PM ਕੇਅਰਜ਼ ਫੰਡ ਤੋਂ ਅਨਾਥ ਬੱਚਿਆਂ ''ਤੇ ਖ਼ਰਚੇ ਗਏ 346 ਕਰੋੜ ਰੁਪਏ
Tuesday, Jan 21, 2025 - 12:18 PM (IST)
ਨਵੀਂ ਦਿੱਲੀ- ਕੋਵਿਡ-19 ਮਹਾਮਾਰੀ ਦੌਰਾਨ ਅਨਾਥ ਹੋਏ 4,500 ਤੋਂ ਵੱਧ ਬੱਚਿਆਂ ਦੀ ਭਲਾਈ 'ਤੇ ਪੀਐੱਮ ਕੇਅਰਜ਼ ਫੰਡ ਤੋਂ 346 ਕਰੋੜ ਰੁਪਏ ਖਰਚ ਕੀਤੇ ਗਏ ਹਨ। 2022-23 ਲਈ ਫੰਡ ਦੇ ਨਵੀਨਤਮ ਆਡਿਟ ਕੀਤੇ ਗਏ ਵੇਰਵੇ ਤੋਂ ਪਤਾ ਲੱਗਾ ਹੈ। 11 ਮਾਰਚ, 2020 ਤੋਂ ਸ਼ੁਰੂ ਹੋਣ ਵਾਲੀ ਮਿਆਦ ਦੌਰਾਨ ਕੋਵਿਡ-19 ਮਹਾਮਾਰੀ ਕਾਰਨ ਆਪਣੇ ਮਾਪਿਆਂ, ਕਾਨੂੰਨੀ ਸਰਪ੍ਰਸਤ, ਗੋਦ ਲੈਣ ਵਾਲੇ ਮਾਪਿਆਂ ਜਾਂ ਜਿਊਂਦੇ ਮਾਪਿਆਂ ਨੂੰ ਗੁਆਉਣ ਵਾਲੇ ਬੱਚਿਆਂ ਦੀ ਮਦਦ ਲਈ 29 ਮਈ, 2021 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪੀਐੱਮ ਕੇਅਰਜ਼ ਫਾਰ ਚਿਲਡਰਨ ਯੋਜਨਾ ਸ਼ੁਰੂ ਕੀਤੀ ਗਈ ਸੀ।
ਇਸ ਯੋਜਨਾ ਦਾ ਉਦੇਸ਼ ਬੱਚਿਆਂ ਦੀ ਵਿਆਪਕ ਦੇਖਭਾਲ ਅਤੇ ਸੁਰੱਖਿਆ ਯਕੀਨੀ ਕਰਨਾ, ਸਿਹਤ ਬੀਮੇ ਰਾਹੀਂ ਉਨ੍ਹਾਂ ਦੀ ਭਲਾਈ ਨੂੰ ਸਮਰੱਥ ਬਣਾਉਣਾ, ਸਿੱਖਿਆ ਰਾਹੀਂ ਉਨ੍ਹਾਂ ਨੂੰ ਸਸ਼ਕਤ ਬਣਾਉਣਾ ਅਤੇ 23 ਸਾਲ ਦੀ ਉਮਰ ਤੱਕ ਪਹੁੰਚਣ 'ਤੇ ਵਿੱਤੀ ਸਹਾਇਤਾ ਨਾਲ ਸਵੈ-ਨਿਰਭਰ ਜੀਵਨ ਲਈ ਤਿਆਰ ਕਰਨਾ ਹੈ। ਵੇਰਵਿਆਂ ਅਨੁਸਾਰ ਦੇਸ਼ ਵਿਚ 4,500 ਤੋਂ ਵੱਧ ਅਜਿਹੇ ਬੱਚੇ ਹਨ, ਜਿਨ੍ਹਾਂ ਨੂੰ ਇਸ ਯੋਜਨਾ ਤਹਿਤ ਸਰਕਾਰ ਵਲੋਂ ਸਹਾਇਤਾ ਦਿੱਤੀ ਜਾ ਰਹੀ ਹੈ। ਇਹ ਬੱਚੇ ਭਾਰਤ ਦੇ 31 ਸੂਬਿਆਂ ਦੇ 558 ਜ਼ਿਲ੍ਹਿਆਂ ਵਿਚ ਫੈਲੇ ਹੋਏ ਹਨ। ਸਭ ਤੋਂ ਵੱਧ ਬੱਚੇ ਮਹਾਰਾਸ਼ਟਰ (855), ਉੱਤਰ ਪ੍ਰਦੇਸ਼ (467), ਮੱਧ ਪ੍ਰਦੇਸ਼ (433), ਤਾਮਿਲਨਾਡੂ (426), ਅਤੇ ਆਂਧਰਾ ਪ੍ਰਦੇਸ਼ (351) ਵਿਚ ਹਨ।
ਕੋਵਿਡ-19 ਮਹਾਮਾਰੀ ਨੇ ਭਾਰਤ ਸਮੇਤ ਦੁਨੀਆ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਸੀ। ਬੱਚਿਆਂ ਲਈ ਖ਼ਤਰੇ ਕਿਤੇ ਜ਼ਿਆਦਾ ਸਨ, ਜਿਸ ਵਿਚ ਰੋਜ਼ਾਨਾ ਜ਼ਿੰਦਗੀ ਦਾ ਨੁਕਸਾਨ, ਸਕੂਲ ਜਾਣ 'ਚ ਅਸਮਰੱਥਾ ਅਤੇ ਕੋਵਿਡ-19 ਕਾਰਨ ਆਪਣੇ ਅਜ਼ੀਜ਼ਾਂ ਨੂੰ ਗੁਆਉਣਾ ਸ਼ਾਮਲ ਸੀ। ਦੱਸਿਆ ਜਾ ਰਿਹਾ ਹੈ ਕਿ ਮਹਾਮਾਰੀ ਕਾਰਨ ਕਈਬ ਬੱਚਿਆਂ ਨੇ ਆਪਣੇ ਮਾਤਾ-ਪਿਤਾ ਨੂੰ ਗੁਆ ਦਿੱਤਾ ਹੈ।
ਇਸ ਯੋਜਨਾ ਦੇ ਤਹਿਤ ਲਾਭ ਸਾਰੇ ਬੱਚਿਆਂ ਲਈ 10 ਲੱਖ ਰੁਪਏ ਦੀ ਵਿੱਤੀ ਸਹਾਇਤਾ, ਸਾਰੇ ਬੱਚਿਆਂ ਦੇ ਪੁਨਰਵਾਸ ਨੂੰ ਯਕੀਨੀ ਬਣਾਉਣ ਲਈ ਰਹਿਣ-ਸਹਿਣ ਲਈ ਸਹਾਇਤਾ, ਸਕੂਲਾਂ ਵਿਚ ਦਾਖਲਾ, ਉੱਚ ਸਿੱਖਿਆ ਲਈ ਵਿਦਿਅਕ ਕਰਜ਼ੇ, 5 ਲੱਖ ਰੁਪਏ ਦਾ ਸਿਹਤ ਬੀਮਾ ਕਵਰ ਅਤੇ ਪਹਿਲੀ ਜਮਾਤ ਤੋਂ 12ਵੀਂ ਜਮਾਤ ਤੱਕ ਦੇ ਸਾਰੇ ਸਕੂਲ ਜਾਣ ਵਾਲੇ ਬੱਚਿਆਂ ਲਈ ਪ੍ਰਤੀ ਸਾਲ 20,000 ਰੁਪਏ ਦੀ ਸਕਾਲਰਸ਼ਿਪ ਸ਼ਾਮਲ ਹੈ।