ਹਰ ਰੋਜ਼ ਮੰਦਰ-ਮਸਜਿਦ ਦਾ ਵਿਵਾਦ ਚੁੱਕਿਆ ਜਾ ਰਿਹੈ, ਇਹ ਠੀਕ ਨਹੀਂ : ਭਾਗਵਤ

Saturday, Dec 21, 2024 - 10:33 AM (IST)

ਹਰ ਰੋਜ਼ ਮੰਦਰ-ਮਸਜਿਦ ਦਾ ਵਿਵਾਦ ਚੁੱਕਿਆ ਜਾ ਰਿਹੈ, ਇਹ ਠੀਕ ਨਹੀਂ : ਭਾਗਵਤ

ਪੁਣੇ (ਭਾਸ਼ਾ)- ਰਾਸ਼ਟਰੀ ਸਵੈਮਸੇਵਕ ਸੰਘ (ਆਰ. ਐੱਸ. ਐੱਸ.) ਦੇ ਮੁਖੀ ਮੋਹਨ ਭਾਗਵਤ ਨੇ ਮੰਦਰ-ਮਸਜਿਦ ਵਿਵਾਦ ਦੇ ਮੁੜ ਉੱਠਣ ’ਤੇ ਚਿੰਤਾ ਪ੍ਰਗਟ ਕਰਦਿਆਂ ਸ਼ੁੱਕਰਵਾਰ ਕਿਹਾ ਕਿ ਅਯੁੱਧਿਆ ’ਚ ਰਾਮ ਮੰਦਰ ਦੀ ਉਸਾਰੀ ਤੋਂ ਬਾਅਦ ਕੁਝ ਲੋਕ ਇਹ ਮਹਿਸੂਸ ਕਰ ਰਹੇ ਹਨ ਕਿ ਅਜਿਹੇ ਮੁੱਦੇ ਉਠਾ ਕੇ ਉਹ ਹਿੰਦੂਆਂ ਦੇ ‘ਨੇਤਾ’ ਬਣ ਸਕਦੇ ਹਨ। ਇਹ ਪ੍ਰਵਾਨ ਹੋਣ ਯੋਗ ਨਹੀਂ ਹੈ। ਭਾਗਵਤ ਨੇ ਸਹਿਜੀਵਨ ਭਾਸ਼ਣ ਸੀਰੀਜ਼ ’ਚ ‘ਭਾਰਤ-ਵਿਸ਼ਵਗੁਰੂ’ ’ਤੇ ਭਾਸ਼ਣ ਦਿੱਤਾ, ਜਿਸ ਵਿਚ ਉਨ੍ਹਾਂ ਇਕ ਸਮਾਵੇਸ਼ੀ ਸਮਾਜ ਦੀ ਵਕਾਲਤ ਕੀਤੀ ਤੇ ਕਿਹਾ ਕਿ ਦੁਨੀਆ ਨੂੰ ਇਹ ਵਿਖਾਉਣ ਦੀ ਲੋੜ ਹੈ ਕਿ ਦੇਸ਼ ਸਦਭਾਵਨਾ ਨਾਲ ਇਕੱਠਾ ਰਹਿ ਸਕਦਾ ਹੈ।

ਭਾਰਤੀ ਸਮਾਜ ਦੀ ਵੰਨ-ਸੁਵੰਨਤਾ ਨੂੰ ਰੇਖਾਂਕਿਤ ਕਰਦੇ ਹੋਏ ਭਾਗਵਤ ਨੇ ਕਿਹਾ ਕਿ ਕ੍ਰਿਸਮਸ ਦਾ ਤਿਉਹਾਰ ਰਾਮਕ੍ਰਿਸ਼ਨ ਮਿਸ਼ਨ ’ਚ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਅਸੀਂ ਅਜਿਹਾ ਕਰ ਸਕਦੇ ਹਾਂ ਕਿਉਂਕਿ ਅਸੀਂ ਹਿੰਦੂ ਹਾਂ। ਜੇ ਅਸੀਂ ਦੁਨੀਆ ਨੂੰ ਇਹ ਸਦਭਾਵਨਾ ਪ੍ਰਦਾਨ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਇਸ ਦਾ ਮਾਡਲ ਬਣਾਉਣ ਦੀ ਲੋੜ ਹੈ। ਭਾਗਵਤ ਨੇ ਕਿਹਾ ਕਿ ਰਾਮ ਮੰਦਰ ਇਸ ਲਈ ਬਣਾਇਆ ਗਿਆ ਕਿਉਂਕਿ ਇਹ ਸਾਰੇ ਹਿੰਦੂਆਂ ਦੀ ਆਸਥਾ ਦਾ ਵਿਸ਼ਾ ਸੀ। ਹੁਣ ਹਰ ਰੋਜ਼ ਇਕ ਨਵਾਂ ਵਿਵਾਦ ਉਠਾਇਆ ਜਾ ਰਿਹਾ ਹੈ। ਉਨ੍ਹਾਂ ਕਿਸੇ ਵਿਸ਼ੇਸ਼ ਥਾਂ ਦਾ ਜ਼ਿਕਰ ਕੀਤੇ ਬਿਨਾਂ ਕਿਹਾ ਕਿ ਇਸ ਦੀ ਇਜਾਜ਼ਤ ਕਿਵੇਂ ਦਿੱਤੀ ਜਾ ਸਕਦੀ ਹੈ? ਇਹ ਜਾਰੀ ਨਹੀਂ ਰਹਿ ਸਕਦਾ।

ਉਨ੍ਹਾਂ ਕਿਹਾ ਕਿ ਬਾਹਰੋਂ ਆਏ ਕੁਝ ਗਰੁੱਪ ਆਪਣੇ ਨਾਲ ਕੱਟੜਤਾ ਲੈ ਕੇ ਆਏ ਹਨ। ਉਹ ਚਾਹੁੰਦੇ ਹਨ ਕਿ ਉਨ੍ਹਾਂ ਦਾ ਪੁਰਾਣਾ ਰਾਜ ਵਾਪਸ ਆਵੇ ਪਰ ਹੁਣ ਦੇਸ਼ ਸੰਵਿਧਾਨ ਦੇ ਮੁਤਾਬਕ ਚੱਲਦਾ ਹੈ। ਮੋਹਰੀ ਬਣਨ ਦੇ ਦਿਨ ਲੱਦ ਗਏ ਹਨ। ਭਾਗਵਤ ਨੇ ਕਿਹਾ ਕਿ ਮੁਗਲ ਬਾਦਸ਼ਾਹ ਔਰੰਗਜ਼ੇਬ ਦਾ ਰਾਜ ਵੀ ਇਸੇ ਤਰ੍ਹਾਂ ਦੀ ਕੱਟੜਤਾ ਲਈ ਜਾਣਿਆ ਜਾਂਦਾ ਸੀ ਹਾਲਾਂਕਿ ਉਸ ਦੇ ਖਾਨਦਾਨ ’ਚੋਂ ਬਹਾਦਰ ਸ਼ਾਹ ਜ਼ਫਰ ਨੇ 1857 ’ਚ ਗਊ ਹੱਤਿਆ ’ਤੇ ਪਾਬੰਦੀ ਲਾ ਦਿੱਤੀ ਸੀ। ਉਨ੍ਹਾਂ ਕਿਹਾ ਕਿ ਇਹ ਤੈਅ ਹੋਇਆ ਸੀ ਕਿ ਅਯੁੱਧਿਆ ’ਚ ਰਾਮ ਮੰਦਰ ਹਿੰਦੂਆਂ ਨੂੰ ਦਿੱਤਾ ਜਾਵੇ, ਪਰ ਅੰਗਰੇਜ਼ਾਂ ਨੂੰ ਇਸ ਦੀ ਭਿਣਕ ਲੱਗ ਗਈ ਤੇ ਉਨ੍ਹਾਂ ਦੋਹਾਂ ਭਾਈਚਾਰਿਆਂ ’ਚ ਫੁੱਟ ਪੈਦਾ ਕਰ ਦਿੱਤੀ। ਉਦੋਂ ਹੀ ਵੱਖਵਾਦ ਦੀ ਭਾਵਨਾ ਹੋਂਦ ’ਚ ਆਈ। ਨਤੀਜੇ ਵਜੋਂ ਪਾਕਿਸਤਾਨ ਬਣਿਆ। ਭਾਗਵਤ ਨੇ ਕਿਹਾ ਕਿ ਕੋਈ ਘੱਟਗਿਣਤੀ ਨਹੀਂ ਤੇ ਕੋਈ ਬਹੁਗਿਣਤੀ ਨਹੀਂ। ਇੱਥੇ ਸਭ ਬਰਾਬਰ ਹਨ। ਇਸ ਦੇਸ਼ ਦੀ ਪ੍ਰੰਪਰਾ ਹੈ ਕਿ ਹਰ ਕੋਈ ਪੂਜਾ ਕਰਨ ਦੇ ਆਪਣੇ ਢੰਗ ਦਾ ਪਾਲਣ ਕਰ ਸਕਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News