ਵੱਖ-ਵੱਖ ਸੁਰੱਖਿਆ ਏਜੰਸੀਆਂ ਦੇ ਅਧਿਕਾਰੀਆਂ ਦਾ ਦਾਅਵਾ, ਅਫਵਾਹ ਅਤੇ ਫਰਜ਼ੀ ਖਬਰਾਂ ਕਾਰਨ ਮਣੀਪੁਰ ’ਚ ਵਧੀ ਹਿੰਸਾ

Monday, Jul 24, 2023 - 12:01 PM (IST)

ਵੱਖ-ਵੱਖ ਸੁਰੱਖਿਆ ਏਜੰਸੀਆਂ ਦੇ ਅਧਿਕਾਰੀਆਂ ਦਾ ਦਾਅਵਾ, ਅਫਵਾਹ ਅਤੇ ਫਰਜ਼ੀ ਖਬਰਾਂ ਕਾਰਨ ਮਣੀਪੁਰ ’ਚ ਵਧੀ ਹਿੰਸਾ

ਇੰਫਾਲ, (ਭਾਸ਼ਾ)- ਮਣੀਪੁਰ ’ਚ 3 ਮਈ ਤੋਂ ਭੜਕੀ ਜਾਤੀ ਹਿੰਸਾ ’ਚ ਹੁਣ ਤੱਕ 160 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ। ਸੂਬੇ ’ਚ ਸਥਿਤੀ ’ਤੇ ਨਜ਼ਰ ਰੱਖਣ ਵਾਲੀਆਂ ਵੱਖ-ਵੱਖ ਸੁਰੱਖਿਆ ਏਜੰਸੀਆਂ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਿੰਸਾ ਨੂੰ ਵੱਡੇ ਪੱਧਰ ’ਤੇ ਅਫਵਾਹਾਂ ਅਤੇ ਫਰਜ਼ੀ ਖਬਰਾਂ ਕਾਰਨ ਹੱਲਾਸ਼ੇਰੀ ਮਿਲੀ। ਕਾਂਗਪੋਕਪੀ ਜ਼ਿਲੇ ’ਚ 2 ਔਰਤਾਂ ਨੂੰ ਨਗਨ ਕਰ ਕੇ ਘੁਮਾਉਣ ਨਾਲ ਸਬੰਧਤ 4 ਮਈ ਦੀ ਘਿਣਾਉਣੀ ਘਟਨਾ ਉਨ੍ਹਾਂ ਸੈਕਸ ਹਮਲਿਆਂ ’ਚੋਂ ਇਕ ਸੀ, ਜੋ ਪਾਲੀਥੀਨ ’ਚ ਲਿਪਟੀ ਇਕ ਲਾਸ਼ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਅਤੇ ਇਸ ਦੇ ਨਾਲ ਇਹ ਝੂਠਾ ਦਾਅਵਾ ਕੀਤੇ ਜਾਣ ਤੋਂ ਬਾਅਦ ਕਿ ਪੀੜਤਾ ਦੀ ਚੁਰਾਚਾਂਦਪੁਰ ’ਚ ਆਦਿਵਾਸੀਆਂ ਵੱਲੋਂ ਹੱਤਿਆ ਕਰ ਦਿੱਤੀ ਗਈ।

ਇਸ ਸਬੰਧ ’ਚ ਇਕ ਅਧਿਕਾਰੀ ਨੇ ਕਿਹਾ ਕਿ ਬਾਅਦ ’ਚ ਪਤਾ ਲੱਗਾ ਕਿ ਤਸਵੀਰ ਰਾਸ਼ਟਰੀ ਰਾਜਧਾਨੀ ’ਚ ਹੱਤਿਆ ਦੀ ਸ਼ਿਕਾਰ ਇਕ ਔਰਤ ਦੀ ਹੈ ਪਰ ਉਸ ਸਮੇਂ ਤੱਕ ਘਾਟੀ ’ਚ ਹਿੰਸਾ ਭੜਕ ਚੁੱਕੀ ਸੀ ਅਤੇ ਅਗਲੇ ਦਿਨ ਜੋ ਵੇਖਿਆ ਗਿਆ, ਉਸ ਨੇ ਮਨੁੱਖਤਾ ਨੂੰ ਸ਼ਰਮਸਾਰ ਕਰ ਦਿੱਤਾ।

ਕਾਂਗਪੋਕਪੀ ਦੀ ਘਟਨਾ ਦੀ ਵੀਡੀਓ ਪਿਛਲੇ ਹਫਤੇ ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਸੀ ਅਤੇ ਇਸ ਨਾਲ ਦੇਸ਼ ’ਚ ਵੱਡੇ ਪੱਧਰ ’ਤੇ ਗੁੱਸਾ ਫੈਲ ਗਿਆ। ਉਸੇ ਦਿਨ, ਮਹਿਜ 30 ਕਿ. ਮੀ. ਦੂਰ 20 ਸਾਲਾ ਦੋ ਹੋਰ ਔਰਤਾਂ ਨਾਲ ਜਬਰ-ਜ਼ਨਾਹ ਕੀਤਾ ਗਿਆ ਅਤੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ।

ਅਧਿਕਾਰੀਆਂ ਨੇ ਕਿਹਾ ਕਿ ਫਰਜ਼ੀ ਤਸਵੀਰ ਕਾਰਨ ਹਿੰਸਾ ਦੀ ਅੱਗ ਭੜਕਣ ਲੱਗੀ ਅਤੇ ਸੂਬਾ ਸਰਕਾਰ ਵੱਲੋਂ 3 ਮਈ ਨੂੰ ਇੰਟਰਨੈੱਟ ਬੰਦ ਕੀਤੇ ਜਾਣ ਦਾ ਇਕ ਕਾਰਨ ਇਹ ਘਟਨਾ ਵੀ ਸੀ।

ਮਣੀਪੁਰ ’ਚ 3 ਮਈ ਤੋਂ ਹਿੰਸਾ ਦੀ ਭੜਕੀ ਅੱਗ ਨੂੰ ਸ਼ਾਂਤ ਕਰਨ ’ਚ ਲੱਗੀਆਂ ਵੱਖ-ਵੱਖ ਸੁਰੱਖਿਆ ਏਜੰਸੀਆਂ ਦੇ ਵਿਸ਼ਲੇਸ਼ਣ ਤੋਂ ਇਹ ਸਿੱਟਾ ਨਿਕਲਿਆ ਕਿ ‘ਸਥਾਨਕ ਅਖਬਾਰਾਂ ਵੱਲੋਂ ਪ੍ਰਕਾਸ਼ਿਤ ਕੀਤੀਆਂ ਜਾ ਰਹੀਆਂ ਫਰਜ਼ੀ ਜਾਂ ਇਕਤਰਫਾ ਖਬਰਾਂ ’ਤੇ ਵੀ ਕੋਈ ਕੰਟਰੋਲ ਨਹੀਂ ਹੈ।’’

ਓਧਰ, ਨਾਗਰਿਕ ਅਧਿਕਾਰ ਕਾਰਕੁੰਨ ਇਰੋਮ ਸ਼ਰਮੀਲਾ ਨੇ ਮਣੀਪੁਰ ’ਚ 2 ਆਦਿਵਾਸੀ ਔਰਤਾਂ ਨੂੰ ਨਗਨ ਕਰ ਕੇ ਘੁਮਾਏ ਜਾਣ ਦੀ ਘਟਨਾ ਨੂੰ ‘ਅਣਮਨੁੱਖੀ’ ਅਤੇ ‘ਬਹੁਤ ਪ੍ਰੇਸ਼ਾਨ ਕਰਨ ਵਾਲਾ’ ਕਰਾਰ ਦਿੱਤਾ ਅਤੇ ਆਪਣੇ ਗ੍ਰਹਿ ਸੂਬੇ ’ਚ ਹਾਲਾਤ ਨਾਲ ਨਜਿੱਠਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੁਰੰਤ ਦਖ਼ਲ ਦੇਣ ਦਾ ਅਪੀਲ ਕੀਤੀ।

ਮਾਲੀਵਾਲ ਹਿੰਸਾਗ੍ਰਸਤ ਮਣੀਪੁਰ ਦੇ ਦੌਰੇ ’ਤੇ

ਦਿੱਲੀ ਮਹਿਲਾ ਕਮਿਸ਼ਨ (ਡੀ. ਸੀ. ਡਬਲਿਊ.) ਦੀ ਚੇਅਰਪਰਸਨ ਸਵਾਤੀ ਮਾਲੀਵਾਲ ਐਤਵਾਰ ਨੂੰ ਹਿੰਸਾਗ੍ਰਸਤ ਮਣੀਪੁਰ ਪਹੁੰਚੀ। ਇਸ ਤੋਂ ਇਕ ਦਿਨ ਪਹਿਲਾਂ, ਮਣੀਪੁਰ ਸਰਕਾਰ ਨੇ ਉਨ੍ਹਾਂ ਨੂੰ ਦੌਰੇ ਦੀ ਆਗਿਆ ਦੇਣ ਤੋਂ ਕਥਿਤ ਤੌਰ ’ਤੇ ਇਨਕਾਰ ਕਰ ਦਿੱਤਾ ਸੀ।

ਮਾਲੀਵਾਲ ਨੇ ਟਵੀਟ ਕੀਤਾ, ‘‘ਅਜੇ ਮਣੀਪੁਰ ਪਹੁੰਚੀ ਹਾਂ। ਮੈਂ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਤੋਂ ਮੁਲਾਕਾਤ ਲਈ ਸਮਾਂ ਮੰਗਿਆ ਹੈ। ਮੈਨੂੰ ਉਮੀਦ ਹੈ ਕਿ ਉਹ ਮੇਰੀ ਅਪੀਲ ਛੇਤੀ ਤੋਂ ਛੇਤੀ ਮੰਨ ਲੈਣਗੇ।’’


author

Rakesh

Content Editor

Related News