ਔਰਤਾਂ ਲਈ ਖੁਸ਼ਖ਼ਬਰੀ; ਅੱਜ ਖ਼ਾਤਿਆਂ ''ਚ ਆਉਣਗੇ 1250 ਰੁਪਏ
Wednesday, Apr 16, 2025 - 10:29 AM (IST)

ਭੋਪਾਲ- 'ਲਾਡਲੀ ਬਹਿਨਾ ਯੋਜਨਾ' ਦੀਆਂ ਲਾਭਪਾਤਰੀ ਔਰਤਾਂ ਦੇ ਖ਼ਾਤਿਆਂ ਵਿਚ ਅੱਜ ਯਾਨੀ ਕਿ ਬੁੱਧਵਾਰ ਨੂੰ 1250 ਰੁਪਏ ਟਰਾਂਸਫਰ ਕੀਤੇ ਜਾਣਗੇ। ਇਸ ਤੋਂ ਇਲਾਵਾ ਸਮਾਜਿਕ ਸੁਰੱਖਿਆ ਪੈਨਸ਼ਨ ਅਤੇ ਸਿਲੰਡਰ ਰੀਫਿਲਿੰਗ ਦੀ ਰਕਮ ਦੀ ਔਰਤਾਂ ਦੇ ਖ਼ਾਤਿਆਂ ਵਿਚ ਟਰਾਂਸਫਰ ਕੀਤੀ ਜਾਵੇਗੀ। ਇਸ ਰਕਮ ਨੂੰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾ. ਮੋਹਨ ਯਾਦਵ ਵਲੋਂ ਔਰਤਾਂ ਦੇ ਖ਼ਾਤਿਆਂ ਵਿਚ ਟਰਾਂਸਫਰ ਕੀਤੇ ਜਾਣਗੇ। ਮੁੱਖ ਮੰਤਰੀ ਡਾ. ਯਾਦਵ ਮੰਡਲਾ ਜ਼ਿਲ੍ਹੇ ਦੇ ਪਿੰਡ ਟਿਕਰਾਵਾੜਾ ਤੋਂ ਲਾਭਪਾਤਰੀ ਔਰਤਾਂ ਦੇ ਖਾਤਿਆਂ 'ਚ ਮੁੱਖ ਮੰਤਰੀ ਲਾਡਲੀ ਬਹਿਨਾ ਯੋਜਨਾ, ਸਮਾਜਿਕ ਸੁਰੱਖਿਆ ਪੈਨਸ਼ਨ ਯੋਜਨਾ ਅਤੇ ਸਿਲੰਡਰ ਰੀਫਿਲਿੰਗ ਯੋਜਨਾ ਦੀ ਰਕਮ ਟਰਾਂਸਫਰ ਕਰਨਗੇ।
ਮੁੱਖ ਮੰਤਰੀ ਸੂਬੇ ਦੀਆਂ 1 ਕਰੋੜ 27 ਲੱਖ ਲਾਭਪਾਤਰੀ ਔਰਤਾਂ ਦੇ ਖਾਤਿਆਂ 'ਚ 1552 ਕਰੋੜ 38 ਲੱਖ ਰੁਪਏ ਦੀ ਅਪ੍ਰੈਲ ਦੀ ਕਿਸ਼ਤ ਟਰਾਂਸਫਰ ਕਰਨਗੇ। ਇਹ 'ਲਾਡਲੀਆਂ ਭੈਣਾਂ' ਨੂੰ ਮਿਲਣ ਵਾਲੀ 23ਵੀਂ ਕਿਸ਼ਤ ਹੈ। ਇਸ ਯੋਜਨਾ ਤਹਿਤ ਹਰ ਮਹੀਨੇ ਹਰੇਕ ਲਾਭਪਾਤਰੀ ਦੇ ਖਾਤਿਆਂ ਵਿਚ 1250 ਰੁਪਏ ਦੀ ਰਕਮ ਟਰਾਂਸਫਰ ਕੀਤੀ ਜਾਂਦੀ ਹੈ। ਇਸ ਮੌਕੇ ਮੁੱਖ ਮੰਤਰੀ 56 ਲੱਖ 68 ਹਜ਼ਾਰ ਸਮਾਜਿਕ ਸੁਰੱਖਿਆ ਪੈਨਸ਼ਨ ਲਾਭਪਾਤਰੀਆਂ ਦੇ ਖਾਤਿਆਂ 'ਚ 340 ਕਰੋੜ ਰੁਪਏ ਦੀ ਰਕਮ ਟਰਾਂਸਫਰ ਕਰਨਗੇ।
ਮੁੱਖ ਮੰਤਰੀ ਇਕ ਕਲਿੱਕ ਨਾਲ 25 ਲੱਖ ਤੋਂ ਵੱਧ ਭੈਣਾਂ ਦੇ ਖਾਤਿਆਂ ਵਿਚ ਸਿਲੰਡਰ ਰੀਫਿਲਿੰਗ ਲਈ 57 ਕਰੋੜ ਰੁਪਏ ਦੀ ਰਕਮ ਵੀ ਭੇਜਣਗੇ। ਪ੍ਰੋਗਰਾਮ ਵਿਚ ਮੁੱਖ ਮੰਤਰੀ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਣਗੇ। ਉਹ ਸਮੂਹਿਕ ਵਿਆਹ-ਨਿਕਾਹ ਪ੍ਰੋਗਰਾਮ ਵਿਚ ਹਿੱਸਾ ਲੈਣਗੇ।