮਾਰਟਫੋਨ ਅਤੇ ਸਰਵਰ ਨੂੰ ਵਾਰ-ਵਾਰ ਹੈਕ ਕੀਤਾ ਗਿਆ ਹੈ ਅਤੇ ਗੰਭੀਰ ਰੂਪ ਨਾਲ ਛੇੜਛਾੜ ਕੀਤੀ ਗਈ ਹੈ। ਪਰਿਵਾਰ ਅਤੇ ਦੋਸਤਾਂ ਨੂੰ ਸੰਬੋਧਤ ਈਮੇਲ ਵਿਚ ‘ਇੰਡੀਅਨ ਓਵਰਸੀਜ਼ ਕਾਂਗਰਸ’ ਦੇ ਮੁਖੀ ਨੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਅਣਪਛਾਤੀ ਮੇਲ ਆਈ. ਡੀ. ਜਾਂ ਮੋਬਾਈਲ ਨੰਬਰ ਨਾਲ ਉਨ੍ਹਾਂ ਦੇ ਬਾਰੇ ਆਉਣ ਵਾਲੀ ਕਿਸੇ ਵੀ ਈਮੇਲ ਜਾਂ ਮੈਸੇਜ ਨੂੰ ‘ਨਾ ਖੋਲ੍ਹਣ’, ਕਿਸੇ ਵੀ ਲਿੰਕ ’ਤੇ ਕਲਿੱਕ ਨਾ ਕਰਨ ਅਤੇ ਡਾਊਨਲੋਡ ਨਾ ਕਰਨ। ਉਨ੍ਹਾਂ ਕਿਹਾ ਿਕ ਇਨ੍ਹਾਂ ਵਿਚ ਮੇਲਵੇਅਰ ਹੋ ਸਕਦਾ ਹੈ ਜੋ ਉਨ੍ਹਾਂ ਦੇ ਉਪਕਰਣਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ।