ਕੋਰੋਨਾ ਦਾ ਖ਼ੌਫ਼ : ਦਿੱਲੀ 'ਚ ਰੋਹਿਣੀ ਕੋਰਟ ਦੇ ਜੱਜ 'ਕੋਰੋਨਾ' ਪਾਜ਼ੇਟਿਵ

06/03/2020 12:42:06 PM

ਨਵੀਂ ਦਿੱਲੀ— ਕੋਰੋਨਾ ਵਾਇਰਸ ਦਾ ਕਹਿਰ ਦੇਸ਼ 'ਚ ਦਿਨੋਂ-ਦਿਨ ਵੱਧਦਾ ਹੀ ਜਾ ਰਿਹਾ ਹੈ। ਦਿੱਲੀ ਵਿਚ ਵੀ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਤੇਜ਼ੀ ਨਾਲ ਇਜ਼ਾਫ਼ਾ ਹੋ ਰਿਹਾ ਹੈ। ਇੱਥੋਂ ਦੀ ਰੋਹਿਣੀ ਕੋਰਟ ਦੇ ਇਕ ਜੱਜ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਜੱਜ ਦੀ ਪਤਨੀ ਦੀ ਵੀ ਰਿਪੋਰਟ ਹਾਲ ਹੀ 'ਚ ਕੋਰੋਨਾ ਪਾਜ਼ੇਟਿਵ ਆਈ ਸੀ। ਕੋਰੋਨਾ ਪਾਜ਼ੇਟਿਵ ਜਾਂਚ ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਜੱਜ ਨੇ ਖੁਦ ਨੂੰ ਇਕਾਂਤਵਾਸ ਕਰ ਲਿਆ ਹੈ। ਰੋਹਿਣੀ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਇਹ ਜਾਣਕਾਰੀ ਦਿੱਤੀ। 

ਐਸੋਸੀਏਸ਼ਨ ਦੇ ਪ੍ਰਧਾਨ ਮਹਾਵੀਰ ਸਿੰਘ ਸ਼ਰਮਾ ਨੇ ਦੱਸਿਆ ਕਿ ਪਹਿਲਾਂ ਜੱਜ ਦੀ ਪਤਨੀ ਕੋਵਿਡ-19 ਨਾਲ ਪੀੜਤ ਸੀ। ਜੱਜ ਦੀ ਪਤਨੀ ਵੀ ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਇਕਾਂਤਵਾਸ ਹੈ। ਰੋਹਿਣੀ ਕੋਰਟ ਕੰਪਲੈਕਸ ਵਿਚ ਕੋਰੋਨਾ ਪ੍ਰੋਟੋਕਾਲ ਦਾ ਪਾਲਣ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਰਾਜਧਾਨੀ ਦਿੱਲੀ ਵਿਚ ਸਰਕਾਰੀ ਕਾਮਿਆਂ ਅਤੇ ਅਧਿਕਾਰੀਆਂ ਦੇ ਪਾਜ਼ੇਟਿਵ ਹੋਣ ਦੀਆਂ ਖ਼ਬਰਾਂ ਹਰ ਦਿਨ ਸਾਹਮਣੇ ਆ ਰਹੀਆਂ ਹਨ।  

ਦੱਸਣਯੋਗ ਹੈ ਕਿ ਦਿੱਲੀ ਵਿਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਕੋਰੋਨਾ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਇਜ਼ਾਫ਼ਾ ਹੋ ਰਿਹਾ ਹੈ। ਦਿੱਲੀ ਵਿਚ ਮੰਗਲਵਾਰ ਨੂੰ ਕੁੱਲ 1298 ਨਵੇਂ  ਮਾਮਲੇ ਸਾਹਮਣੇ ਆਏ ਹਨ। ਦਿੱਲੀ ਵਿਚ ਕੋਰੋਨਾ ਦੇ ਕੁੱਲ ਮਾਮਲੇ ਵੱਧ ਕੇ 22,132 ਹੋ ਗਏ ਹਨ। ਦਿੱਲੀ ਸਰਕਾਰ ਦੇ  ਸਿਹਤ ਖ਼ਬਰਨਾਮੇ ਮੁਤਾਬਕ ਕੁੱਲ 556 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦਿੱਲੀ ਵਿਚ ਕੋਰੋਨਾ ਵਾਇਰਸ ਨਾਲ ਠੀਕ ਹੋ ਚੁੱਕੇ ਮਰੀਜ਼ਾਂ ਦੀ ਗਿਣਤੀ 9,243 ਹੋ ਗਈ ਹੈ, ਉੱਥੇ ਹੀ 12,573 ਮਾਮਲੇ ਦਿੱਲੀ 'ਚ ਸਰਗਰਮ ਹਨ। ਜੇਕਰ ਗੱਲ ਪੂਰੇ ਦੇਸ਼ ਦੀ ਕੀਤੀ ਜਾਵੇ ਤਾਂ ਹੁਣ ਤੱਕ ਦੇਸ਼ ਵਿਚ 2,07,615 ਮਾਮਲੇ ਹੋ ਚੁੱਕੇ ਹਨ।


manju bala

Content Editor

Related News