ਇਨ੍ਹਾਂ 4 ਕੰਮਾਂ ਦੇ ਬਿਨਾਂ ਔਰਤਾਂ ਨੂੰ ਨਹੀਂ ਮਿਲਣਗੇ 2100 ਰੁਪਏ
Thursday, Apr 03, 2025 - 01:37 PM (IST)

ਚੰਡੀਗੜ੍ਹ- ਹਰਿਆਣਾ ਦੀਆਂ ਔਰਤਾਂ ਲਈ 'ਲਾਡੋ ਲਕਸ਼ਮੀ ਯੋਜਨਾ' ਜਲਦੀ ਹੀ ਸੂਬੇ ਵਿਚ ਸ਼ੁਰੂ ਹੋਣ ਜਾ ਰਹੀ ਹੈ। 'ਲਾਡੋ ਲਕਸ਼ਮੀ ਯੋਜਨਾ' ਤਹਿਤ ਹਰਿਆਣਾ ਦੀਆਂ ਉਨ੍ਹਾਂ ਔਰਤਾਂ ਨੂੰ ਹਰ ਮਹੀਨੇ ਆਰਥਿਕ ਮਦਦ ਦਿੱਤੀ ਜਾਵੇਗੀ, ਜੋ ਗਰੀਬੀ ਰੇਖਾ ਤੋਂ ਹੇਠਾਂ ਜ਼ਿੰਦਗੀ ਬਤੀਤ ਕਰਨ ਨੂੰ ਮਜ਼ਬੂਰ ਹਨ। ਇਸ ਯੋਜਨਾ ਤਹਿਤ BPL ਸ਼੍ਰੇਣੀ ਵਿਚ ਆਉਣ ਵਾਲੀਆਂ ਔਰਤਾਂ ਨੂੰ ਹਰ ਮਹੀਨੇ 2100 ਰੁਪਏ ਦਿੱਤੇ ਜਾਣਗੇ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਲੋਂ ਐਲਾਨੇ ਲਾਡੋ ਲਕਸ਼ਮੀ ਯੋਜਨਾ ਜਲਦ ਹੀ ਸੂਬੇ ਵਿਚ ਸ਼ੁਰੂ ਹੋਣ ਜਾ ਰਹੀ ਹੈ। ਹਾਲਾਂਕਿ ਅਜੇ ਤੱਕ ਲਾਡੋ ਲਕਸ਼ਮੀ ਯੋਜਨਾ ਦਾ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਹੈ। ਜੇਕਰ ਤੁਹਾਨੂੰ ਵੀ ਇਸ ਯੋਜਨਾ ਤਹਿਤ ਹਰ ਮਹੀਨੇ 2100 ਰੁਪਏ ਆਪਣੇ ਖ਼ਾਤੇ ਵਿਚ ਚਾਹੀਦੇ ਹਨ ਤਾਂ ਕੁਝ ਕੰਮ ਤੁਰੰਤ ਹੀ ਕਰ ਲਓ ਤਾਂ ਕਿ ਯੋਜਨਾ ਲਈ ਜਿਵੇਂ ਹੀ ਫਾਰਮ ਭਰਨੇ ਸ਼ੁਰੂ ਹੋ ਤਾਂ ਤੁਹਾਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਆਵੇ।
ਅੰਤੋਦਿਆ ਸਰਲ ਪੋਰਟਲ 'ਤੇ ਰਜਿਸਟ੍ਰੇਸ਼ਨ
ਜੇਕਰ ਤੁਸੀਂ ਅਜੇ ਤੱਕ ਹਰਿਆਣਾ ਸਰਕਾਰ ਦੇ ਅੰਤੋਦਿਆ ਪੋਰਟਲ 'ਤੇ ਰਜਿਸਟਰ ਨਹੀਂ ਕੀਤਾ ਹੈ, ਤਾਂ ਹੁਣ ਦੇਰ ਨਾ ਕਰੋ। ਇਹ ਕੰਮ ਤੁਹਾਨੂੰ ਜਲਦ ਕਰ ਲੈਣਾ ਚਾਹੀਦਾ ਹੈ। ਇਸ ਲਈ ਤੁਹਾਨੂੰ ਅਧਿਕਾਰਤ ਪੋਰਟਲ 'ਤੇ ਜਾਣਾ ਹੋਵੇਗਾ ਅਤੇ ਨਿਊ ਯੂਜ਼ਰ 'ਤੇ ਕਲਿੱਕ ਕਰਨਾ ਹੋਵੇਗਾ। ਤੁਹਾਨੂੰ ਇੱਥੇ ਰਜਿਸਟ੍ਰੇਸ਼ਨ 'ਤੇ ਕਲਿੱਕ ਕਰਨਾ ਹੋਵੇਗਾ। ਇਸ ਵਿਚ ਤੁਹਾਨੂੰ ਆਪਣਾ ਨਾਮ, ਈ-ਮੇਲ ਆਈਡੀ, ਮੋਬਾਈਲ ਨੰਬਰ ਦਰਜ ਕਰਨਾ ਹੋਵੇਗਾ ਅਤੇ ਨਵਾਂ ਪਾਸਵਰਡ ਬਣਾਉਣਾ ਹੋਵੇਗਾ।
BPL ਕਾਰਡ ਦਾ ਹੋਣਾ ਜ਼ਰੂਰੀ
ਜੇਕਰ ਤੁਸੀਂ ਹਰਿਆਣਾ ਦੀ ਸਥਾਈ ਨਾਗਰਿਕ ਹੋ ਅਤੇ ਪਰਿਵਾਰ ਦਾ ਸਾਲਾਨਾ ਆਮਦਨ 1,80,000 ਰੁਪਏ ਤੋਂ ਘੱਟ ਹੈ ਤਾਂ ਤੁਸੀਂ ਗਰੀਬੀ ਰੇਖਾਂ ਤੋ ਹੇਠਾਂ (BPL) ਸ਼੍ਰੇਣੀ ਵਿਚ ਆਓਗੇ। ਹਾਲਾਂਕਿ ਜੇਕਰ ਤੁਸੀਂ ਅਜੇ ਤੱਕ BPL ਕਾਰਡ ਨਹੀਂ ਬਣਵਾਇਆ ਹੈ ਤਾਂ ਲਾਡੋ ਲਕਸ਼ਮੀ ਯੋਜਨਾ ਲਈ ਅਪਲਾਈ ਨਹੀਂ ਕਰ ਸਕੋਗੇ। ਇਸ ਲਈ ਇਹ ਕੰਮ ਤੁਰੰਤ ਕਰਵਾ ਲਓ। BPL ਵਿਚ ਰਜਿਸਟ੍ਰੇਸ਼ਨ ਲਈ ਪਹਿਲਾਂ ਤੁਹਾਨੂੰ ਯੂਜ਼ਰ ਆਈਡੀ ਅਤੇ ਪਾਸਵਰਡ ਰਾਹੀਂ ਅੰਤੋਦਿਆ ਸਰਲ ਪੋਰਟਲ 'ਤੇ ਲੌਗਇਨ ਕਰਨਾ ਹੋਵੇਗਾ। ਇਸ ਤੋਂ ਬਾਅਦ ਇਕ ਫਾਰਮ ਖੁੱਲ੍ਹੇਗਾ, ਜਿਸ ਵਿਚ ਤੁਹਾਨੂੰ ਸਾਰੀ ਲੋੜੀਂਦੀ ਜਾਣਕਾਰੀ ਭਰ ਕੇ ਜਮ੍ਹਾਂ ਕਰਾਉਣੀ ਹੋਵੇਗੀ। ਤਸਦੀਕ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਤੁਹਾਡਾ BPL ਕਾਰਡ ਜਾਰੀ ਕੀਤਾ ਜਾਵੇਗਾ।
ਪਰਿਵਾਰ ਪਛਾਣ ਪੱਤਰ
ਹਰਿਆਣਾ ਵਿਚ ਕਿਸੇ ਵੀ ਸੇਵਾ ਜਾਂ ਯੋਜਨਾ ਦਾ ਲਾਭ ਚੁੱਕਣ ਲਈ ਪਰਿਵਾਰ ਪਛਾਣ ਪੱਤਰ (PPP) ਹੋਣਾ ਜ਼ਰੂਰੀ ਹੈ। ਜੇਕਰ ਅਜੇ ਤੱਕ ਵੀ ਤੁਹਾਡਾ ਪਰਿਵਾਰ ਪਛਾਣ ਪੱਤਰ ਨਹੀਂ ਬਣਿਆ ਹੈ ਤਾਂ ਨੇੜੇ ਦੇ ਕਾਮਨ ਸਰਵਿਸ ਸੈਂਟਰ, ਸਰਲ ਕੇਂਦਰ ਜਾਂ PPP ਆਪਰੇਟਰ ਕੋਲ ਜਾ ਕੇ ਬਣਵਾ ਸਕਦੇ ਹੋ। ਤੁਹਾਨੂੰ ਆਪਣੇ ਨਾਲ ਆਧਾਰ ਕਾਰਡ ਅਤੇ ਹਰਿਆਣਾ ਦੀ ਨਾਗਰਿਕਤਾਂ ਦਾ ਸਰਟੀਫਿਕੇਟ ਲੈ ਕੇ ਜਾਣਾ ਹੋਵੇਗਾ।
ਆਧਾਰ ਕਾਰਡ ਨਾਲ ਬੈਂਕ ਖਾਤਾ ਲਿੰਕ
ਇਸ ਯੋਜਨਾ ਤਹਿਤ ਪੈਸਾ ਸਿੱਧੇ ਬੈਂਕ ਖਾਤੇ ਵਿਚ ਟਰਾਂਸਫਰ ਹੋਵੇਗਾ। ਅਜਿਹੇ ਵਿਚ ਜੇਕਰ ਪਰਿਵਾਰ ਦੀ ਪਾਤਰ ਮਹਿਲਾ ਦਾ ਬੈਂਕ ਖਾਤਾ ਉਨ੍ਹਾਂ ਦੇ ਆਧਾਰ ਕਾਰਡ ਨਾਲ ਲਿੰਕ ਨਹੀਂ ਹੈ ਤਾਂ ਪੈਸਾ ਨਹੀਂ ਆਵੇਗਾ। ਇਸ ਲਈ ਨੇੜੇ ਦੇ ਬੈਂਕ ਜਾ ਕੇ ਬੈਂਕ ਖਾਤੇ ਨੂੰ ਆਧਾਰ ਕਾਰਡ ਨਾਲ ਜ਼ਰੂਰ ਲਿੰਕ ਕਰਵਾਓ।