ਰੋਟੀ ਨਹੀਂ ਬਣੀ ਗੋਲ ਤਾਂ ਭਰਾ ਨੇ ਭੈਣ ਨੂੰ ਮਾਰੀ ਗੋਲੀ
Tuesday, Sep 03, 2019 - 12:19 PM (IST)

ਉੱਤਰ ਪ੍ਰਦੇਸ਼— ਉੱਤਰ ਪ੍ਰਦੇਸ਼ ਦੇ ਲਖੀਮਪੁਰੀ ਖੀਰੀ ਦੇ ਮੁਹੰਮਦੀ 'ਚ ਇਕ ਭਰਾ ਨੇ ਆਪਣੀ ਭੈਣ ਨੂੰ ਸਿਰਫ਼ ਇਸ ਲਈ ਗੋਲੀ ਮਾਰ ਦਿੱਤੀ, ਕਿਉਂਕਿ ਉਸ ਨੇ ਰੋਟੀ ਗੋਲ ਨਹੀਂ ਬਣਾਈ ਸੀ। ਮਾਮਲਾ ਲਖੀਮਪੁਰ ਖੀਰੀ ਦੇ ਮੁਹੰਮਦੀ ਕੋਤਵਾਲੀ ਦੇ ਬਰਖੇੜਾ ਪਿੰਡ ਦਾ ਹੈ। ਜਿੱਥੇ 2 ਦਿਨ ਪਹਿਲਾਂ ਆਪਣੇ ਸਹੁਰੇ ਪਰਿਵਾਰ ਤੋਂ ਪੇਕੇ ਆਈ ਸੁਮਨ ਨੂੰ ਕੀ ਪਤਾ ਸੀ ਕਿ ਉਸ ਦਾ ਚਚੇਰਾ ਭਰਾ ਸੋਨੂੰ ਹੀ ਉਸ ਨੂੰ ਰੋਟੀ ਗੋਲ ਨਾ ਬਣਾਉਣ ਕਾਰਨ ਗੋਲੀ ਮਾਰ ਦੇਵੇਗਾ।
ਇਕ ਸਾਲ ਪਹਿਲਾਂ ਹੋਇਆ ਸੀ ਸੁਮਨ ਦਾ ਵਿਆਹ
ਮ੍ਰਿਤਕ ਸੁਮਨ ਦੇ ਪਿਤਾ ਦੀ ਮੌਤ ਕੁਝ ਸਾਲ ਪਹਿਲਾਂ ਹੋ ਚੁਕੀ ਸੀ। ਸੁਮਨ ਦਾ ਕੋਈ ਸਕਾ ਭਰਾ ਨਹੀਂ ਸੀ। ਸੁਮਨ ਆਪਣੇ ਚਚੇਰੇ ਭਰਾ ਸੋਨੂੰ ਨੂੰ ਆਪਣੇ ਸਕੇ ਭਰਾ ਤੋਂ ਵਧ ਕੇ ਮੰਨਦੀ ਸੀ। ਇਕ ਸਾਲ ਪਹਿਲਾਂ ਸੁਮਨ ਦਾ ਵਿਆਹ ਹੋਇਆ ਸੀ। ਘਟਨਾ ਦੇ ਸਮੇਂ ਰਾਤ ਨੂੰ ਸੋਨੂੰ ਨੇ ਸ਼ਰਾਬ ਦੇ ਨਸ਼ੇ 'ਚ ਆਪਣੀ ਭੈਣ ਨਾਲ ਰੋਟੀ ਗੋਲ ਨਾ ਬਣਾਉਣ ਕਾਰਨ ਝਗੜਾ ਕੀਤਾ। ਇਸ ਤੋਂ ਬਾਅਦ ਪਿਤਾ ਦੀ ਲਾਇਸੈਂਸੀ ਬੰਦੂਕ ਨਾਲ ਸੁਮਨ ਦੇ ਸਿਰ 'ਚ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਭਰਾ ਮੌਕੇ 'ਤੇ ਫਰਾਰ ਹੋ ਗਿਆ। ਇਸ ਕਤਲਕਾਂਡ ਨਾਲ ਪਿੰਡ 'ਚ ਸਨਸਨੀ ਫੈਲ ਗਈ। ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪਿੰਡ ਦੇ ਲੋਕ ਵਿਸ਼ਵਾਸ ਹੀ ਨਹੀਂ ਕਰ ਪਾ ਰਹੇ ਸਨ ਕਿ ਸੋਨੂੰ ਆਪਣੀ ਭੈਣ ਸੁਮਨ ਨੂੰ ਗੋਲੀ ਮਾਰ ਦੇਵੇਗਾ।
ਗੋਲੀ ਮਾਰ ਤੋਂ ਬਾਅਦ ਭਰਾ ਹੋਇਆ ਫਰਾਰ
ਮਾਮਲੇ 'ਚ ਮੁਹੰਮਦੀ ਦੇ ਇੰਸਪੈਕਟਰ ਸੰਜੇ ਤਿਆਗੀ ਨੇ ਕਿਹਾ ਕਿ ਸੁਮਨ ਸਿੰਘ ਦੀ ਉਸ ਦੇ ਚਚੇਰੇ ਭਰਾ ਵਲੋਂ ਖਾਣਾ ਚੰਗਾ ਨਾ ਬਣਾਉਣ ਨੂੰ ਲੈ ਕੇ ਕਹਾਸੁਣੀ ਹੋਈ ਸੀ। ਇਸ ਤੋਂ ਬਾਅਦ ਭਰਾ ਨੇ ਲਾਇਸੈਂਸੀ ਬੰਦੂਕ ਨਾਲ ਸਿਰ 'ਤੇ ਗੋਲੀ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਕੇ 'ਤੇ ਮੌਤ ਹੋ ਗਈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਉੱਥੇ ਹੀ ਗੋਲੀ ਮਾਰ ਕੇ ਫਰਾਰ ਹੋ ਗਏ ਸੋਨੂੰ ਸਿੰਘ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।