ਸਲਮਾਨ ਖ਼ਾਨ ਨੂੰ ਫ਼ਿਰ ਮਿਲੀ ਧਮਕੀ, ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਖ਼ਿਲਾਫ਼ ਮਾਮਲਾ ਦਰਜ
Monday, Mar 20, 2023 - 05:36 AM (IST)
ਨੈਸ਼ਨਲ ਡੈਸਕ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸਲਮਾਨ ਖ਼ਾਨ ਨੂੰ ਉਨ੍ਹਾਂ ਦੇ ਦਫ਼ਤਰ ਵਿਚ ਇਕ ਈ-ਮੇਲ ਭੇਜ ਕੇ ਧਮਕੀ ਦਿੱਤੀ ਗਈ ਹੈ। ਇਸ ਤੋਂ ਬਾਅਦ ਮੁੰਬਈ ਪੁਲਸ ਨੇ 'ਗੈਂਗਸਟਰ' ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਈ-ਮੇਲ ਭੇਜਣ ਵਾਲੇ ਨੇ ਲਿਖਿਆ ਹੈ, "ਗੋਲਡੀ ਭਾਈ (ਗੋਲਡੀ ਬਰਾੜ) ਸਲਮਾਨ ਖ਼ਾਨ ਨਾਲ ਆਹਮੋ-ਸਾਹਮਣੇ ਬਹਿ ਕੇ ਗੱਲ ਕਰਨੀ ਚਾਹੁੰਦੇ ਹਨ।"
ਇਹ ਖ਼ਬਰ ਵੀ ਪੜ੍ਹੋ - ਨੇਪਾਲ ਬਾਰਡਰ ਤੋਂ ਮਿਲੀ ਲਾਵਾਰਿਸ ਕਾਰ, ਤਲਾਸ਼ੀ ਲੈਣ 'ਤੇ ਪੁਲਸ ਵੀ ਰਹਿ ਗਈ ਹੈਰਾਨ
ਅਧਿਕਾਰੀ ਨੇ ਦੱਸਿਆ ਕਿ ਬਿਸ਼ਨੋਈ ਤੇ ਬਰਾੜ ਤੋਂ ਇਲਾਵਾ ਸ਼ਨਿਵਾਰ ਨੂੰ ਦਰਜ FIR ਵਿਚ ਰੋਹਿਤ ਦਾ ਵੀ ਨਾਂ ਹੈ। ਬਠਿੰਡਾ ਜੇਲ੍ਹ ਵਿਚ ਬੰਦ ਬਿਸ਼ਨੋਈ ਤੇ ਗੋਲਡੀ ਬਰਾੜ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਵਿਚ ਮੁਲਜ਼ਮ ਹਨ। ਇਹ ਸ਼ਿਕਾਇਤ ਪ੍ਰਸ਼ਾਂਤ ਗੁੰਜਲਕਰ ਨੇ ਬਾਂਦਰਾ ਪੁਲਸ ਨੂੰ ਦਰਜ ਕਰਵਾਈ ਹੈ। ਪੁਲਸ ਮੁਤਾਬਕ, ਗੁੰਜਲਕਰ, ਖ਼ਾਨ ਦੇ ਬਾਂਦਰਾ ਸਥਿਤ ਘਰ ਵਿਚ ਅਕਸਰ ਆਉਂਦਾ-ਜਾਂਦਾ ਹੈ ਤੇ ਉਹ ਕਲਾਕਾਰਾਂ ਨਾਲ ਜੁੜੀ ਇਕ ਪ੍ਰਬੰਧਨ ਕੰਪਨੀ ਚਲਾਉਂਦਾ ਹੈ।
ਇਹ ਖ਼ਬਰ ਵੀ ਪੜ੍ਹੋ - ਦਿੱਲੀ ਏਅਰਪੋਰਟ ਤੋਂ 2 ਭਾਰਤੀ ਗ੍ਰਿਫ਼ਤਾਰ, ਕਰੋੜ ਰੁਪਏ ਦਾ ਸੋਨਾ ਬਰਾਮਦ
ਅਧਿਕਾਰੀ ਨੇ FIR ਦੇ ਹਵਾਲੇ ਤੋਂ ਦੱਸਿਆ ਕਿ ਜਦੋਂ ਗੁੰਜਲਕਰ ਸ਼ਨਿਵਾਰ ਦੁਪਹਿਰ ਨੂੰ ਖ਼ਾਨ ਦੇ ਗੈਲਕਸੀ ਅਪਾਰਟਮੈਂਟ ਸਥਿਤ ਦਫ਼ਤਰ ਵਿਚ ਸੀ ਤਾਂ ਉਸ ਨੇ ਵੇਖਿਆ ਕਿ ਰੋਹਿਤ ਗਰਗ ਦੀ ਆਈ.ਡੀ. ਤੋਂ ਇਕ ਈ-ਮੇਲ ਆਈ ਹੈ। ਇਹ ਈ-ਮੇਲ ਹਿੰਦੀ ਵਿਚ ਲਿਖਿਆ ਸੀ ਤੇ ਇਸ ਵਿਚ ਕਿਹਾ ਗਿਆ ਸੀ ਕਿ ਲਾਰੈਂਸ ਬਿਸ਼ਨੋਈ ਵੱਲੋਂ ਹਾਲ ਵੀ ਵਿਚ ਇਕ ਨਿਊਜ਼ ਚੈਨਲ ਨੂੰ ਦਿੱਤੀ ਇੰਟਰਵਿਊ ਨੂੰ ਸਲਮਾਨ ਖ਼ਾਨ ਨੇ ਵੇਖ ਹੀ ਲਿਆ ਹੋਵੇਗਾ, ਜੇਕਰ ਨਹੀਂ ਵੇਖਿਆ ਤਾਂ ਉਨ੍ਹਾਂ ਨੂੰ ਵੇਖਣਾ ਚਾਹੀਦਾ ਹੈ।
ਇਹ ਖ਼ਬਰ ਵੀ ਪੜ੍ਹੋ - ਦੇਸ਼ ਭਰ ਦੇ ਲੱਖਾਂ ਕਿਸਾਨਾਂ ਨੇ ਦਿੱਲੀ ਵੱਲ ਕੀਤਾ ਕੂਚ, ਹਜ਼ਾਰਾਂ ਦੀ ਗਿਣਤੀ 'ਚ ਪੁਲਸ ਮੁਲਾਜ਼ਮ ਤਾਇਨਾਤ
ਸ਼ਿਕਾਇਤ ਮੁਤਾਬਕ, ਈ-ਮੇਲ ਵਿਚ ਗੁੰਜਲਕਰ ਨੂੰ ਕਿਹਾ ਗਿਆ ਹੈ ਕਿ ਜੇਕਰ ਸਲਮਾਨ ਖ਼ਾਨ ਮਾਮਲਾ ਖ਼ਤਮ ਕਰਨਾ ਚਾਹੁੰਦੇ ਹਨ ਤਾਂ ਉਹ ਗੋਲਡੀ ਬਰਾੜ ਨਾਲ ਆਹਮੋ-ਸਾਹਮਣੇ ਬਹਿ ਕੇ ਗੱਲ ਕਰਨ। ਈ-ਮੇਲ ਵਿਚ ਕਿਹਾ ਕਿ, "ਅਜੇ ਸਮਾਂ ਹੈ ਪਰ ਅਗਲੀ ਵਾਰ ਝਟਕਾ ਵੇਖਣ ਨੂੰ ਮਿਲੇਗਾ।" ਸ਼ਿਕਾਇਤ ਤੋਂ ਬਾਅਦ ਆਈ.ਪੀ.ਸੀ. ਦੀ ਧਾਰਾ 120-ਬੀ, 506-2 ਅਤੇ 34 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਜੂਨ 2022 ਵਿਚ ਵੀ ਇਕ ਅਣਪਛਾਤੇ ਵਿਅਕਤੀ ਨੇ ਸਲਮਾਨ ਖ਼ਾਨ ਨੂੰ ਧਮਕੀ ਦਿੱਤੀ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।