ਸ਼ੇਹਲਾ ਨੇ ਲਾਇਆ ਪੀ.ਐੱਮ. ਦੀ ਹੱਤਿਆ ਦੀ ਸਾਜ਼ਿਸ਼ ਦਾ ਦੋਸ਼, ਗਡਕਰੀ ਕਰਨਗੇ ਕਾਨੂੰਨੀ ਕਾਰਵਾਈ

Sunday, Jun 10, 2018 - 02:17 AM (IST)

ਨਵੀਂ ਦਿੱਲੀ— ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਵਾਂਗ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੱਤਿਆ ਦੀ ਸਾਜ਼ਿਸ਼ ਦੇ ਮਾਮਲੇ 'ਤੇ ਜੇ.ਐੱਨ.ਯੂ. ਦੀ ਸਾਬਕਾ ਪ੍ਰਧਾਨ ਸ਼ੇਹਲਾ ਰਸ਼ੀਦ ਦੇ ਟਵੀਟ ਕਾਰਨ ਹੰਗਾਮਾ ਹੋ ਗਿਆ ਹੈ। ਸ਼ੇਹਲਾ ਨੇ ਕੇਂਦਰੀ ਸੜਕ ਆਵਾਜਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਤੇ ਰਾਸ਼ਟਰੀ ਸਵੈ-ਸੇਵਕ ਸੰਘ (ਆਰ.ਐੱਸ.ਐੱਸ.) 'ਤੇ ਪੀ.ਐੱਮ.ਮੋਗੀ ਦੀ ਹੱਤਿਆ ਦੀ ਸਾਜ਼ਿਸ਼ ਰਚਣ 'ਚ ਸ਼ਾਮਲ ਹੋਣ ਦਾ ਸਨਸਨੀਖੇਜ ਦੋਸ਼ ਲਾਇਆ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਹੈ।

ਖੱਬੇ ਪੱਖੀ ਕਾਰਕੁਨ ਸ਼ੇਹਲਾ ਰਸ਼ੀਦ ਨੇ ਟਵੀਟ ਕੀਤਾ ਕਿ ਆਰ.ਐੱਸ.ਐੱਸ. ਤੇ ਨਿਤਿਨ ਗਡਕਰੀ ਪੀ.ਐੱਮ. ਨਰਿੰਦਰ ਮੋਦੀ ਦੀ ਹੱਤਿਆ ਦੀ ਸਾਜ਼ਿਸ਼ ਰਚ ਰਹੇ ਹਨ। ਇਨ੍ਹਾਂ ਨੂੰ ਦੇਖੋ, ਫਿਰ ਮੁਸਲਮਾਨਾਂ ਤੇ ਕਮਿਊਨਿਸਟਾਂ 'ਤੇ ਦੋਸ਼ ਲਾਓ ਅਤੇ ਫਿਰ ਮੁਸਲਿਮ ਦੀ ਲਿਚਿੰਗ ਕਰੋ। ਜੇ.ਐੱਨ.ਯੂ. ਦੀ ਸਾਬਕਾ ਵਿਦਿਆਰਥਣ ਨੇਤਾ ਰਸ਼ੀਦ ਦੇ ਇਸ ਟਵੀਟ 'ਤੇ ਨਿਤਿਨ ਗਡਕਰੀ ਨੇ ਇਤਰਾਜ਼ ਜ਼ਾਹਿਰ ਕੀਤਾ ਹੈ ਤੇ ਮਾਮਲੇ 'ਚ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਕਹੀ ਹੈ।
ਜਦੋਂ ਕੇਂਦਰੀ ਮੰਤਰੀ ਗਡਕਰੀ ਨੂੰ ਸ਼ੇਹਲਾ ਰਸ਼ੀਦ ਵੱਲੋਂ ਲਗਾਏ ਗਏ ਦੋਸ਼ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਤੁਰੰਤ ਇਸ ਮਾਮਲੇ 'ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਟਵੀਟ ਕੀਤਾ। ਸ਼ੇਹਲਾ ਦੇ ਟਵੀਟ ਦੇ ਜਵਾਬ 'ਚ ਬਗੈਰ ਨਾਂ ਲਏ ਗਡਕਰੀ ਨੇ ਲਿਖਿਆ, 'ਮੈਂ ਉਨ੍ਹਾਂ ਸਮਾਜ-ਵਿਰੋਧੀ ਤੱਤਾਂ ਖਿਲਾਫ ਕਾਰਵਾਈ ਕਰਨ ਜਾ ਰਿਹਾ ਹਾਂ, ਜਿਨ੍ਹਾਂ ਨੇ ਮੇਰੇ 'ਤੇ ਪੀ.ਐੱਮ. ਮੋਦੀ ਨੂੰ ਡਰਾਉਣ ਲਈ ਹੋ ਰਹੀ ਹੱਤਿਆ ਦੀ ਸਾਜ਼ਿਸ਼ ਦੇ ਮਾਮਲੇ ਨੂੰ ਲੈ ਕੇ ਇਤਰਾਜ਼ਯੋਗ ਟਿੱਪਣੀ ਕੀਤੀ ਹੈ।'

ਦਰਅਸਲ ਮਾਓਵਾਦੀਆਂ ਦੀ ਇਕ ਚਿੱਠੀ ਸਾਹਮਣੇ ਆਈ ਹੈ, ਜਿਸ 'ਚ ਰਾਜੀਵ ਗਾਂਧੀ ਵਾਂਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦਾ ਖੁਲਾਸਾ ਹੋਇਆ ਹੈ। 18 ਅਪ੍ਰੈਲ ਨੂੰ ਰੋਣਾ ਜੈਕਬ ਵੱਲੋਂ ਕਾਮਰੇਡ ਪ੍ਰਕਾਸ਼ ਨੂੰ ਲਿਖੀ ਚਿੱਠੀ 'ਚ ਕਿਹਾ ਗਿਆ ਕਿ ਹਿੰਦੂ ਫਾਸੀਵਾਦ ਨੂੰ ਹਰਾਉਣਾ ਹੁਣ ਕਾਫੀ ਜ਼ਰੂਰੀ ਹੋ ਗਿਆ ਹੈ। ਮੋਦੀ ਦੀ ਅਗਵਾਈ 'ਚ ਹਿੰਦੂ ਫਾਸੀਵਦ ਕਾਫੀ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਅਜਿਹੇ 'ਚ ਇਸ ਨੂੰ ਰੋਕਣਾ ਕਾਫੀ ਜ਼ਰੂਰੀ ਹੋ ਗਿਆ ਹੈ।
ਇਸ 'ਚ ਲਿਖਿਆ ਹੈ ਕਿ ਮੋਦੀ ਦੀ ਅਗਵਾਈ 'ਚ ਬੀ.ਜੇ.ਪੀ. ਬਿਹਾਰ ਤੇ ਬੰਗਾਲ ਨੂੰ ਛੱਡ ਕਰੀਬ 15 ਤੋਂ ਜ਼ਿਆਦਾ ਸੁਬਿਆਂ 'ਚ ਸੱਤਾ 'ਚ ਆ ਚੁੱਕੀ ਹੈ। ਜੇਕਰ ਇੰਝ ਹੀ ਰਫਤਾਰ ਅੱਗੇ ਵਧਦੀ ਰਹੀ, ਤਾਂ ਮਾਓਵਾਦੀ ਪਾਰਟੀ ਨੂੰ ਖਤਰਾ ਹੋ ਸਕਦਾ ਹੈ। ਇਸ ਲਈ ਉਹ ਸੋਚ ਰਹੇ ਹਨ ਕਿ ਇਕ ਹੋਰ ਰਾਜੀਵ ਗਾਂਧੀ ਹੱਤਿਆਕਾਂਡ ਵਾਂਗ ਘਟਨਾ ਕੀਤੀ ਜਾਵੇ। ਇਸ ਚਿੱਠੀ 'ਚ ਕਿਹਾ ਗਿਆ ਹੈ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਇਕ ਸੁਸਾਈਡ ਵਾਂਗ ਲੱਗੇਗਾ।


Related News