ਰਸ਼ੀਅਨ ਔਰਤ ਦੀ ਵੀਡੀਓ ਨੇ ਪਾਇਆ ਭੜਥੂ, PM Modi ਤੇ ਰਾਸ਼ਟਰਪਤੀ ਪੁਤਿਨ ਨੂੰ ਕੀਤੀ ਸ਼ਿਕਾਇਤ
Monday, Oct 14, 2024 - 05:11 PM (IST)

ਜਲੰਧਰ (ਇੰਟ.) - ਰੂਸ ਦੀ ਰਹਿਣ ਵਾਲੀ ਇਕ ਔਰਤ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਔਰਤ ਨੇ ਆਪਣੇ ਪਤੀ ਬਾਰੇ ਚਿੰਤਾ ਜ਼ਾਹਿਰ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਸ਼ਿਕਾਇਤ ਕੀਤੀ ਹੈ। ਰੂਸੀ ਔਰਤ ਨੇ ਐੱਨ.ਆਰ.ਆਈ. ਗੌਰਵ ਅਹਿਲਾਵਤ ਨਾਲ ਵਿਆਹ ਕਰਵਾਇਆ ਹੈ।
ਰਿਪੋਰਟ ਮੁਤਾਬਕ ਗੌਰਵ ਅਹਿਲਾਵਤ ਉਸ ਨੂੰ ਕਰੋੜਾਂ ਰੁਪਏ ਦੀ ਧੋਖਾਦੇਹੀ ’ਚ ਫਸਾਉਣ ਦੇ ਮਾਮਲੇ ’ਚ ਇੰਦੌਰ ਪੁਲਸ ਕੋਲ ਆਪਣੀ ਸ਼ਿਕਾਇਤ ਦਰਜ ਕਰਵਾਉਣਾ ਚਾਹੁੰਦੇ ਸਨ ਪਰ ਕੋਈ ਸੁਣਵਾਈ ਨਾ ਹੋਈ ਤਾਂ ਰੂਸ ਦੀ ਰਹਿਣ ਵਾਲੀ ਗੌਰਵ ਦੀ ਪਤਨੀ ਕਾਜ਼ੀਆ ਨੇ ਇਕ ਵੀਡੀਓ ਸ਼ੇਅਰ ਕਰ ਦਿੱਤੀ, ਜਿਸ ਨੇ ਇੰਦੌਰ ’ਚ ਭੜਥੂ ਪਾ ਦਿੱਤਾ।
ਦਰਅਸਲ ਗੌਰਵ ਅਹਿਲਾਵਤ ਦਾ ਕਨਫੈਕਸ਼ਨਰੀ ਕਾਰੋਬਾਰੀ ਸੰਜੇ ਜੈਸਵਾਨੀ ਨਾਲ ਝਗੜਾ ਹੋਇਆ ਸੀ। ਗੌਰਵ ਇਸ ਦੀ ਸ਼ਿਕਾਇਤ ਦਰਜ ਕਰਵਾਉਣਾ ਚਾਹੁੰਦੇ ਸਨ ਪਰ ਪੁਲਸ ਟਾਲ-ਮਟੋਲ ਕਰ ਰਹੀ ਸੀ। ਇਸ ਦਰਮਿਆਨ ਕਾਜ਼ੀਆ ਨੇ ਦੋਸ਼ ਲਾਇਆ ਕਿ ਉਸ ਦੇ ਪਤੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ਅਤੇ ਉਸ ਨੂੰ ਕੋਈ ਮਦਦ ਨਹੀਂ ਮਿਲ ਰਹੀ। ਕਾਜ਼ੀਆ ਦੀ ਵੀਡੀਓ ਵਾਇਰਲ ਹੁੰਦੇ ਹੀ ਭੜਥੂ ਪੈ ਗਿਆ।
ਕੀ ਹੈ ਸਾਰਾ ਮਾਮਲਾ
ਜਾਣਕਾਰੀ ਮੁਤਾਬਕ ਗੌਰਵ ਅਹਿਲਾਵਤ ਨੇ ਪੀ. ਐੱਮ. ਮੋਦੀ ਦੇ ਦਿੱਲੀ ਵਿਚ ਹੋਏ ਇਕ ਨਿਵੇਸ਼ ਪ੍ਰੋਗਰਾਮ ਤੋਂ ਪ੍ਰਭਾਵਿਤ ਹੋ ਕੇ ਇੰਦੌਰ ’ਚ ਸੰਜੇ ਜੈਸਵਾਨੀ ਨਾਂ ਦੇ ਇਕ ਵਿਅਕਤੀ ਨਾਲ ਕਾਰੋਬਾਰ ’ਚ ਨਿਵੇਸ਼ ਕੀਤਾ ਸੀ। ਸੰਜੇ ’ਤੇ ਦੋਸ਼ ਹੈ ਕਿ ਉਸ ਨੇ ਗੌਰਵ ਨਾਲ ਧੋਖਾਦੇਹੀ ਕੀਤੀ ਅਤੇ 3 ਦਿਨਾਂ ਤੱਕ ਬੰਧਕ ਵੀ ਬਣਾ ਕੇ ਰੱਖਿਆ।
ਪੁਲਸ ਤੋਂ ਮਦਦ ਨਾ ਮਿਲਣ ’ਤੇ ਪਤਨੀ ਕਾਜ਼ੀਆ ਨੇ ਇਸ ਸਬੰਧੀ ਇਕ ਵੀਡੀਓ ਬਣਾ ਕੇ ਸ਼ੇਅਰ ਕਰ ਦਿੱਤੀ, ਜਿਸ ’ਚ ਉਸ ਨੇ ਦੱਸਿਆ ਕਿ ਜੈਸਵਾਨੀ ਨੇ ਉਨ੍ਹਾਂ ਨੂੰ ਕਰੋੜਾਂ ਦੀ ਧੋਖਾਦੇਹੀ ’ਚ ਫਸਾਇਆ ਅਤੇ 3 ਦਿਨਾਂ ਤੱਕ ਬੰਧਕ ਬਣਾ ਕੇ ਰੱਖਿਆ। ਇਸ ਦੇ ਨਾਲ ਹੀ ਜਾਨੋਂ ਮਾਰਨ ਅਤੇ ਉਸ ਦੇ 200 ਟੁੱਕੜੇ ਕਰਨ ਦੀ ਧਮਕੀ ਵੀ ਦਿੱਤੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਭੜਥੂ ਪੈ ਗਿਆ।
ਰੂਸੀ ਦੂਤਘਰ ਨੇ ਪੁਲਸ ਤੋਂ ਮੰਗਿਆ ਜਵਾਬ
ਰੂਸੀ ਦੂਤਘਰ ਵੱਲੋਂ ਡਿਪਟੀ ਕਮਿਸ਼ਨਰ ਇੰਦੌਰ ਨੂੰ ਇਕ ਮੇਲ ਭੇਜ ਕੇ ਜਵਾਬ ਮੰਗਿਆ ਗਿਆ ਕਿ ਰਿਪੋਰਟ ਕਿਉਂ ਨਹੀਂ ਦਰਜ ਹੋ ਰਹੀ? ਰੂਸੀ ਦੂਤਘਰ ਤੋਂ ਮੇਲ ਮਿਲਣ ਤੋਂ ਬਾਅਦ ਇੰਦੌਰ ਪ੍ਰਸ਼ਾਸਨ ਵਿਚ ਭੜਥੂ ਪੈ ਗਿਆ। ਦੱਸਿਆ ਜਾ ਰਿਹਾ ਹੈ ਕਿ ਡਿਪਟੀ ਕਮਿਸ਼ਨਰ ਨੇ ਮਾਮਲੇ ਦੀ ਜਾਂਚ ਕਰਵਾਉਣ ਦੀ ਗੱਲ ਕਹੀ ਹੈ।
ਹਾਲਾਂਕਿ ਮੱਧ ਪ੍ਰਦੇਸ਼ ਦੀਆਂ ਵਿਰੋਧੀ ਪਾਰਟੀਆਂ ਨੇ ਇਸ ਨੂੰ ਭਾਰਤ ਦੇ ਅਕਸ ਨਾਲ ਜੋੜ ਕੇ ਮੱਧ ਪ੍ਰਦੇਸ਼ ਸਰਕਾਰ ’ਤੇ ਹਮਲਾ ਬੋਲਿਆ ਹੈ। ਵਿਰੋਧੀ ਧਿਰ ਦੇ ਨੇਤਾ ਉਮੰਗ ਸਿੰਘਾਰ ਨੇ ਮੁੱਖ ਮੰਤਰੀ ਮੋਹਨ ਯਾਦਵ ਨੂੰ ਟੈਗ ਕਰਦੇ ਹੋਏ ਲਿਖਿਆ ਕਿ ਅਜਿਹੀਆਂ ਘਟਨਾਵਾਂ ਮੱਧ ਪ੍ਰਦੇਸ਼ ਦੇ ਨਿਵੇਸ਼ਕਾਂ ਨੂੰ ਨਿਰਉਤਸ਼ਾਹਿਤ ਕਰ ਸਕਦੀਆਂ ਹਨ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਦੇਸ਼ ਦਾ ਅਕਸ ਖਰਾਬ ਕਰ ਸਕਦੀਆਂ ਹਨ।