ਜੈਸ਼ੰਕਰ ਨੇ ਚੀਨ ਦੇ ਵਿਦੇਸ਼ ਮੰਤਰੀ ਨੂੰ ਕਿਹਾ - ਭਾਰਤ-ਚੀਨ ਸਬੰਧਾਂ ਦੀ ਮੌਜੂਦਾ ਸਥਿਤੀ ''ਅਸਾਧਾਰਨ''

03/03/2023 4:28:25 AM

ਨਵੀਂ ਦਿੱਲੀ (ਭਾਸ਼ਾ): ਵਿਦੇਸ਼ ਮੰਤਰੀ ਜੈਸ਼ੰਕਰ ਨੇ ਵੀਰਵਾਰ ਨੂੰ ਚੀਨ ਦੇ ਵਿਦੇਸ਼ ਮੰਤਰੀ ਕਿਨ ਗਾਂਗ ਦੇ ਨਾਲ ਹੋਈ ਮੀਟਿੰਗ ਵਿਚ ਕਿਹਾ ਕਿ ਭਾਰਤ-ਚੀਨ ਵਿਚਾਲੇ ਰਿਸ਼ਤੇ 'ਅਸਾਧਾਰਨ' ਹਨ। ਮੀਟਿੰਗ ਵਿਚ ਦੋਵਾਂ ਆਗੂਆਂ ਵਿਚਾਲੇ ਰਿਸ਼ਤਿਆਂ ਦੀਆਂ ਚੁਣੌਤੀਆਂ, ਖਾਸਤੌਰ 'ਤੇ ਸਰਹੱਦੀ ਇਲਾਕੇ ਵਿਚ ਸ਼ਾਂਤੀ ਤੇ ਸਥਿਰਤਾ ਨਾਲ ਜੁੜੀਆਂ ਚੁਣੌਤੀਆਂ ਨਾਲ ਨਜਿੱਠਣ 'ਤੇ ਚਰਚਾ ਹੋਈ। ਜੀ-20 ਦੇ ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿਚ ਜੈਸ਼ੰਕਰ ਤੇ ਕਿਨ ਦੀ ਇਹ ਪਹਿਲੀ ਮੁਲਾਕਾਤ ਹੈ। ਪੂਰਬੀ ਲੱਦਾਖ ਵਿਚ 34 ਮਹੀਨੇ ਤੋਂ ਵੱਧ ਸਮੇਂ ਤੋਂ ਜਾਰੀ ਸਰਹੱਦ ਵਿਵਾਦ ਵਿਚਾਲੇ ਇਹ ਮੀਟਿੰਗ ਹੋਈ। ਕਿਨ ਦਿਸੰਬਰ ਵਿਚ ਚੀਨ ਦੇ ਵਿਦੇਸ਼ ਮੰਤਰੀ ਬਣੇ ਸਨ ਤੇ ਉਨ੍ਹਾਂ ਨੇ ਵਾਂਗ ਯੀ ਦੀ ਜਗ੍ਹਾ ਲਈ ਸੀ। 

ਇਹ ਖ਼ਬਰ ਵੀ ਪੜ੍ਹੋ - ਮੇਘਾਲਿਆ ਮੁੱਖ ਮੰਤਰੀ ਦੀ ਕੁਰਸੀ ਦੇ ਹੋਰ ਨੇੜੇ ਪਹੁੰਚੇ ਕੋਨਰਾਡ ਸੰਗਮਾ, ਭਾਜਪਾ ਨੇ ਕੀਤੀ ਹਮਾਇਤ

ਜੈਸ਼ੰਕਰ ਨੇ ਪੱਤਰਕਾਰਾਂ ਨੂੰ ਕਿਹਾ, "ਵਿਦੇਸ਼ ਮੰਤਰੀ ਬਣਨ ਤੋਂ ਬਾਅਦ ਇਹ ਸਾਡੀ ਪਹਿਲੀ ਮੁਲਾਕਾਤ ਹੈ। ਅਸੀਂ ਇਕ-ਦੂਜੇ ਨਾਲ ਤਕਰੀਬਨ 45 ਮਿੰਟ ਚਰਚਾ ਕੀਤੀ ਤੇ ਮੋਟੇ ਤੌਰ 'ਤੇ ਇਹ ਚਰਚਾ ਸਾਡੇ ਸਬੰਧਾਂ ਦੀ ਮੌਜੂਦਾ ਸਥਿਤੀ ਬਾਰੇ ਸੀ, ਜਿਸ ਬਾਰੇ ਤੁਹਾਡੇ 'ਚੋਂ ਜ਼ਿਆਦਾਤਰ ਲੋਕਾਂ ਨੇ ਸੁਣਿਆ ਹੋਵੇਗਾ ਕਿ ਉਹ (ਸਬੰਧ) ਅਸਧਾਰਨ ਹਨ। ਮੀਟਿੰਗ ਵਿਚ ਮੈਂ ਜਿਨ੍ਹਾਂ ਵਿਸ਼ੇਸ਼ਣਾਂ ਦੀ ਵਰਤੋਂ ਕੀਤੀ, ਉਨ੍ਹਾਂ ਵਿਚ ਇਹ (ਅਸਾਧਾਰਨ) ਵੀ ਸੀ। ਸਬੰਧਾਂ ਵਿਚ ਕੁੱਝ ਸਮੱਸਿਆਵਾਂ ਹਨ, ਜਿਨ੍ਹਾਂ 'ਤੇ ਧਿਆਨ ਦੇਣ, ਖੁੱਲ੍ਹ ਕੇ ਤੇ ਦਿੱਲ ਨਾਲ ਗੱਲ ਕਰਨ ਦੀ ਲੋੜ ਹੈ।" 

ਇਹ ਖ਼ਬਰ ਵੀ ਪੜ੍ਹੋ - ਅਜਬ-ਗਜ਼ਬ: ਭਾਬੀ ਨਾਲ ਨਾਜਾਇਜ਼ ਸਬੰਧਾਂ ਦਾ ਸੀ ਸ਼ੱਕ, ਬੇਗੁਨਾਹੀ ਸਾਬਤ ਕਰਨ ਲਈ ਦਿੱਤੀ 'ਅਗਨੀ-ਪ੍ਰੀਖਿਆ'

ਵਿਦੇਸ਼ ਮੰਤਰੀ ਨੇ ਕਿਹਾ ਕਿ ਮੀਟਿੰਗ ਵਿਚ ਆਮ ਤੌਰ 'ਤੇ ਦੁਵੱਲੇ ਰਿਸ਼ਤਿਆਂ 'ਤੇ ਚਰਚਾ ਹੋਈ। ਕਿਨ ਭਾਰਤ ਦੀ ਮੇਜ਼ਬਾਨੀ ਵਿਚ ਹੋ ਰਹੀ ਜੀ-20 ਮੀਟਿੰਗ ਵਿਚ ਸ਼ਾਮਲ ਹੋਣ ਲਈ ਵੀਰਵਾਰ ਸਵੇਰੇ ਦਿੱਲੀ ਪਹੁੰਚੇ। ਜੈਸ਼ੰਕਰ ਨੇ ਟਵੀਟ ਕੀਤਾ, "ਅੱਜ ਦੁਪਹਿਰ ਜੀ-20 ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿਚ ਚੀਨ ਦੇ ਵਿਦੇਸ਼ ਮੰਤਰੀ ਕਿਨ ਗਾਂਗ ਨਾਲ ਮੁਲਾਕਾਤ ਕੀਤੀ। ਸਾਡੀ ਗੱਲਬਾਤ ਵਿਚ ਸਬੰਧਾਂ, ਵਿਸ਼ੇਸ ਤੌਰ 'ਤੇ ਸਰਹੱਦੀ ਇਲਾਕਿਆਂ ਵਿਚ ਸ਼ਾਂਤੀ ਲਈ ਮੌਜੂਦਾ ਚੁਣੌਤੀਆਂ 'ਤੇ ਧਿਆਨ ਦੇਣ 'ਤੇ ਜ਼ੋਰ ਦਿੱਤਾ ਗਿਆ। ਅਸੀਂ ਜੀ-20 ਦੇ ਏਜੰਡੇ ਬਾਰੇ ਵੀ ਗੱਲਬਾਤ ਕੀਤੀ।"

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News