ਬਿਹਾਰ ਨੂੰ ਮਿਲੇ ਰਿਕਾਰਡ 1.8 ਲੱਖ ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵ
Saturday, Dec 21, 2024 - 12:53 AM (IST)
ਪਟਨਾ, (ਭਾਸ਼ਾ)– ਬਿਹਾਰ ਨਿਵੇਸ਼ਕ ਸੰਮੇਲਨ ਦੇ ਦੂਜੇ ਸੈਸ਼ਨ ’ਚ ਸਨ ਪੈਟ੍ਰੋਕੈਮੀਕਲਜ਼ ਅਤੇ ਅਡਾਣੀ ਗਰੁੱਪ ਸਮੇਤ ਵੱਖ-ਵੱਖ ਉਦਯੋਗਿਕ ਘਰਾਨਿਆਂ ਤੋਂ ਰਿਕਾਰਡ 1.8 ਲੱਖ ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵ ਮਿਲੇ ਹਨ। ਬਿਹਾਰ ’ਚ ਪਿਛਲੇ ਸਾਲ ਆਯੋਜਿਤ ਸੰਮੇਲਨ ਦੇ ਪਹਿਲੇ ਸੈਸ਼ਨ ਦੇ ਮੁਕਾਬਲੇ ’ਚ ਇਹ ਰਕਮ 3 ਗੁਣਾ ਵੱਧ ਹੈ।
‘ਬਿਹਾਰ ਬਿਜ਼ਨੈੱਸ ਕਨੈਕਟ’ 2024 ਨਿਵੇਸ਼ਕ ਸਿਖਰ ਸੰਮੇਲਨ ਦੇ ਅੰਤ ’ਚ ਪ੍ਰਾਪਤ ਨਿਵੇਸ਼ ਪ੍ਰਸਤਾਵਾਂ ਦਾ ਐਲਾਨ ਕਰਦੇ ਹੋਏ ਉਦਯੋਗ ਅਤੇ ਸੈਰ-ਸਪਾਟਾ ਮੰਤਰੀ ਨਿਤੀਸ਼ ਮਿਸ਼ਰਾ ਨੇ ਕਿਹਾ ਕਿ 1.8 ਲੱਖ ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਲਈ ਕਈ ਸਮਝੌਤਾ ਪੱਤਰਾਂ (ਐੱਮ. ਓ. ਯੂ.) ’ਤੇ ਹਸਤਾਖਰ ਕੀਤੇ ਗਏ ਹਨ।
ਸਨ ਪੈਟ੍ਰੋਕੈਮੀਕਲਜ਼, ਪੰਪ ਹਾਈਡ੍ਰੋ ਅਤੇ ਸੋਲਰ ਪਲਾਂਟ ਸਮੇਤ ਅਕਸ਼ੈ ਊਰਜਾ ’ਚ 36,700 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਅਡਾਣੀ ਗਰੁੱਪ ਅਲਟ੍ਰਾ-ਸੁਪਰਕ੍ਰਿਟੀਕਲ ਥਰਮਲ ਪਾਵਰ ਪਲਾਂਟ ਦੀ ਸਥਾਪਨਾ ’ਚ 20,000 ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਤੋਂ ਇਲਾਵਾ ਗਰੁੱਪ ਨੇ ਸੀਮੈਂਟ ਸਮਰੱਥਾ ਦੇ ਵਿਸਤਾਰ ਦੇ ਨਾਲ-ਨਾਲ ਗੋਦਾਮ ਤੇ ਲਾਜਿਸਟਿਕਸ ਖੇਤਰ ’ਚ ਵੀ ਨਿਵੇਸ਼ ਦਾ ਐਲਾਨ ਕੀਤਾ ਹੈ।
‘ਬਿਹਾਰ ਬਿਜ਼ਨੈੱਸ ਕਨੈਕਟ’ 2024 ’ਚ ਐੱਨ. ਐੱਚ. ਪੀ. ਸੀ. ਨੇ ਨਵਿਆਉਣਯੋਗ ਊਰਜਾ ਖੇਤ ਲਈ 5,500 ਕਰੋੜ ਰੁਪਏ, ਐੱਸ. ਐੱਲ. ਐੱਮ. ਜੀ. ਬੈਵਰੇਜਿਜ਼ ਨੇ ਖੁਰਾਕ ਪ੍ਰੋਸੈਸਿੰਗ ਖੇਤਰ ਲਈ 3,000 ਕਰੋੜ ਰੁਪਏ, ਸ਼੍ਰੀ ਸੀਮੈਂਟਸ ਨੇ ਆਮ ਵਿਨਿਰਮਾਣ ਸ਼੍ਰੇਣੀ ’ਚ 800 ਕਰੋੜ ਰੁਪਏ ਅਤੇ ਹਲਦੀਰਾਮ ਸਨੈਕਸ ਪ੍ਰਾਈਵੇਟ ਲਿਮਟਿਡ ਨੇ ਖੁਰਾਕ ਪ੍ਰੋਸੈਸਿੰਗ ਖੇਤਰ ਲਈ 300 ਕਰੋੜ ਰੁਪਏ ਦੇ ਸਮਝੌਤਾ ਪੱਤਰ ’ਤੇ ਹਸਤਾਖਰ ਕੀਤੇ ਹਨ।