ਦੇਸ਼ ਨੂੰ ਬਚਾਉਣ ਲਈ ਸੜਕਾਂ ’ਤੇ ਉਤਰਣਗੇ ਸੰਤ, ਪਾਸ ਕੀਤੇ 16 ਮੱਤੇ

06/12/2022 9:40:30 AM

ਵਾਰਾਣਸੀ- ਸ਼ੁੱਕਰਵਾਰ ਨੂੰ ਜੁੰਮੇ ਦੀ ਨਮਾਜ਼ ਤੋਂ ਬਾਅਦ ਉੱਤਰ ਪ੍ਰਦੇਸ਼ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿਚ ਹੋਈ ਹਿੰਸਾ ’ਤੇ ਸ਼ਨੀਵਾਰ ਨੂੰ ਕਾਸ਼ੀ ਧਰਮ ਪ੍ਰੀਸ਼ਦ ਨੇ ਇਕ ਬੈਠਕ ਕਰਦੇ ਹੋਏ ਨਾਰਾਜ਼ਗੀ ਪ੍ਰਗਟਾਈ। ਵਾਰਾਣਸੀ ਦੇ ਸੁਦਾਮਾ ਕੁਟੀ ਹਰਤੀਰਥ ’ਚ ਪਤਾਲਪੁਰੀ ਮੱਠ ਦੇ ਪੀਠਾਧੀਸ਼ਵਰ ਮਹੰਤ ਬਾਲਕ ਦਾਸ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ’ਚ ਕਾਸ਼ੀ ਦੇ ਮੱਠਾਂ ਦੇ ਪੀਠਾਧੀਸ਼ਵਰ, ਸੰਤ, ਮਹੰਤ ਅਤੇ ਸਮਾਜ ਸੇਵਕਾਂ ਦੀ ਹਾਜ਼ਰੀ ’ਚ 16 ਮਤੇ ਪਾਸ ਕੀਤੇ ਗਏ।

ਇਨ੍ਹਾਂ ਮਤਿਆਂ ’ਚ ਕੇਂਦਰ ਅਤੇ ਸੂਬਾ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਅਜਿਹੀ ਅਰਾਜਕਤਾ ਨੂੰ ਅੰਜਾਮ ਦੇਣ ਵਾਲਿਆਂ ਅਤੇ ਇਸ ਪਿੱਛੇ ਸਾਜ਼ਿਸ਼ ਰਚਣ ਵਾਲਿਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਮੀਟਿੰਗ ’ਚ ਲਏ ਗਏ ਫੈਸਲਿਆਂ ਦੇ ਮਤੇ ਨੂੰ ਸਾਰੇ ਅਖਾੜਿਆਂ, ਸਮੂਹ ਸੰਪਰਦਾਵਾਂ ਦੇ ਮੁਖੀਆਂ ਸਮੇਤ ਸਰਕਾਰ ਨੂੰ ਭੇਜਿਆ ਜਾਵੇਗਾ। ਇਸ ਦੇ ਨਾਲ ਹੀ ਸਾਧੂ-ਸੰਤਾਂ ਨੇ ਕਿਹਾ ਕਿ ਸਰਕਾਰ ਕੱਟੜਪੰਥੀਆਂ ਖਿਲਾਫ ਸਖਤ ਕਦਮ ਚੁੱਕੇ। ਪੱਥਰਬਾਜ਼ੀ ਅਤੇ ਹਿੰਸਾ ਲਈ ਜ਼ਿੰਮੇਵਾਰ ਵਿਅਕਤੀ ਅਤੇ ਸੰਗਠਨ ’ਤੇ ਲਗਾਮ ਲਗਾਉਂਦੇ ਹੋਏ ਬੰਦ ਕਰੇ। ਉਨ੍ਹਾਂ ਦੀ ਜਾਇਦਾਦ ਜ਼ਬਤ ਕੀਤੀ ਜਾਵੇ।

ਮੀਟਿੰਗ ’ਚ ਸੰਤਾਂ ਨੇ ਕਿਹਾ ਕਿ ਹਿੰਸਾ ਪਿੱਛੇ ਰਚੀ ਗਈ ਸਾਜ਼ਿਸ਼ ਦਾ ਪਰਦਾਫਾਸ਼ ਕਰਨਾ ਹੋਵੇਗਾ। ਹਿੰਦੂ ਦੇਵੀ-ਦੇਵਤਿਆਂ ’ਤੇ ਇਤਰਾਜ਼ਯੋਗ ਟਿੱਪਣੀਆਂ ਕਰਨ, ਫਿਲਮਾਂ ਦਾ ਮਜ਼ਾਕ ਬਣਾਉਣ ਵਾਲਿਆਂ ਨੂੰ ਸਰਕਾਰ ਤੋਂ ਤੁਰੰਤ ਜੇਲ੍ਹ ਭੇਜਣ ਦੀ ਵੀ ਮੰਗ ਕੀਤੀ ਗਈ ਹੈ। ਮੀਟਿੰਗ ’ਚ ਰਾਂਚੀ ’ਚ ਹਨੂੰਮਾਨ ਮੰਦਰ ’ਚ ਭੰਨ-ਤੋੜ ਅਤੇ ਹਮਲੇ ਦੀ ਵੀ ਨਿਖੇਧੀ ਕੀਤੀ ਗਈ।

ਕੀ ਹਨ ਮੁੱਖ ਮਤੇ
- ਮੁਸਲਿਮ ਕੱਟੜਪੰਥੀ ਨਮਾਜ਼ੀਆਂ ’ਤੇ ਪਾਬੰਦੀ ਲਗਾਈ ਜਾਵੇ।
- ਜਿਸ ਮਸਜਿਦ ਤੋਂ ਪੱਥਰਬਾਜ਼ੀ ਹੋ ਰਹੀ ਹੈ, ਉਸ ’ਤੇ ਪੂਰੀ ਤਰ੍ਹਾਂ ਤਾਲਾਬੰਦੀ ਕੀਤੀ ਜਾਵੇ।
- ਰਾਸ਼ਟਰਵਾਦੀ ਮੁਸਲਮਾਨ ਅਫਸਰ ਬਾਬੇ ਨੂੰ ਪੱਕੀ ਸੁਰੱਖਿਆ ਦਿੱਤੀ ਜਾਵੇ।
- ਦੇਸ਼ ਨੂੰ ਇਸਲਾਮਿਕ ਬਣਾਉਣ ਦੀ ਸਾਜ਼ਿਸ਼ ਨੂੰ ਬੇਨਕਾਬ ਕਰਨਾ ਹੋਵੇਗਾ।
- ਮੁਹੱਲਾ ਪੱਧਰ ’ਤੇ ਜੇਹਾਦੀਆਂ ਦੀ ਸੂਚੀ ਬਣਾਈ ਜਾਵੇ।
- ਨਫ਼ਰਤ ਫੈਲਾਉਣ ਵਾਲੀ ਤਕਰੀਰ ਦੇਣ ਵਾਲੇ ਮੌਲਾਣਿਆਂ ਦੀ ਜਾਇਦਾਦ ਜ਼ਬਤ ਹੋਵੇ।
- ਹਰ ਮਸਜਿਦ ’ਚ ਸੀ. ਸੀ. ਟੀ. ਵੀ. ਕੈਮਰੇ ਲੱਗਣ, ਭਾਸ਼ਣ ਰਿਕਾਰਡ ਹੋਵੇ।
- ਭਾਰਤ ਦੇ ਸਨਮਾਨ ਨਾਲ ਖਿਲਵਾੜ ਕਰਨ ਵਾਲੇ ਇਸਲਾਮਿਕ ਦੇਸ਼ਾਂ ਨਾਲ ਵਪਾਰਕ ਰਿਸ਼ਤੇ ਖਤਮ ਕੀਤੇ ਜਾਣ।

ਨੂਪੁਰ ਸ਼ਰਮਾ ਦਾ ਸਾਥ ਦੇਣ ਦਾ ਐਲਾਨ-
ਕਾਸ਼ੀ ਧਰਮ ਪ੍ਰੀਸ਼ਦ ਨੇ ਐਲਾਨ ਕੀਤਾ ਹੈ ਕਿ ਉਹ ਨੂਪੁਰ ਸ਼ਰਮਾ ਦੇ ਨਾਲ ਹਨ ਅਤੇ ਉਹ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਜਬਰ-ਜ਼ਨਾਹ ਦੀ ਧਮਕੀ ਦੇਣ ਵਾਲਿਆਂ ’ਤੇ ਰਾਸੁਕਾ ਲੱਗੇ। ਕਾਸ਼ੀ ਧਰਮ ਪ੍ਰੀਸ਼ਦ ਦੀ ਬੈਠਕ ’ਚ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਇਸ ਮਾਮਲੇ ’ਚ ਜਲਦ ਹੀ ਸੰਤਾਂ, ਮਹਾਤਮਾਵਾਂ ਅਤੇ ਨਾਗਾ ਸਾਧੂਆਂ ਦੀ ਸਾਂਝੀ ਬੈਠਕ ਕਰ ਕੇ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ। ਦੇਸ਼ ਨੂੰ ਬਚਾਉਣ ਲਈ ਸੰਤ ਵੀ ਸੜਕਾਂ ’ਤੇ ਉਤਰਣਗੇ। ਇਸ ਤੋਂ ਇਲਾਵਾ ਸੰਤ ਸਮਾਜ ਦੀਆਂ ਸ਼ਹਿਰ ਪੱਧਰ ’ਤੇ ਇਕਾਈਆਂ ਗਠਿਤ ਕੀਤੀਆਂ ਜਾਣਗੀਆਂ, ਜਿਸ ’ਚ ਹਰ ਸੰਪਰਦਾ ਦੇ ਲੋਕ ਸ਼ਾਮਲ ਹੋਣਗੇ।


Tanu

Content Editor

Related News