RSS ਨੇ ਬਣਾਇਆ 50 ਬੈੱਡ ਦਾ ਆਈਸੋਲੇਸ਼ਨ ਸੈਂਟਰ, ਮਰੀਜ਼ਾਂ ਦੇ ਖਾਣ ਤੇ ਰਹਿਣ ਦਾ ਇੰਤਜ਼ਾਮ ਮੁਫ਼ਤ
Saturday, Apr 24, 2021 - 01:04 PM (IST)
ਗੋਰਖਪੁਰ- ਕੋਰੋਨਾ ਇਨਫੈਕਸ਼ਨ ਦੀ ਦੂਜੀ ਲਹਿਰ ਦੇ ਕਹਿਰ ਦਰਮਿਆਨ ਰਾਸ਼ਟਰੀ ਸਵੈ-ਸੇਵਕ ਸੰਘ (ਆਰ.ਐੱਸ.ਐੱਸ.) ਦੀ ਮਹਾਨਗਰ ਇਕਾਈ ਨੇ 50 ਬੈੱਡ ਦਾ ਆਈਸੋਲੇਸ਼ਨ ਸੈਂਟਰ ਬਣਾਇਆ ਹੈ। ਜਿਨ੍ਹਾਂ ਕੋਰੋਨਾ ਪੀੜਤਾਂ ਨੂੰ ਹੋਮ ਆਈਸੋਲੇਸ਼ਨ 'ਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਹੈ, ਉਹ ਭਾਊਰਾਵ ਦੇਵਰਸ ਹੋਸਟਲ ਬਿਲੰਦਪੁਰ ਸੂਰਜਕੁੰਡ ਸਥਿਤ ਆਰ.ਐੱਸ.ਐੱਸ. ਦੇ ਸੈਂਟਰ ਜਾ ਕੇ ਰਹਿ ਸਕਦੇ ਹਨ। ਮਰੀਜ਼ਾਂ ਦੇ ਖਾਣ, ਰਹਿਣ ਦਾ ਇੰਤਜ਼ਾਮ ਸੰਘ ਵਲੋਂ ਮੁਫ਼ਤ ਕੀਤਾ ਜਾਵੇਗਾ। ਰੋਜ਼ਾਨਾ ਕਸਰਤ ਕਰਵਾ ਕੇ ਜਲਦ ਹੀ ਸਿਹਤਮੰਦ ਬਣਾਉਣ ਦੀ ਕੋਸ਼ਿਸ਼ ਵੀ ਹੋਵੇਗੀ।
ਆਰ.ਐੱਸ.ਐੱਸ. ਦੇ ਆਈਸੋਲੇਸ਼ਨ ਸੈਂਟਰ ਦਾ ਉਦਘਾਟਨ ਸ਼ੁੱਕਰਵਾਰ ਨੂੰ ਪ੍ਰਾਂਤ ਪ੍ਰਚਾਰਕ ਸੁਭਾਸ਼ ਨੇ ਕੀਤਾ। ਸੁਭਾਸ਼ ਨੇ ਕਿਹਾ ਕਿ ਇਹ ਸੈਂਟਰ ਕੋਰੋਨਾ ਦੇ ਆਮ ਮਰੀਜ਼ਾਂ ਲਈ ਬਣਾਇਆ ਗਿਆ ਹੈ। ਚੰਗਾ ਰਿਸਪਾਂਸ ਮਿਲਿਆ ਤਾਂ ਆਈਸੋਲੇਸ਼ਨ ਦੇ ਬੈੱਡ ਹੋਰ ਵਧਾਏ ਜਾ ਸਕਦੇ ਹਨ। ਦੇਸ਼ ਭਰ 'ਚ ਜਗ੍ਹਾ-ਜਗ੍ਹਾ ਸੇਵਾ ਕੰਮ ਸ਼ੁਰੂ ਹੋ ਚੁਕੇ ਹਨ। ਆਈਸੋਲੇਸ਼ਨ 'ਚ ਰਹਿਣ ਵਾਲੇ ਲੋਕਾਂ ਦੀ ਸੇਵਾ ਸਵੈ-ਸੇਵਕ ਕਰਨਗੇ। ਉਨ੍ਹਾਂ ਨੂੰ ਦਵਾਈਆਂ ਅਤੇ ਭੋਜਨ ਵੀ ਮੁਫ਼ਤ ਦਿੱਤਾ ਜਾਵੇਗਾ। ਪ੍ਰਾਂਤ ਸੰਘ ਚਾਲਕ ਡਾ. ਪ੍ਰਿਥਵੀਰਾਜ ਸਿੰਘ ਨੇ ਸਵੈ-ਸੇਵਕਾਂ ਦਾ ਮਨੋਬਲ ਵਧਾਇਆ ਅਤੇ ਕਿਹਾ ਕਿ ਮਨੁੱਖੀ ਸੇਵਾ ਕਰਨਾ ਸਾਡਾ ਕਰਤੱਵ ਹੈ। ਇੱਥੇ ਆਉਣ ਵਾਲੇ ਮਰੀਜ਼ਾਂ ਨਾਲ ਅਸੀਂ ਆਪਣੇ ਸਕੇ ਪਰਿਵਾਰ ਵਾਲਿਆਂ ਵਾਂਗ ਰਵੱਈਆ ਕਰਾਂਗੇ ਅਤੇ ਉਨ੍ਹਾਂ ਨੂੰ ਸੰਘ ਕੀ ਹੈ, ਇਹ ਦੱਸਣ ਦੀ ਕੋਸ਼ਿਸ਼ ਕਰਾਂਗੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ