ਪ੍ਰਗਿਆ ਠਾਕੁਰ ਨੇ ਦਿੱਤਾ ਇਕ ਹੋਰ ਵਿਵਾਦਿਤ ਬਿਆਨ, ਨੱਥੂਰਾਮ ਨੂੰ ਦੱਸਿਆ ''ਦੇਸ਼ ਭਗਤ''

5/16/2019 3:53:42 PM

ਭੋਪਾਲ (ਵਾਰਤਾ)— ਭਾਜਪਾ ਪਾਰਟੀ ਦੀ ਭੋਪਾਲ ਸੰਸਦੀ ਸੀਟ ਤੋਂ ਉਮੀਦਵਾਰ ਸਾਧਵੀ ਪ੍ਰਗਿਆ ਠਾਕੁਰ ਦੇ ਮਹਾਤਮਾ ਗਾਂਧੀ ਦੇ ਕਾਤਲ ਨੱਥੂਰਾਮ ਗੋਡਸੇ ਨੂੰ ਲੈ ਕੇ ਦਿੱਤੇ ਬਿਆਨ 'ਤੇ ਵਿਵਾਦ ਸ਼ੁਰੂ ਹੋ ਗਿਆ ਹੈ। ਸਾਧਵੀ ਪ੍ਰਗਿਆ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿਚ ਉਹ ਨੱਥੂਰਾਮ ਗੋਡਸੇ ਨੂੰ ਦੇਸ਼ ਭਗਤ ਦੱਸ ਰਹੀ ਹੈ। ਸਾਧਵੀ ਨੇ ਕਿਹਾ ਕਿ ਗੋਡਸੇ ਦੇਸ਼ ਭਗਤ ਸਨ ਅਤੇ ਰਹਿਣਗੇ। ਉਨ੍ਹਾਂ 'ਤੇ ਬੋਲਣ ਵਾਲੇ ਆਪਣੇ ਅੰਦਰ ਝਾਤ ਮਾਰ ਕੇ ਦੇਖਣ। ਜ਼ਿਕਰਯੋਗ ਹੈ ਕਿ ਪ੍ਰਗਿਆ ਨੇ ਅਯੁੱਧਿਆ ਵਿਚ ਰਾਮ ਮੰਦਰ ਅਤੇ ਮਹਾਰਾਸ਼ਟਰ ਦੇ ਸ਼ਹੀਦ ਸੀਨੀਅਰ ਪੁਲਸ ਅਧਿਕਾਰੀ ਹੇਮੰਤ ਕਰਕਰੇ ਨੂੰ ਲੈ ਕੇ ਵੀ ਬਿਆਨ ਦਿੱਤਾ ਸੀ। ਇਨ੍ਹਾਂ ਦੋਹਾਂ ਮਾਮਲਿਆਂ ਨੂੰ ਲੈ ਕੇ ਵੀ ਵਿਵਾਦ ਹੋਇਆ ਸੀ। 

Image result for Nathuram Godse

ਸਾਧਵੀ ਦਾ ਇਹ ਬਿਆਨ ਮੱਧ ਪ੍ਰਦੇਸ਼ ਦੇ ਆਗਰ ਮਾਲਵਾ ਜ਼ਿਲੇ ਦਾ ਹੈ। ਇਸ ਮੌਕੇ 'ਤੇ ਸਾਧਵੀ ਨੇ ਕਾਂਗਰਸ ਨੂੰ ਵੀ ਲੰਮੇ ਹੱਥੀ ਲਿਆ ਅਤੇ ਦੋਸ਼ ਲਾਇਆ ਕਿ ਉਸ ਦੇ ਨੇਤਾ ਅੱਤਵਾਦ ਦਾ ਸਮਰਥਨ ਕਰਦੇ ਹਨ। ਇਸ ਸਬੰਧ ਵਿਚ ਪ੍ਰਦੇਸ਼ ਭਾਜਪਾ ਦੇ ਨੇਤਾ ਹਿਤੇਸ਼ ਵਾਜਪਾਈ ਨੇ ਕਿਹਾ ਕਿ ਅਸੀਂ ਗਾਂਧੀ ਦੀ ਹੱਤਿਆ ਕਰਨ ਵਾਲੇ ਦਾ ਗੁਣਗਾਨ ਨਹੀਂ ਕਰ ਸਕਦੇ। ਉੱਥੇ ਹੀ ਪ੍ਰਦੇਸ਼ ਕਾਂਗਰਸ ਦੇ ਮੀਡੀਆ ਵਿਭਾਗ ਦੇ ਉੱਪ ਪ੍ਰਧਾਨ ਭੁਪਿੰਦਰ ਗੁਪਤਾ ਨੇ ਇਕ ਟੀ. ਵੀ. ਚੈਨਲ 'ਤੇ ਆਪਣੀ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਕਿਹਾ ਭਾਜਪਾ ਦੋਗਲੀ ਪਾਰਟੀ ਹੈ। ਉਹ ਮੁਖੌਟੇ ਲਾ ਕੇ ਰਾਜਨੀਤੀ ਕਰਦੀ ਹੈ। ਗੋਡਸੇ ਨਿਸ਼ਚਿਤ ਰੂਪ ਨਾਲ ਅੱਤਵਾਦੀ ਸੀ। ਉਸ ਨੇ ਮਹਾਤਮਾ ਗਾਂਧੀ ਦੀ ਹੱਤਿਆ ਦੀ ਕੋਸ਼ਿਸ਼ ਪਹਿਲਾਂ ਵੀ ਕੀਤੀ ਸੀ। ਦੱਸਣਯੋਗ ਹੈ ਕਿ ਭੋਪਾਲ ਵਿਚ ਭਾਜਪਾ ਉਮੀਦਵਾਰ ਪ੍ਰਗਿਆ ਠਾਕੁਰ ਦਾ ਮੁਕਾਬਲਾ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਨਾਲ ਹੈ।


Tanu

Edited By Tanu