ਔਰਤਾਂ ਨੂੰ ਹਰ ਮਹੀਨੇ 2000 ਰੁਪਏ ਤੇ ਮੁਫ਼ਤ ਸਿਲੰਡਰ! ਤਾਮਿਲਨਾਡੂ ’ਚ ਭਾਜਪਾ ਨੇ ਜਾਰੀ ਕੀਤਾ ਮੈਨੀਫੈਸਟੋ
Tuesday, Apr 14, 2026 - 11:20 PM (IST)
ਚੇਨਈ- ਤਾਮਿਲਨਾਡੂ ’ਚ ਰਾਸ਼ਟਰੀ ਜਮਹੂਰੀ ਗੱਠਜੋੜ (ਰਾਜਗ) ਦਾ ਹਿੱਸਾ ਆਲ ਇੰਡੀਆ ਅੰਨਾ ਡੀ. ਐੱਮ. ਕੇ. ਦੀ ਸਹਿਯੋਗੀ ਭਾਰਤੀ ਜਨਤਾ ਪਾਰਟੀ ਨੇ ਵਿਧਾਨ ਸਭਾ ਚੋਣਾਂ ਲਈ ਮੰਗਲਵਾਰ ਆਪਣਾ ਮੈਨੀਫੈਸਟੋ ਜਾਰੀ ਕੀਤਾ।
ਭਾਜਪਾ ਦੇ ਮੈਨੀਫੈਸਟੋ ’ਚ ਕਈ ਮੁਫ਼ਤ ਯੋਜਨਾਵਾਂ ਦਾ ਐਲਾਨ ਕੀਤਾ ਗਿਆ ਹੈ, ਜਿਨ੍ਹਾਂ ’ਚੋਂ ਕੁਝ ਸੱਤਾਧਾਰੀ ਡੀ. ਐੱਮ. ਕੇ. ਦੀ ਅਗਵਾਈ ਵਾਲੇ ਗੱਠਜੋੜ ਵੱਲੋਂ ਪੇਸ਼ ਕੀਤੀਆਂ ਗਈਆਂ ਯੋਜਨਾਵਾਂ ਦੇ ਬਰਾਬਰ ਹਨ। ਭਾਜਪਾ ਨੇ ਮਹਿੰਗਾਈ ਤੋਂ ਰਾਹਤ ਪ੍ਰਦਾਨ ਕਰਨ ਲਈ ਹਰ ਪਰਿਵਾਰ ਦੀ ਮਹਿਲਾ ਮੁਖੀ ਨੂੰ ਹਰ ਮਹੀਨੇ 2,000 ਰੁਪਏ ਤੇ ਹਰ ਘਰ ਨੂੰ ਇਕ ਵਾਰ 10,000 ਰੁਪਏ ਦੀ ਨਕਦ ਮਦਦ ਦੇਣ ਦਾ ਵਾਅਦਾ ਕੀਤਾ ਹੈ। ਪਾਰਟੀ ਨੇ ਹਰ ਸਾਲ ਐੱਲ. ਪੀ. ਜੀ. ਦੇ 3 ਸਿਲੰਡਰ ਮੁਫ਼ਤ ਦੇਣ ਦਾ ਵੀ ਵਾਅਦਾ ਕੀਤਾ ਹੈ।
ਪਾਰਟੀ ਨੇ ਯੋਗ ਔਰਤਾਂ ਨੂੰ ਈ-ਸਕੂਟਰ ਖਰੀਦਣ ਲਈ 25,000 ਰੁਪਏ ਦੀ ਵਿੱਤੀ ਮਦਦ ਪ੍ਰਦਾਨ ਕਰਨ ਦਾ ਵੀ ਵਾਅਦਾ ਕੀਤਾ ਹੈ। ਜਿੱਥੇ ਡੀ. ਐੱਮ. ਕੇ. ਨੇ ਸੂਬੇ ਦੀਆਂ 1.31 ਕਰੋੜ ਔਰਤਾਂ ਨੂੰ ਦਿੱਤੀ ਜਾਣ ਵਾਲੀ ਇਕ-ਇਕ ਹਜ਼ਾਰ ਰੁਪਏ ਦੀ ਮੌਜੂਦਾ ਰਕਮ ਨੂੰ ਵਧਾ ਕੇ 2-2 ਹਜ਼ਾਰ ਰੁਪਏ ਕਰਨ ਦਾ ਵਾਅਦਾ ਕੀਤਾ ਹੈ, ਉੱਥੇ ਹੀ ਅੰਨਾ ਡੀ. ਐਮ. ਕੇ. ਨੇ ਵੀ ਆਪਣੇ ਮੈਨੀਫੈਸਟੋ ’ਚ ਇਸ ਰਕਮ ਨੂੰ ਵਧਾ ਕੇ 2,000 ਰੁਪਏ ਕਰਨ ਦਾ ਐਲਾਨ ਕੀਤਾ ਹੈ।
ਇਸ ਤੋਂ ਇਲਾਵਾ ਡੀ. ਐੱਮ. ਕੇ. ਨੇ ਮੁਫ਼ਤ ਬੱਸ ਸਫਰ ਦੀ ਸਹੂਲਤ, ਜੋ ਅਜੇ ਸਿਰਫ਼ ਔਰਤਾਂ ਲਈ ਉਪਲਬਧ ਹੈ, ਨੂੰ ਪੁਰਸ਼ਾਂ ਨੂੰ ਵੀ ਦੇਣ ਦਾ ਵਾਅਦਾ ਕੀਤਾ ਹੈ।
