ਭਾਰਤ ਨੂੰ ਦਿੱਤੀਆਂ ਜਾਣ ਵਾਲੀ ਨਸੀਹਤਾਂ ''ਤੇ RSS ਮੁਖੀ ਨੇ ਚੁੱਕੇ ਸਵਾਲ
Friday, Dec 20, 2024 - 11:24 AM (IST)
ਪੁਣੇ- ਰਾਸ਼ਟਰੀ ਸਵੈਮਸੇਵਕ ਸੰਘ (ਆਰ. ਐੱਸ. ਐੱਸ.) ਦੇ ਮੁਖੀ ਮੋਹਨ ਭਾਗਵਤ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਨੂੰ ਅਕਸਰ ਆਪਣੇ ਘੱਟ ਗਿਣਤੀ ਭਾਈਚਾਰਿਆਂ ਦੇ ਮੁੱਦਿਆਂ ਦਾ ਹੱਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਹੁਣ ਅਸੀਂ ਵੇਖ ਰਹੇ ਹਾਂ ਕਿ ਦੂਜੇ ਦੇਸ਼ਾਂ ’ਚ ਘੱਟਗਿਣਤੀ ਭਾਈਚਾਰੇ ਕਿਨ੍ਹਾਂ ਹਾਲਾਤ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਇੱਥੇ ਹਿੰਦੂ ਸੇਵਾ ਮਹਾਉਤਸਵ ਦੀ ਸ਼ੁਰੂਆਤ ਦੇ ਮੌਕੇ ’ਤੇ ਕਿਹਾ ਕਿ ਵਿਸ਼ਵ ਸ਼ਾਂਤੀ ਦੀ ਗੱਲ ਕਰ ਕੇ ਦਬਦਬਾ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਸ਼ਾਂਤੀ ਬਾਰੇ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਸਾਨੂੰ (ਭਾਰਤ ਨੂੰ) ਵਿਸ਼ਵ ਸ਼ਾਂਤੀ ਬਾਰੇ ਸਲਾਹ ਵੀ ਦਿੱਤੀ ਜਾ ਰਹੀ ਹੈ ਪਰ ਨਾਲ ਹੀ, ਜੰਗਾਂ ਵੀ ਨਹੀਂ ਰੁਕ ਰਹੀਆਂ। ਸਾਨੂੰ ਅਕਸਰ ਆਪਣੇ ਦੇਸ਼ ’ਚ ਘੱਟਗਿਣਤੀਆਂ ਬਾਰੇ ਚਿੰਤਾ ਕਰਨ ਲਈ ਕਿਹਾ ਜਾਂਦਾ ਹੈ, ਜਦੋਂ ਕਿ ਅਸੀਂ ਵੇਖ ਰਹੇ ਹਾਂ ਕਿ ਬਾਹਰ ਘੱਟਗਿਣਤੀ ਕਿਸ ਤਰ੍ਹਾਂ ਦੇ ਹਾਲਾਤ ਦਾ ਸਾਹਮਣਾ ਕਰ ਰਹੇ ਹਨ।
ਆਰ. ਐੱਸ. ਐੱਸ. ਮੁਖੀ ਨੇ ਗੁਆਂਢੀ ਬੰਗਲਾਦੇਸ਼ ’ਚ ਹਿੰਦੂ ਭਾਈਚਾਰੇ ਖਿਲਾਫ ਹਿੰਸਾ ਦਾ ਕੋਈ ਜ਼ਿਕਰ ਨਹੀਂ ਕੀਤਾ, ਹਾਲਾਂਕਿ ਆਰ. ਐੱਸ. ਐੱਸ. ਨੇ ਸ਼ੇਖ ਹਸੀਨਾ ਦੇ ਸੱਤਾ ਤੋਂ ਹਟਣ ਤੋਂ ਬਾਅਦ ਹਾਲ ਦੇ ਹਫਤਿਆਂ ’ਚ ਬੰਗਲਾਦੇਸ਼ ’ਚ ਹਿੰਦੂਆਂ ਦੀ ਸਥਿਤੀ ਬਾਰੇ ਚਿੰਤਾ ਪ੍ਰਗਟਾਈ ਹੈ। ਭਾਗਵਤ ਨੇ ਕਿਹਾ ਕਿ ‘ਮਾਨਵ ਧਰਮ ਸਾਰੇ ਧਰਮਾਂ ਦਾ ਸਦੀਵੀ ਧਰਮ ਹੈ, ਜੋ ਵਿਸ਼ਵ ਧਰਮ’ ਹੈ। ਇਸ ਨੂੰ ਹਿੰਦੂ ਧਰਮ ਵੀ ਕਿਹਾ ਜਾਂਦਾ ਹੈ। ਹਾਲਾਂਕਿ, ਦੁਨੀਆ ਇਸ ਧਰਮ ਨੂੰ ਭੁੱਲ ਗਈ ਹੈ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੇ ਬਾਹਰ ਬਹੁਤ ਸਾਰੇ ਲੋਕ ਸੋਚਦੇ ਹਨ ਕਿ ਭਾਰਤ ਵੱਲੋਂ ਭੂਮਿਕਾ ਨਿਭਾਏ ਬਿਨਾਂ ਵਿਸ਼ਵ ਸ਼ਾਂਤੀ ਸੰਭਵ ਨਹੀਂ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8