ਪਾਕਿ ਨੂੰ ਕਰਾਰਾ ਝਟਕਾ, 370 'ਤੇ ਰੂਸ ਨੇ ਦਿੱਤਾ ਭਾਰਤ ਦਾ ਸਾਥ

08/10/2019 9:55:55 AM

ਮਾਸਕੋ/ਨਵੀਂ ਦਿੱਲੀ— ਪਾਕਿਸਤਾਨ ਨੂੰ ਕਰਾਰਾ ਝਟਕਾ ਲੱਗਾ ਹੈ। ਜਿੱਥੇ ਪਹਿਲਾਂ ਯੂ. ਐੱਨ. ਤੇ ਅਮਰੀਕਾ ਨੇ ਪਾਕਿਸਤਾਨ ਦੀ ਅਪੀਲ ਨੂੰ ਤਵੱਜੋ ਨਹੀਂ ਦਿੱਤੀ ਉੱਥੇ ਹੀ ਰੂਸ ਨੇ ਕਸ਼ਮੀਰ ਮਾਮਲੇ 'ਤੇ ਭਾਰਤ ਦਾ ਖੁੱਲ੍ਹ ਕੇ ਸਾਥ ਦਿੱਤਾ ਹੈ। ਰੂਸ ਨੇ ਭਾਰਤ ਵੱਲੋਂ ਧਾਰਾ 370 ਨੂੰ ਰੱਦ ਕਰਨ ਤੇ ਜੰਮੂ-ਕਸ਼ਮੀਰ ਨੂੰ ਦੋ ਵੱਖਰੇ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ ਵੰਡਣ ਦੀ ਹਮਾਇਤ ਕੀਤੀ ਹੈ। ਰੂਸ ਦੇ ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਭਾਰਤ ਨੇ ਇਹ ਸਭ ਸੰਵਿਧਾਨ ਦੇ ਦਾਇਰੇ 'ਚ ਕੀਤਾ ਹੈ।

 


ਰੂਸ ਦੇ ਵਿਦੇਸ਼ ਮੰਤਰਾਲਾ ਨੇ ਕਿਹਾ ਕਿ “ਮਾਸਕੋ ਨੂੰ ਉਮੀਦ ਹੈ ਕਿ ਇਸ ਕਾਰਨ ਭਾਰਤ ਤੇ ਪਾਕਿਸਤਾਨ ਖਿੱਤੇ 'ਚ ਹਾਲਾਤ ਨੂੰ ਵਿਗੜਨ ਨਹੀਂ ਦੇਣਗੇ। ਮੰਤਰਾਲਾ ਨੇ ਕਿਹਾ ਕਿ ਰੂਸ ਲਗਾਤਾਰ ਇਸ ਗੱਲ ਦਾ ਸਮਰਥਕ ਰਿਹਾ ਹੈ ਕਿ ਪਾਕਿਸਤਾਨ ਅਤੇ ਭਾਰਤ ਦੇ ਸੰਬੰਧਾਂ 'ਚ ਸੁਧਾਰ ਹੋਵੇ। ਰੂਸ ਨੇ ਉਮੀਦ ਜਤਾਈ ਕਿ 1972 ਦੇ ਸ਼ਿਮਲਾ ਸਮਝੌਤੇ ਅਤੇ 1999 ਦੇ ਲਾਹੌਰ ਐਲਾਨਨਾਮੇ ਦੇ ਪ੍ਰਬੰਧਾਂ ਅਨੁਸਾਰ ਭਾਰਤ-ਪਾਕਿਸਤਾਨ ਆਪਣੇ ਮਤਭੇਦ ਰਾਜਨੀਤਿਕ ਅਤੇ ਕੂਟਨੀਤਕ ਤਰੀਕਿਆਂ ਨਾਲ ਹੱਲ ਕਰਨਗੇ।

ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਨੇ ਸੰਸਦ 'ਚ ਜੰਮੂ-ਕਸ਼ਮੀਰ ਪੁਨਰਗਠਨ ਬਿੱਲ ਪਾਸ ਕਰਾ ਕੇ ਇਸ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਹਟਾ ਦਿੱਤੀ ਹੈ ਅਤੇ ਨਾਲ ਹੀ ਲਦਾਖ ਅਤੇ ਜੂੰਮ-ਕਸ਼ਮੀਰ ਨੂੰ ਦੋ ਵੱਖ-ਵੱਖ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ ਵੰਡ ਦਿੱਤਾ ਹੈ। ਇਸ ਨਾਲ ਇਨ੍ਹਾਂ ਦੋਹਾਂ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ ਹੋਰ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਸਮਾਨ ਕਾਨੂੰਨ ਤੇ ਅਧਿਕਾਰ ਲਾਗੂ ਹੋਣਗੇ। ਭਾਰਤੀ ਗ੍ਰਹਿ ਮੰਤਰਾਲਾ ਮੁਤਾਬਕ, ਜੰਮੂ-ਕਸ਼ਮੀਰ ਤੇ ਲਦਾਖ 31 ਅਕਤੂਬਰ ਨੂੰ ਦੋ ਨਵੇਂ ਕੇਂਦਰ ਸ਼ਾਸਤ ਪ੍ਰਦੇਸ਼ ਬਣ ਜਾਣਗੇ।


Related News