ਪੱਛਮੀ ਬੰਗਾਲ: ਹਿੰਸਾ ਦੀ ਅੱਗ ਤੋਂ ਭਾਜਪਾ ਕਾਰਕੁਨਾਂ ਨੂੰ ਬਚਾਵੇਗਾ 'ਸੰਘ', ਮੁਸਲਮਾਨਾਂ ਦੀ ਵਧਦੀ ਜਨਸੰਖਿਆ ਤੋਂ ਚਿੰਤਤ

Friday, May 21, 2021 - 04:26 PM (IST)

ਨਵੀਂ ਦਿੱਲੀ (ਏਜੰਸੀ) : ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ’ਚ ਆਪਣੇ ਨੇਤਾਵਾਂ ਦੇ ਜ਼ਬਰਦਸਤ ਚੋਣ ਪ੍ਰਚਾਰ ਦੇ ਬਾਵਜੂਦ ਭਾਜਪਾ ਤ੍ਰਿਣਮੂਲ ਕਾਂਗਰਸ ਨੂੰ ਵੱਡੇ ਬਹੁਮਤ ਨਾਲ ਵਾਪਸ ਆਉਣ ਤੋਂ ਨਹੀਂ ਰੋਕ ਸਕੀ। ਚੋਣ ਪ੍ਰਚਾਰ ਦੌਰਾਨ ਭਾਜਪਾ ਇੰਨੇ ਜ਼ਿਆਦਾ ਵਿਸ਼ਵਾਸ ’ਚ ਭਰੀ ਸੀ ਕਿ ਉਸ ਦੇ ਸਾਰੇ ਚੋਟੀ ਦੇ ਨੇਤਾ ਵਾਰ-ਵਾਰ ਇਹ ਦਾਅਵਾ ਕਰਦੇ ਨਹੀਂ ਥੱਕ ਰਹੇ ਸਨ ਕਿ ਪਾਰਟੀ 200 ਸੀਟਾਂ ਜਿੱਤ ਕੇ 2 ਮਈ ਨੂੰ 2 ਵਾਰ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਘਰ ਭੇਜ ਦੇਵੇਗੀ ਪਰ 2 ਮਈ ਨੂੰ ਜੋ ਚੋਣ ਨਤੀਜੇ ਆਏ, ਉਨ੍ਹਾਂ ਨੇ ਭਾਜਪਾ ਨੂੰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ। ਉਨ੍ਹਾਂ ਦੇ ਸਾਰੇ ਅੰਦਾਜ਼ੇ ਅਤੇ ਉਮੀਦਾਂ ਮਿੱਟੀ ’ਚ ਮਿਲ ਗਈਆਂ। ਤ੍ਰਿਣਮੂਲ ਨੇ ਘੱਟ ਨਹੀਂ, 213 ਸੀਟਾਂ ਜਿੱਤੀਆਂ, ਜਦੋਂ ਕਿ ਭਾਜਪਾ 100 ਤੋਂ ਵੀ ਨਾ ਟੱਪ ਸਕੀ।

ਚੋਣ ’ਚ ਹਾਰ-ਜਿੱਤ ਤਾਂ ਇਕ ਸੱਚਾਈ ਹੈ ਪਰ ਤ੍ਰਿਣਮੂਲ ਦੀ ਜਿੱਤ ਤੋਂ ਬਾਅਦ ਪੱਛਮੀ ਬੰਗਾਲ ’ਚ ਭਾਜਪਾ ਸਮਰਥਕਾਂ ਦੇ ਖ਼ਿਲਾਫ਼ ਜਿਸ ਤਰ੍ਹਾਂ ਦੀ ਅਣਹੋਣੀ ਹਿੰਸਾ ਹੋ ਰਹੀ ਹੈ ਉਸ ਨੇ ਦੇਸ਼ ਨੂੰ ਚਿੰਤਾ ’ਚ ਪਾ ਦਿੱਤਾ ਹੈ। ਭਾਜਪਾ ਦਾ ਕਹਿਣਾ ਹੈ ਕਿ ਹਿੰਸਾ ’ਚ ਹੁਣ ਤੱਕ ਉਸ ਦੇ 24 ਕਾਰਕੁੰਨ ਮਾਰੇ ਗਏ ਹਨ। ਇਸ ਦੇ ਜਵਾਬ ’ਚ ਤ੍ਰਿਣਮੂਲ ਦਾ ਕਹਿਣਾ ਹੈ ਕਿ ਭਾਜਪਾ ਦੇ ਸਿਰਫ਼ 14 ਕਾਰਕੁੰਨ ਮਾਰੇ ਗਏ ਹਨ ਜਦੋਂ ਕਿ ਉਸ ਦੇ ਆਪਣੇ ਖੁਦ ਦੇ 4 ਵਰਕਰਾਂ ਦੀ ਵੀ ਜਾਨ ਗਈ ਹੈ।

ਇਹ ਵੀ ਪੜ੍ਹੋ :RSS ਵੱਲੋਂ ਭਾਜਪਾ ਨੂੰ ਆਤਮ ਮੰਥਨ ਦੀ ਸਲਾਹ, ਕਿਹਾ-ਇਕ ਗ਼ਲਤ ਪ੍ਰਯੋਗ ਨੇ ਪੱਛਮੀ ਬੰਗਾਲ 'ਚ ਪਾਸਾ ਪਲਟਿਆ 

ਪੱਛਮੀ ਬੰਗਾਲ ’ਚ ਭਾਜਪਾ ਸਮਰਥਕਾਂ ਨੂੰ ਹਿੰਸਾ ਤੋਂ ਬਚਾਉਣ ਲਈ ਹੁਣ ਰਾਸ਼ਟਰੀ ਸਵੈਮ ਸੇਵਕ ਸੰਘ ਅੱਗੇ ਆਇਆ ਹੈ। ਸੰਘ ਦੇ ਸੀਨੀਅਰ ਅਹੁਦੇਦਾਰਾਂ ਦਾ ਕਹਿਣਾ ਹੈ ਕਿ ਉਹ ਸੂਬੇ ’ਚ ਸੰਗਠਨ ਨੂੰ ਮਜ਼ਬੂਤ ਕਰੇਗਾ, ਵਰਕਰਾਂ ’ਚ ਵਿਸ਼ਵਾਸ ਪੈਦਾ ਕਰੇਗਾ ਅਤੇ ਉਨ੍ਹਾਂ ਨੂੰ ਹਿੰਸਾ ਤੋਂ ਬਚਾਏਗਾ। ਉਨ੍ਹਾਂ ਕਿਹਾ ਕਿ ਅਣਹੋਣੀ ਹਿੰਸਾ ਨਾਲ ਆਮ ਲੋਕਾਂ ਦਾ ਸਥਾਨਕ ਪ੍ਰਸ਼ਾਸਨ ਤੋਂ ਵਿਸ਼ਵਾਸ ਉਠ ਗਿਆ ਹੈ। ਉੱਥੇ ਸਾਡੇ ਵਰਕਰਾਂ ’ਤੇ ਇਸ ਲਈ ਹਮਲੇ ਕੀਤੇ ਜਾ ਰਹੇ ਹਨ ਕਿਉਂਕਿ ਉਨ੍ਹਾਂ ਨੇ ਇਕ ਖਾਸ ਵਿਚਾਰਧਾਰਾ ਨੂੰ ਅਪਨਾਇਆ। ਹਿੰਸਾ ਕਰਨ ਵਾਲੇ ਸਮਾਜ ਨੂੰ ਇਕ ਸੁਨੇਹਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਦਲਿਤਾਂ ਸਮੇਤ ਜਿਨ੍ਹਾਂ ਲੋਕਾਂ ਨੇ ਸਾਡੇ ਪੱਖ ’ਚ ਵੋਟ ਕੀਤੀ ਹੈ, ਉਨ੍ਹਾਂ ਨੂੰ ਅਸੀਂ ਬਚਾਵਾਂਗੇ।

ਉਨ੍ਹਾਂ ਦੱਸਿਆ ਕਿ ਸੰਘ ਨੇ ਪਹਿਲੀ ਵਾਰ ਭਾਜਪਾ ਨੂੰ ਪੱਛਮੀ ਬੰਗਾਲ ’ਚ ਪੂਰਾ ਸਮਰਥਨ ਦਿੱਤਾ ਕਿਉਂਕਿ ਪਾਰਟੀ ਸੂਬੇ ’ਚ ਬਦਲਾਅ, ਵਿਸ਼ੇਸ਼ ਰੂਪ ’ਚ ਸਮਾਜਕ ਰੂਪ ’ਚ ਤਬਦੀਲੀ ਲਿਆਉਣ ਦਾ ਇਰਾਦਾ ਵਿਖਾ ਰਹੀ ਸੀ। ਭਾਜਪਾ ਦੀ ਯੋਜਨਾ ਖਾਸ ਤੌਰ ’ਤੇ ਤ੍ਰਿਣਮੂਲ ਕਾਂਗਰਸ ਦੀਆਂ ਮੁਸਲਮਾਨਾਂ ਪ੍ਰਤੀ ਝੁਕਾਅ ਦੀ ਮਾਨਸਿਕਤਾ ’ਤੇ ਹਮਲਾ ਕਰਨਾ ਸੀ।

ਸੰਘ ਦੇ ਚੋਣ ਵਿਸ਼ਲੇਸ਼ਣ ’ਚ ਸਾਹਮਣੇ ਆਇਆ ਇਹ ਸੱਚ 
ਸੰਘ ਦੇ ਚੋਣ ਵਿਸ਼ਲੇਸ਼ਣ ’ਚ ਇਹ ਸਾਹਮਣੇ ਆਇਆ ਹੈ ਕਿ ਅਨੁਸੂਚਿਤ ਜਾਤੀਆਂ ਲਈ ਰਾਖਵੀਂਆਂ ਸੀਟਾਂ ’ਚੋਂ ਭਾਜਪਾ 32 ਸੀਟਾਂ ਜਿੱਤਣ ’ਚ ਕਾਮਯਾਬ ਰਹੀ। ਮਤੁਆ ਅਤੇ ਰਾਜਬੰਸ਼ੀ ਭਾਈਚਾਰਿਆਂ ਨੇ ਭਾਜਪਾ ਲਈ ਵੋਟ ਪਾਈ।ਅਨੁਸੂਚਿਤ ਜਨਜਾਤੀਆਂ ਵਾਲੀਆਂ ਉਨ੍ਹਾਂ ਸੀਟਾਂ ’ਤੇ ਭਾਜਪਾ ਆਪਣੀ ਪਕੜ ਬਰਕਰਾਰ ਨਹੀਂ ਰੱਖ ਸਕੀ ਜਿੱਥੇ 2019 ਦੀਆਂ ਚੋਣਾਂ ’ਚ ਉਸ ਨੂੰ ਜਿੱਤ ਮਿਲੀ ਸੀ। ਇਸ ਦੀ ਸਭ ਤੋਂ ਵੱਡੀ ਉਦਾਹਰਣ ਹੈ ਜੰਗਮਹਲ ਖੇਤਰ, ਜਿੱਥੇ ਸੰਘ ਦਾ ਬਹੁਤ ਵੱਡਾ ਨੈੱਟਵਰਕ ਹੈ ਪਰ ਇੱਥੇ ਵੀ 41 ’ਚੋਂ 21 ਸੀਟਾਂ ਤ੍ਰਿਣਮੂਲ ਜਿੱਤ ਕੇ ਲੈ ਗਈ।

-ਝਾੜਗ੍ਰਾਮ ’ਚ ਸਾਬਕਾ ਮਾਓਵਾਦੀਆਂ ਨੇ ਤ੍ਰਿਣਮੂਲ ਦੇ ਪੱਖ ’ਚ ਜਮ ਕੇ ਸਮਰਥਨ ਜੁਟਾਇਆ।
-ਦੱਖਣੀ ਬੰਗਾਲ ’ਚ ਬਹੁਤ ਸਾਰੇ ਦਲਿਤਾਂ ਨੇ ਭਾਜਪਾ ਦੇ ਪੱਖ ’ਚ ਵੋਟ ਪਾਈ।
-ਭਾਜਪਾ ਦੇ ਬੂਥ ਵਰਕਰ ਲੋਕਾਂ ਨੂੰ ਪੋਲਿੰਗ ਕੇਂਦਰ ਤੱਕ ਲਿਆਉਣ ’ਚ ਅਸਫਲ ਰਹੇ।
-ਪਾਰਟੀ ਵਰਕਰਾਂ ਦੀਆਂ ਭਾਵਨਾਵਾਂ ਸਮਝਣ ’ਚ ਭਾਜਪਾ ਅਤੇ ਸੰਘ ਦੋਵੇਂ ਹੀ ਨਾਕਾਮ ਰਹੇ।

ਇਹ ਵੀ ਪੜ੍ਹੋ :ਬੰਗਾਲ ਚੋਣਾਂ 'ਚ ਮਿਲੀ ਹਾਰ ਮਗਰੋਂ ਭਾਜਪਾ ਦੀ ਤਿੱਕੜੀ ਬਦਲੇਗੀ ਆਪਣਾ 'ਪੱਥਰ 'ਤੇ ਲੀਕ' ਵਾਲਾ ਅਕਸ!

ਮੁਸਲਮਾਨਾਂ ਦੀ ਜਨਸੰਖਿਆ ਤੇਜ਼ੀ ਨਾਲ ਵਧਣ ਕਾਰਨ ਸੰਘ ਚਿੰਤਿਤ
ਪੱਛਮੀ ਬੰਗਾਲ ਚੋਣਾਂ ’ਚ ਭਾਜਪਾ ਨੇ ਐਂਵੇਂ ਹੀ ਆਪਣੀ ਤਾਕਤ ਨਹੀਂ ਲਾਈ ਸੀ। ਸੰਘ ਕਈ ਸਾਲਾਂ ਤੋਂ ਪੱਛਮੀ ਬੰਗਾਲ ’ਤੇ ਨਜ਼ਰ ਗੱਡੀ ਬੈਠਾ ਹੈ। 2015 ’ਚ ਸੰਘ ਦੀ ਸਾਲਾਨਾ ਬੈਠਕ ’ਚ ਇਕ ਪ੍ਰਸਤਾਵ ਪਾਸ ਕੀਤਾ ਗਿਆ ਸੀ ਜਿਸ ’ਚ ਕਿਹਾ ਗਿਆ ਸੀ ਕਿ ਪੱਛਮੀ ਬੰਗਾਲ ’ਚ ਮੁਸਲਮਾਨਾਂ ਦੀ ਜਨਸੰਖਿਆ ਬੜੀ ਤੇਜ਼ੀ ਨਾਲ ਵਧ ਰਹੀ ਹੈ। ਇਸ ਤੋਂ ਬਾਅਦ ਸੰਘ ਦੇ ਸਾਬਕਾ ਸਰ ਕਾਰਜਕਾਰੀ ਸੁਰੇਸ਼ ਭਈਆ ਜੀ ਜੋਸ਼ੀ ਨੇ ਪੱਛਮੀ ਬੰਗਾਲ ’ਚ ਸ਼ਹਿਰਾਂ ਅਤੇ ਪਿੰਡਾਂ ਨੂੰ ਜੋੜਣ ਲਈ ਰਾਸ਼ਟਰੀ ਰਾਜਮਾਰਗਾਂ ’ਤੇ ਸੰਘ ਦਫ਼ਤਰ ਅਤੇ ਸਕੂਲ ਬਣਾਏ ਸਨ। ਇਸ ਦੇ ਨਾਲ ਹੀ ਉਨ੍ਹਾਂ ਨੇ ਸਵਦੇਸ਼ੀ ਜਾਗਰਣ ਮੰਚ ਅਤੇ ਹੋਰ ਸੰਗਠਨਾਂ ਨੂੰ ਵੀ ਸਰਗਰਮ ਕੀਤਾ ਸੀ। ਖੁਦ ਸਰਸੰਘਚਾਲਕ ਮੋਹਨ ਭਾਗਵਤ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਸੰਬਰ 2020 ’ਚ ਸੂਬੇ ਦਾ ਦੌਰਾ ਕੀਤਾ ਸੀ ਅਤੇ ਭਾਜਪਾ ਦੀਆਂ ਬੰਗਾਲੀਆਂ ’ਚ ਸਵੀਕਾਰਤਾ ਵਧਾਉਣ ਲਈ ਉਨ੍ਹਾਂ ਨੇ ਐਕਟਰ ਮਿਥੁਨ ਚੱਕਰਵਰਤੀ ਨੂੰ ਭਾਜਪਾ ਨਾਲ ਜੋੜਿਆ ਸੀ।

ਕੇਰਲ ਮਾਡਲ ਨਾਲ ਰੋਕੀ ਜਾਵੇਗੀ ਹਿੰਸਾ
ਸੰਘ ਨੇਤਾਵਾਂ ਨੇ ਕਿਹਾ ਕਿ ਅਸੀਂ ਪੂਰੀ ਦੁਨੀਆ ਨੂੰ ਇਹ ਦਿਖਾਉਣਾ ਚਾਹੁੰਦੇ ਹਾਂ ਕਿ ਪੱਛਮੀ ਬੰਗਾਲ ’ਚ ਕੀ ਹੋ ਰਿਹਾ ਹੈ। ਇਹ ਸੰਵਿਧਾਨ ਵੱਲੋਂ ਦਿੱਤੀ ਹੋਈ ਸਾਡੀ ਆਜ਼ਾਦੀ ਦਾ ਘਾਣ ਹੈ, ਇਸ ਲਈ ਅਸੀਂ ਚਾਹੁੰਦੇ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਇਸ ਬਾਰੇ ਬੋਲਣ। ਅਜਿਹਾ ਹੀ ਭਾਜਪਾ ਵਰਕਰਾਂ ਦੇ ਖ਼ਿਲਾਫ਼ ਕੇਰਲ ’ਚ ਵੀ ਹੋਇਆ ਸੀ ਪਰ ਜਦੋਂ ਚੌਤਰਫਾ ਵਿਰੋਧ ਹੋਣ ਲੱਗਾ ਤਾਂ ਜਾ ਕੇ ਹਿੰਸਾ ’ਤੇ ਕਾਬੂ ਪਾਇਆ ਗਿਆ।

ਨੋਟ: ਪੱਛਮੀ ਬੰਗਾਲ 'ਚ ਚੋਣ ਨਤੀਜਿਆਂ ਮਗਰੋਂ ਹੋਈ ਹਿੰਸਾ ਲਈ ਕੌਣ ਹੈ ਜ਼ਿੰਮੇਵਾਰ ? ਕੁਮੈਂਟ ਕਰਕੇ ਦਿਓ ਆਪਣੀ ਰਾਏ


Harnek Seechewal

Content Editor

Related News